ਮਹਿਲ ਕਲਾਂ 12 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਵਿੱਦਿਆ ਦੇ ਖੇਤਰ ਵਿੱਚ ਪਿਛਲੇ ਕਈ ਵਰਿਆਂ ਤੋਂ ਇੱਕ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ ਅਤੇ ਅੱਜ ਇਸ ਚਾਨਣ ਮੁਨਾਰੇ ਦੀ ਬੇਹਤਰੀਨ ਸੇਧ ਸਦਕਾ ਹੀ ਇਸ ਇਲਾਕੇ ਦੇ ਬਹੁਤ ਸਾਰੇ ਵਿਦਿਆਰਥੀ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਨਾ ਸਿਰਫ ਇਸ ਸਕੂਲ ਦਾ ਬਲਕਿ ਪੂਰੇ ਖੇਤਰ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਕਰਵਾ ਰਹੇ ਹਨ I ਸ਼ਾਇਦ ਇਹ ਕੋਈ ਅੱਤਕਥਨੀ ਨਹੀਂ ਹੋਵੇਗੀ ਕਿ ਇਸ ਵਿਦਿਅਕ ਸੰਸਥਾ ਨੇ ਇਸ ਇਲਾਕੇ ਨੂੰ ਵਿੱਦਿਆ ਦੇ ਖੇਤਰ ਵਿੱਚ ਉਹਨਾਂ ਬੁਲੰਦੀਆਂ ਉੱਤੇ ਪਹੁੰਚਾ ਦਿੱਤਾ ਹੈ ਜੋ ਸ਼ਾਇਦ ਕਦੇ ਇਥੋਂ ਦੇ ਨਿਵਾਸੀਆਂ ਦਾ ਇੱਕ ਸੁਪਨਾ ਸੀ I ਕਰੋਨਾ ਵਰਗੀ ਭਿਆਨਕ ਮਹਾਮਾਰੀ ਦੇ ਦੌਰ ਵਿੱਚ ਵੀ ਵਿਦਿਆਰਥੀਆਂ ਨੂੰ ਉੱਚ ਦਰਜ਼ੇ ਦੀ ਆਨਲਾਈਨ ਪੜਾਈ ਉਪਲਬਧ ਕਰਵਾ ਕੇ ਇਸ ਸੰਸਥਾ ਨੇ ਵਿਦਿਆਰਥੀਆਂ ਦੇ ਮਾਪਿਆਂ ਦੇ ਦਿਲਾਂ ਵਿੱਚ ਆਪਣੀ ਹੋਰ ਵੀ ਮਜਬੂਤ ਜਗ੍ਹਾ ਬਣਾ ਲਈ ਹੈ I ਕਹਿੰਦੇ ਹਨ ਕਿ ਔਖੀ ਘੜੀ ਵਿੱਚ ਵੀ ਕਦੇ ਨਹੁੰਆਂ ਨਾਲੋਂ ਮਾਸ ਅਲੱਗ ਨਹੀਂ ਹੁੰਦਾ ਅਤੇ ਇਸੇ ਕਥਨ ਨੂੰ ਸੱਚ ਕਰਦੇ ਹੋਏ, ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਦੇ ਨਾਲ ਇੱਕ ਸਕਾਰਾਤਮਕ ਸੋਚ ਪ੍ਰਦਾਨ ਕਰਦੇ ਹੋਏ ਅਤੇ ਜੀਵਨ ਹੁਨਰ ਸਿਖਾਉਂਦੇ ਹੋਏ ਇਸ ਸਕੂਲ ਨੇ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨਾਲ ਵੀ ਆਪਣੇ ਸੰਬੰਧਾਂ ਨੂੰ ਇੱਕ ਨਵੇਂ ਮੁਕਾਮ ਤੇ ਪਹੁੰਚਾਇਆ ਹੈ I ਪ੍ਰਿੰਸੀਪਲ ਮਿਸਜ਼ ਨਵਜੋਤ ਕੌਰ ਨੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਸਾਡੇ ਵਿਦਿਆਰਥੀਆਂ ਦੇ ਮਾਪਿਆਂ ਤੇ ਮਾਣ ਹੈ ਜੋ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਕੂਲ ਨਾਲ ਇਸ ਮੁਸ਼ਕਿਲ ਘੜੀ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਹਨ I ਉਹਨਾਂ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਇਹ ਸਕੂਲ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਹਰ ਪਲ ਯਤਨਸ਼ੀਲ ਹੈ ਅਤੇ ਹਮੇਸ਼ਾ ਰਹੇਗਾ ਅਤੇ ਇਸ ਭਿਅੰਕਰ ਮਹਾਮਾਰੀ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਸੰਬੰਧੀ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਅਤੇ ਕਰਦਾ ਰਹੇਗਾ I