19.4 C
United Kingdom
Wednesday, June 24, 2026

More

    ਜੰਮੂ-ਕਸ਼ਮੀਰ ’ਚ ਧਾਰਾ 370 ’ਤੇ 35ਏ ਦੇ ਖਾਤਮੇ ਦੀ ਵਰੇਗੰਢ ਮੌਕੇ ਪ੍ਰਦਰਸ਼ਨ

    ਅਸ਼ੋਕ ਵਰਮਾ
    ਬਠਿੰਡਾ,9 ਅਗਸਤ। ਸੂਬਾ ਕਮੇਟੀ ਦੇ ਸੱਦੇ ਤੇ ਅੱਜ ਜਮਹੂਰੀ ਅਧਿਕਾਰ ਸਭਾ ਨੇ ਕਸ਼ਮੀਰ ਚ ਧਾਰਾ 370 ਅਤੇ 35-ਏ ਦੇ ਖਾਤਮੇ ਦੀ ਵਰੇਗੰਢ ਮੌਕੇ ਇੱਕ ਰੋਸ ਪ੍ਦਰਸ਼ਨ ਕੀਤਾ ਜਿਸ ਵਿੱਚ ਕਰੋਨਾ ਦੇ ਬਹਾਨੇ ਲੋਕਾਂ ਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਦੀ ਵੀ ਚਰਚਾ ਕੀਤੀ ਗਈ। ਸਭਾ ਦੇ ਜਿਲਾ ਪ੍ਧਾਨ ਪਿ੍ੰ ਬੱਗਾ ਸਿੰਘ, ਜਨਰਲ ਸਕੱਤਰ ਪਿ੍ਰਤਪਾਲ ਤੇ ਪੈ੍ਸ ਸਕੱਤਰ ਡਾ: ਅਜੀਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਾ-370 ਦਾ ਖ਼ਾਤਮਾ ਕਸ਼ਮੀਰੀਆਂ ਨੂੰ ਸੰਵਿਧਾਨ ਤਹਿਤ ਦਿੱਤੀ ਘੱਟੋ ਘੱਟ ਸੁਰੱਖਿਆ ਦੀ ਹੱਤਿਆ ਦੇ ਬਰਾਬਰ ਹੈ ਅਤੇ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡਣ ਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਕੇ ਸਿੱਧਾ ਕੇਂਦਰੀ ਕੰਟਰੋਲ ਹੇਠ ਲਿਆਉਣਾ ਇੱਕ ਤਾਨਾਸ਼ਾਹੀ ਕਦਮ ਹੈ। ਸੂਬਾ ਕਮੇਟੀ ਮੈਂਬਰ ਐਨ ਕੇ ਜੀਤ ਨੇ ਕਿਹਾ ਕਿ ਇਹ ਕਦਮ ਜਿੱਥੇ 1948-49 ਵਿਚ ਭਾਰਤ ਨਾਲ ਇਲਹਾਕ ਸਮੇਂ ਕਸ਼ਮੀਰੀ ਲੋਕਾਂ ਨਾਲ ਕੀਤੇ ਇਤਿਹਾਸਕ ਇਕਰਾਰ ਦੀ ਵਾਅਦਾ ਖ਼ਿਲਾਫ਼ੀ ਹੈ,ਜਿਸ ਤਹਿਤ ਉਹਨਾਂ ਦੇ ਸਵੈਨਿਰਣੇ ਦੇ ਹੱਕ ਨੂੰ ਸਵੀਕਾਰ ਕੀਤਾ ਗਿਆ ਸੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਹਿੰਦੂਤਵ ਦੇ ਸੌੜੇ ਏਜੰਡੇ ਨੂੰ ਅੰਜ਼ਾਮ ਦੇਣ ਲਈ ਅਪਣਾਇਆ ਗਿਆ ਇਹ ਤਰੀਕਾ ਪੂਰੀ ਤਰਾਂ ਗ਼ੈਰਜਮਹੂਰੀ ਅਤੇ ਸਾਜ਼ਿਸ਼ੀ ਹੈ।
                      ਉਨਾਂ ਕਿਹਾ ਕਿ ਪਿਛਲੇ ਸਾਲ ਇਹਨਾਂ ਦਿਨਾਂ ਚ ਦੇਸ਼-ਦੁਨੀਆ ਨੂੰ ਹਨੇਰੇ ਵਿਚ ਰੱਖ ਕੇ ਅਤੇ ਅੱਤਵਾਦੀ ਹਮਲਿਆਂ ਦੇ ਖ਼ਤਰੇ ਦੇ ਨਾਂ ਹੇਠ ਜੰਮੂ-ਕਸ਼ਮੀਰ ਵਿਚ ਫੌਜ ਦੀ ਤਾਇਨਾਤੀ ਵਿਚ ਵਾਧਾ ਕੀਤਾ ਗਿਆ  ਜਦੋਂਕਿ ਹਮਲੇ ਦਾ ਡਰ ਦਿਖਾ ਕੇ ਬਾਹਰਲੇ ਲੋਕ ਕੱਢ ਦਿੱਤੇ ਗਿਆ ਅਤੇ ਪੂਰੇ ਕਸ਼ਮੀਰ ਨੂੰ ਖੁੱਲੀ ਜੇਲ ਵਿਚ ਬਦਲ ਦਿੱਤਾ । ਉਨਾਂ ਅੱਗੇ ਕਿਹਾ ਕਿ ਐਨੇ ਮਹੱਤਵਪੂਰਨ ਮੁੱਦੇ ਉੱਪਰ ਬਿੱਲ ਦਾ ਖਰੜਾ ਦੇਸ਼ ਦੇ ਲੋਕਾਂ ਅੱਗੇ ਪੇਸ਼ ਕਰਕੇ ਦੇਸ਼ ਦੇ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇਣ ਦੀ ਬਜਾਏ ਬਿੱਲ ਸੰਸਦ ਦੇ ਦੋਹਾਂ ਸਦਨਾਂ ਵਿਚ ਜੁਬਾਨੀ ਵੋਟਾਂ ਰਾਹੀ ਪਾਸ ਕਰਵਾ ਕੇ ਸਮੂਹ ਭਾਰਤੀ ਲੋਕਾਂ ਦਾ ਜਮਹੂਰੀ ਹੱਕ ਕੁਚਲ ਦਿੱਤਾ ਗਿਆ ਜਿਸ ਦੀ ਕੋਈ ਸੰਵਿਧਾਨਕ ਜਾਂ ਜਮਹੂਰੀ ਵਾਜਬੀਅਤ ਨਹੀਂ ਹੈ। ਜਿੰਨਾਂ ਕਸ਼ਮੀਰੀ ਲੋਕਾਂ ਬਾਰੇ ਫ਼ੈਸਲਾ ਕੀਤਾ ਗਿਆ ਉਹਨਾਂ ਦੇ ਨੁਮਾਇੰਦੇ ਇਸ ਅਖੌਤੀ ਜਮਹੂਰੀ ਅਮਲ ਵਿਚੋਂ ਵੀ ਗੈਰ ਹਾਜ਼ਰ ਰੱਖੇ ਗਏ। ਉਨਾਂ ਕਿਹਾ ਕਿ ਜਮਹੂਰੀਅਤ ਦੇ ਨਾਂ ‘ਤੇ ਇਸ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਹੈ ਕਿ ਕਸ਼ਮੀਰ ਦੇ ‘ਮੁੱਖਧਾਰਾ‘ ਸਿਆਸਤਦਾਨਾਂ ਨੂੰ ਉਹਨਾਂ ਦੇ ਸਵਾਲ ਉੱਪਰ ਵੱਖਰੇ ਵਿਚਾਰਾਂ ਦੇ ਅਧਾਰ ‘ਤੇ ਜੇਲਾਂ ਵਿਚ ਬੰਦ ਕਰਨ ਦੀ ਮੰਗ ਕੀਤੀ ਗਈ।
                     ਆਗੂਆਂ ਨੇ ਕਿਹਾ ਕਿ ਸਾਰੀਆਂ ਇਨਸਾਫ ਪਸੰਦ ਤੇ ਜਮਹੂਰੀ ਤਾਕਤਾਂ ਨੂੰ ਸਰਕਾਰ ਤੇ ਇਸ ਤਾਨਾਸ਼ਾਹ ਕਦਮ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਹ ਧੌਂਸਬਾਜ਼ ਰਾਸ਼ਟਰਵਾਦੀ ਅਮਲ ਬੰਦ ਕੀਤਾ ਜਾਵੇ ਜਿਸ ਦਾ ਨਤੀਜਾ ਕਸ਼ਮੀਰ ਲੋਕਾਂ ਦੇ ਘਾਣ ਅਤੇ ਜਮਹੂਰੀ ਹੱਕਾਂ ਦੇ ਵਿਆਪਕ ਦਮਨ ਤੋਂ ਬਿਨਾ ਹੋਰ ਕੁਝ ਨਹੀਂ ਹੋਵੇਗਾ। ਇਸ ਮੌਕੇ ਪਾਸ ਕੀਤੇ ਤਾਨਾਸ਼ਾਹ ਬਿੱਲ ਵਾਪਸ ਲੈਣ। ਕਸ਼ਮੀਰੀ ਲੋਕਾਂ ਦੇ ਹੱਕ ਬਹਾਲ ਕਰਨ, ਕਸ਼ਮੀਰ ਦੀ ਜੇਲਬੰਦੀ ਦਾ ਖਾਤਮਾ , ਕਸ਼ਮੀਰ ਦੇ ਸਿਆਸੀ ਹੱਲ ਲਈ ਕਸ਼ਮੀਰੀ ਲੋਕਾਂ ਨੂੰ ਗੱਲਬਾਤ ਦੇ ਅਮਲ ਵਿਚ ਧਿਰ ਬਨਾਉਣ ਅਤੇ ਉਹਨਾਂ ਦੀਆਂ ਜਮਹੂਰੀ ਰੀਝਾਂ ਅਨੁਸਾਰ ਸਵੈਨਿਰਣੇ ਦੇ ਹੱਕ ਦੇ ਅਧਾਰ ‘ਤੇ ਕਸ਼ਮੀਰ ਮਸਲੇ ਦਾ ਹੱਲ ਕੱਢਣ ਤੋਂ ਇਲਾਵਾ ਫ਼ੌਜੀ ਅਤੇ ਨੀਮ-ਫ਼ੌਜੀ ਤਾਕਤਾਂ ਵਾਪਸ ਬੁਲਾ ਕੇ ਕਸ਼ਮੀਰੀ ਲੋਕਾਂ ਨੂੰ ਆਪਣੇ ਦਿਲ ਦੀ ਗੱਲ ਕਹਿਣ ਦੀ ਆਜ਼ਾਦੀ ਦੇਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਉੱਘੇ ਬੁੱਧੀਜੀਵੀਆਂ ਅਤੇ ਕਵੀ ਵਰਵਰਾ ਰਾਓ ਸਮੇਤ ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਅਤੇ ਕਰੋਨਾ ਦੇ ਬਹਾਨੇ ਲੋਕਾਂ ਤੇ ਲਾਈਆਂ ਬੇਲੋੜੀਆਂ ਬੰਦਸ਼ਾਂ ਖਤਮ ਕਰਨ ਦੀ ਮੰਗ ਵੀ ਰੱਖੀ। ਅੱਜ ਦੇ ਪ੍ਰਦਰਸ਼ਨ ਵਿੱਚ ਤਰਕਸ਼ੀਲ ਸੁਸਾਇਟੀ ਦੇ ਗਿਆਨ ਸਿੰਘ ਅਤੇ ਕਹਾਣੀਕਾਰ ਅਤਰਜੀਤ ਵੀ ਸ਼ਾਮਲ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!