3.5 C
United Kingdom
Sunday, March 8, 2026

More

    ਥਾਣਾ ਸਦਰ ਰਾਮਪੁਰਾ ਦੇ ਐੱਸਐੱਚਓ ਦੀ ਧਮਕੀਆਂ ਦੇਣ ਵਾਲੀ ਆਡੀਓ ਹੋਈ ਲੀਕ

    ਅਸ਼ੋਕ ਵਰਮਾ
    ਬਠਿੰਡਾ,8 ਅਗਸਤ। ਥਾਣਾ ਸਦਰ ਰਾਮਪੁਰਾ ਦੇ ਮੁੱਖ ਥਾਣਾ ਅਫਸਰ ਭੁਪਿੰਦਰ ਸਿੰਘ ਦੀ ਆਡੀਓ ਲੀਕ ਹੋਈ ਹੈ ਜਿਸ ’ਚ ਉਹ ਕਿਸੇ ਤੇ ਕਥਿਤ ਤਸ਼ੱਦਦ ਦੇ ਨਾਲ ਨਾਲ ਕਥਿਤ ਝੂਠਾ ਪਰਚਾ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਹਾਲਾਂਕਿ ‘ਪੰਜ ਦਰਿਆ’ ਇਸ ਆਡੀਓ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦਾ ਅਤੇ ਐਸਐਚਓ ਨੇ ਵੀ  ਇੰਨਾਂ ਤੱਥਾਂ ਨੂੰ ਗਲਤ ਦੱਸਿਆ ਹੈ ਪਰ ਆਡੀਓ ਨੇ ਪੁਲਿਸ ਦੇ ਕਾਰ ਵਿਹਾਰ ਨੂੰ ਬੇਪਰਦ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਡੀਓ ’ਚ ਥਾਣਾ ਸਦਰ ਰਾਮਪੁਰਾ ਦੇ ਮੁੱਖ ਥਾਣਾ ਅਫਸਰ ਭੁਪਿੰਦਰ ਸਿੰਘ ਕਿਸੇ ਵਿਅਕਤੀ ਨੂੰ ਥਰਡ ਡਿਗਰੀ ਤਸ਼ੱਦਦ ਕਰਨ ਤੋਂ ਇਲਾਵਾ ਨਸ਼ੀਲੀਆਂ ਗੋਲੀਆਂ ਦਾ ਪਰਚਾ ਪਾਉਣ ਦੀਆਂ ਕਥਿਤ ਧਮਕੀਆਂ ਦੇ ਰਹੇ ਹਨ। ਆਡੀਓ ’ਚ ਪੈਟਰੋਲ ਦਾ ਪਊਆ ਭਰ ਕੇ ਲਿਆ,ਜਿੰਦਗੀ ਭਰ ਯਾਦ ਰੱਖੂ ਕਿ ਕਿਸੇ ਨਾਲ ਵਾਹ ਪਿਆ ਸੀ।
                  ਰੌਚਕ ਤੱਥ ਹੈ ਕਿ ਬਠਿੰਡਾ ਪੁਲਿਸ ਵੱਲੋਂ ਜਾਰੀ ਰੋਜਾਨਾ ਕ੍ਰਾਈਮ ਰਿਪੋਰਟ ਅਨੁਸਾਰ ਪਿਛਲੇ  24 ਘੰਟਿਆਂ ਦੌਰਾਨ ਥਾਣਾ ਸਦਰ ਰਾਮਪੁਰਾ ਪੁਲਿਸ ਨੇ ਕਿਸੇ ਖਿਲਾਫ਼ ਕੋਈ ਵੀ ਕੇਸ ਦਰਜ ਨਹੀਂ ਕੀਤਾ ਹੈ ਜਿਸ ਨੂੰ ਲੈਕੇ ਚਰਚੇ ਛਿੜ ਗਏ ਹਨ ਕਿ ਕਿਧਰੇ ਥਾਣਾ ਸਦਰ ਦੀ ਪੁਲਿਸ ਨੇ ਆਡੀਓ ’ਚ ਗੱਲਬਾਤ ਵਾਲੇ ਵਿਅਕਤੀ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੈ। ਅੱਜ ਐਸਐਸਪੀ ਬਠਿੰਡਾ ਰਾਮਪੁਰਾ ਵੀ ਗਏ ਸਨ ਜਿਸ ਕਰਕੇ ਇਸ ਚਰਚਾ ਨੂੰ ਹੋਰ ਵੀ ਬਲ ਮਿਲਿਆ ਹੈ। ਮੁੱਖ ਥਾਣਾ ਅਫਸਰ ਦੀ ਆਡੀਓ ਲੀਕ ਹੋਣ ਉਪਰੰਤ ਜਿਲਾ ਪੁਲਿਸ ’ਚ ਹੜਕੰਪ ਮੱਚ ਗਿਆ ਹੈ। ਲੋਕ ਆਖਦੇ ਹਨ ਕਿ ਆਡੀਓ ਦੱਸਦੀ ਹੈ ਕਿ ਪੰਜਾਬ ਪੁਲਿਸ ਦਾ ਥਾਣਿਆਂ ਅੰਦਰ ਲੋਕਾਂ ਨਾਲ ਕਿਸ ਤਰਾਂ ਦਾ ਵਿਹਾਰ  ਹੈ।

     ਐੱਸਐੱਚਓ ਤੋਂ ਹੀ ਲੀਕ ਹੋਈ ਆਡੀਓ
     ਥਾਣਾ ਸਦਰ ਸਬੰਧੀ ਵਾਇਰਲ ਹੋਈ ਆਡੀਓ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਐਸਐਚਓ ਤੋਂ ਹੀ ਹੋਈ ਹੈ। ਲੀਕ ਹੋਈ ਆਡੀਓ ਵਿਚ ਪੁਲਿਸ ਮੁਲਾਜ਼ਮ ਬੋਲ ਰਹੇ ਹਨ ਕਿ ਫੋਨ ਆਇਆ ਸੀ। ਇੱਕ ਦੀ ਮੰਗ ਕਰ ਰਹੇ ਹਨ ਲੇਕਿਨ ਇਸਨੇ ਕੋਈ ਜਵਾਬ ਨਹੀਂ ਦਿੱਤਾ। ਇਸ ਆਡੀਓ ਵਿਚ ਇਸ ਸਪੱਸ਼ਟ ਨਹੀਂ ਹੋ ਸਕਿਆ ਕਿ ਫੋਨ ਕਿਸਦਾ ਆਇਆ ਸੀ ਅਤੇ ਇੱਕ ਕੀ ਮੰਗਿਆ ਗਿਆ ਹੈ ਜੋਕਿ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ।

    ਤਸ਼ੱਦਦ ਵਾਲੀ ਗੱਲ ਨਹੀਂ-ਮੁੱਖ ਥਾਣਾ ਅਫਸਰ
    ਥਾਣਾ ਸਦਰ ਰਾਮੁਪਰਾ ਦੇ ਮੁੱਖ ਥਾਣਾ ਅਫਸਰ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਉਨਾਂ ਕਿਸੇ ’ਤੇ ਕੋਈ ਤਸ਼ੱਦਦ ਨਹੀਂ ਕੀਤਾ ਬਲਕਿ ਉਹ ਤਾਂ ਇੱਕ ਵਿਅਕਤੀ ਤੋਂ ਪੁੱਛਗਿੱਛ ਕਰ ਰਹੇ ਸਨ। ਉਨਾਂ ਪੈਟਰੋਲ ਦਾ ਪਊਆ ਮੰਗਵਾਉਣ ਦੇ ਸਵਾਲ ਨੂੰ ਟਾਲ ਦਿੱਤਾ ਅਤੇ ਕਿਹਾ ਕਿ ਗੱਡੀ ਵਿਚ ਪੈਟਰੋਲ ਪਵਾਉਣ ਦੀ ਗੱਲ ਕੀਤੀ ਜਾ ਰਹੀ ਸੀ।

    ਥਰਡ ਡਿਗਰੀ ਜਾਂ ਧਮਕੀਆਂ ਨਹੀਂ: ਐਸਐਸਪੀ
    ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਥਾਣਾ ਸਦਰ ਰਾਮਪੁਰਾ ’ਚ ਕਿਸੇ ਵਿਅਕਤੀ ਨੂੰ ਸ਼ਰਾਬ ਦੇ ਮਾਮਲੇ ’ਚ ਹਿਰਾਸਤ ਲਿਆ ਸੀ ਜਿਸ ਤੋਂ ਐਸਐਚਓ ਪੁੱਛ ਪੜਤਾਲ ਕਰ ਰਹੇ ਸਨ। ਊਨਾਂ ਆਖਿਆ ਕਿ ਧਮਕੀਆਂ ਜਾਂ ਥਰਡ ਡਿਗਰੀ ਵਾਲੀ ਕੋਈ ਗੱਲ ਨਹੀਂ ਹੈ ਫਿਰ ਵੀ ਪੁੱਛਗਿਛ ਦੌਰਾਨ ਮਾੜਾ ਮੋਟਾ ਤਾਂ ਚੱਲਦਾ ਹੀ ਹੈ ਕਿਉਂਕ ਉਂਜ ਤਾਂ ਕੋਈ ਦੱਸਦਾ ਨਹੀਂ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!