ਵਿਦਿਆਰਥੀਆਂ ਵੱਲੋਂ ਮੁੱਖ ਗੇਟ ਅੱਗੇ ਧਰਨਾ
ਅਸ਼ੋਕ ਵਰਮਾ
ਬਠਿੰਡਾ,12ਅਗਸਤ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਓਣ ’ਚ ਫੀਸਾਂ ਦੇ ਮਾਮਲੇ ਨੂੰ ਲੈਕੇ ਰੱਫੜ ਖੜਾ ਹੋ ਗਿਆ ਹੈ। ਅੱਜ ਵਿਦਿਆਰਥੀਆਂ ਨੇ ਫੀਸਾਂ ਦੀ ਕਥਿਤ ਵਸੂਲੀ ਨੂੰ ਲੈਕੇ ਇਸ ਸੰਸਥਾ ਦੇ ਮੁੱਖੇ ਗੇਟ ਤੇ ਧਰਨਾ ਦਿੱਤਾ। ਇਸ ਸੰਘਰਸ਼ ਨੂੰ ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ,ਬੀਕੇਯੂ ਸਿੱਧੂਪਰ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਹਮਾਇਤ ਕੀਤੀ। ਇਸ ਮੌਕੇ ਵਿਦਿਆਰਥੀਆਂ ਅਤੇ ਹਮਾਇਤ ’ਚ ਆਈਆਂ ਸੰਸਥਾਵਾਂ ਨੇ ਜੋਰਦਾਰ ਨਾਅਰੇਬਾਜੀ ਕੀਤੀ। ਸੰੰਘਰਸੀ ਧਿਰਾਂ ਵੱਲੋਂ ਪ੍ਰਬੰਧਕਾਂ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਧਰਨਾ ਦੇ ਰਹੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਸੰਸਥਾ ਨੇ ਉਨਾਂ ਨੂੰ ਕਥਿਤ ਤੂਰ ਤੇ ਮੋਟੀਆਂ ਫੀਸਾਂ ਜਮਾਂ ਕਰਵਾਉਣ ਦੇ ਹੁਕਮ ਚਾੜ ਦਿੱਤੇ ਹਨ ਜਿੰਨਾਂ ਨੂੰ ਅਦਾ ਕਰਨਾ ਉਨਾਂ ਲਈ ਮੁਸ਼ਕਲ ਹੈ। ਉਨਾਂ ਆਖਿਆ ਕਿ ਵਿਦਿਆਰਥੀ ਜਾਇਜ ਫੀਸਾਂ ਹਰ ਸਮੇਂ ਅਦਾ ਕਰਨ ਨੂੰ ਤਿਆਰ ਹਨ ਪਰ ਬੇਲੋੜੀਆਂ ਮੁਸ਼ਕਲ ਹਨ।
ਉਨਾਂ ਆਖਿਆ ਕਿ ਕਰੋਨਾ ਵਾਇਰਸ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਕਰੋਨਾ ਵਾਇਰਸ ਦੇ ਸੰਕਟ ਕਾਰਨ ਵਿੱਦਿਅਕ ਅਦਾਰੇ ਬੰਦ ਹਨ ਫਿਰ ਵੀ ਇਸ ਤਰਾਂ ਦਾ ਵਤੀਰਾ ਕਿੱਥੋਂ ਤੱਕ ਜਾਇਜ ਹੈ ਸਮਝੋਂ ਬਾਹਰ ਹੈ। ਉਨਾਂ ਆਖਿਆ ਕਿ ਟਿਊਸ਼ਨ ਫੀਸ ਦੀ ਵਸੂਲੀ ਨੂੰ ਤਾਂ ਉਹ ਜਾਇਜ਼ ਸਮਝਦੇ ਹਨ ਪਰ ਜਦੋਂ ਬੱਸਾਂ ਚਲਾਈਆਂ ਹੀ ਨਹੀਂ ਗਈਆਂ ਤਾਂ ਉਨਾਂ ਦਾ ਖਰਚਾ ਮੰਗਣਾ ਪੂਰੀ ਤਰਾਂ ਧੱਕੇਸ਼ਾਹੀ ਅਤੇ ਹੋਰ ਬੇਲੋੜੇ ਖਰਚੇ ਵਸੂਲਣੇ ਗ਼ੈਰ-ਵਾਜਿਬ ਹਨ। ਵਿਦਿਆਰਥੀਆਂ ਨੇ ਕਿਹਾ ਕਿ ਇਸ ਤੋਂ ਵੀ ਮਹੱਤਵਪੂਰਨ ਮਾਮਲਾ ਫੀਸਾਂ ਅਦਾ ਕਰਨ ਤੋਂ ਅਸਮਰੱਥ ਵਿਦਿਆਰਥੀਆਂ ਵੱਲੋਂ ਅਦਾਰਾ ਛੱਡਣ ਲਈ ਮੰਗੇ ਜਾ ਰਹੇ ਸਰਟੀਫਿਕੇਟਾਂ ਦਾ ਹੈ ਜਿਸ ਲਈ ਅਦਾਰਾ ਕਥਿਤ ਮੋਟੀ ਫੀਸ਼ ਰਾਸ਼ੀ ਜੁਰਮਾਨੇ ਸਮੇਤ ਮੰਗ ਰਿਹਾ ਹੈ। ਉਨਾਂ ਆਖਿਆ ਕਿ ਵਿਦਿਆਰਥੀ ਇਸ ਮਾਮਲੇ ’ਚ ਜਾਇਜ ਅਦਾਇਗੀ ਕਰਨ ਨੂੰ ਤਿਆਰ ਹਨ ਪਰ ਕਥਿਤ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਬੀਕੇਯੂ ਸਿੱਧ੍ਤ੍ਚਪੁਰ ਦੇ ਆਗੂ ਤੇ ਪਿੰਡ ਦਿਉਣ ਵਾਸੀ ਰਾਮ ਸਿੰਘ ਦਿਉਣ ਦਾ ਕਹਿਣਾ ਸੀ ਕਿ ਅਦਾਰੇ ਵੱਲੋਂ ਸੰਕਟ ਦੇ ਸਮੇਂ ’ਚ ਅਜਿਹਾ ਵਤੀਰਾ ਪੂਰੀ ਤਰਾਂ ਗੈਰਸੰਵੇਦਨਸ਼ੀਲ ਹੈ। ਉਨਾਂ ਆਖਿਆ ਕਿ ਸਧਾਰਨ ਘਰਾਂ ਨੂੰ ਤਾਂ ਰੋਟੀ ਦੇ ਲਾਲੇ ਪੈਣ ਵਾਲੀ ਸਥਿਤੀ ਬਣਦੀ ਜਾ ਰਹੀ ਹੈ ਅਤੇ ਕਥਿਤ ਨਜਾਇਜ ਫੀਸਾਂ ਉਨਾਂ ਦਾ ਗਲਾ ਘੁੱਟਣ ਬਰਾਬਰ ਹੈ। ਉਨਾਂ ਆਖਿਆ ਕਿ ਮਾਲਕਾਂ ਦੀ ਪ੍ਰਸ਼ਾਸਨ ਅਤੇ ਸਰਕਾਰ ਤੱਕ ਕਥਿਤ ਪਹੁੰਚ ਹੈ ਜੋ ਮਸਲਾ ਹੱਲ ਕਰਨ ‘ਚ ਆੜੇ ਆ ਰਹੀ ਹੈ।
ਬੀਕੇਯੂ ਉਗਰਾਹਾਂ ਦੇ ਸੀਨੀਅਰ ਆਗੂ ਅਮਰੀਕ ਸਿੰਘ ਸਿਵੀਆਂ ਨੇ ਕਿਹਾ ਕਿ ਸਿੱਖਿਆ ਅਦਾਰਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਮੁਸ਼ਕਿਲ ਸਮੇਂ ਵਿੱਚ ਦਰਿਆਦਿਲੀ ਦਿਖਾਉਣ। ਉਨਾਂ ਆਖਿਆ ਕਿ ਜੱਥੇਬੰਦੀ ਵਿਅਿਾਰਥੀਆਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰੇਗੀ।ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਦਾ ਕਹਿਣਾ ਸੀ ਕਿ ਅਜੋਕੇ ਸੰਕਟ ਦੌਰਾਨ ਇਸ ਤਰਾਂ ਕਥਿਤ ਨਜਾਇਜ ਫੀਸਾਂ ਦੀ ਮੰਗ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਕਾਰਨ ਠੱਪ ਹੋਏ ਧੰਦਿਆਂ ਕਰਕੇ ਸਕੂਲੀ ਫੀਸਾਂ ਭਰਨੀਆਂ ਔਖੀਆਂ ਹਨ ।
ਏਬੀਵੀਪੀ ਵੱਲੋਂ ਸੰਘਰਸ਼ ਤੇਜ ਕਰਨ ਦੀ ਚਿਤਾਵਨੀ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸੁਖਦੀਪ ਸਿੰਘ ਖਹਿਰਾ ਨੇ ਮਾਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਕਥਿਤ ਲੁੱਟ ਕਰ ਰਿਹਾ ਹੈ। ਉਨਾਂ ਆਖਿਆ ਕਿ ਜੇਕਰ 14 ਅਗਸਤ ਤੱਕ ਵਿਦਿਆਰਥੀਆਂ ਦੀਆ ਮੰਗਾਂ ਨਹੀਂ ਮੰਨੀਆ ਜਾਂਦੀਆਂ ਤਾਂ ਏਵੀਬੀਪੀ ਵੱਡੇ ਪੱਧਰ ਤੇ ਅੰਦੋਲਨ ਕਰੇਗੀ। ਉਨਾਂ ਮੰਗ ਕੀਤੀ ਕਿ ਕਥਿਤ ਨਜਾਇਜ ਮਾਈਗ੍ਰੇਸ਼ਨ ਫੀਸ ਨਾਂ ਲਈ ਜਾਏ ਅਤੇ ਅਦਾਰਾ ਵਿਦਿਆਰਥੀਆਂ ਤੋਂ ਸਿਰਫ ਟਿਊਸ਼ਨ ਫੀਸ ਹੀ ਵਸੂਲੇ ਕਿਉਂਕਿ ਕਰੋਨਾ ਕਾਰਨ ਉਨਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਇਸ ਮੌਕੇ ਸੰਦੀਪ ਬਰਾੜ ,ਕਮਲ, ਮਨਰੀਤ ,ਜਸਕਰਨ ,ਪਵਨਪ੍ਰੀਤ ਭੁੱਲਰ, ਅਮਰ ਸਿੱਧੂ , ਝਿਰਮਲ ਸਿੰਘ ਅਤੇ ਏਬੀਵੀਪੀ ਦੇ ਜ਼ਿਲਾ ਆਗੂ ਸੌਰਵ ਬਾਂਸਲ ਹਾਜਰ ਸਨ।