ਅਸ਼ੋਕ ਵਰਮਾ
ਮਾਨਸਾ,8ਅਗਸਤ। ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਅਤੇ ਇਸਦੀ ਵਪਾਰਕ ਭਾਈਵਾਲ ਕੰਪਨੀ ਸਟੇਗ ਐਨਰਜੀ ਸਰਵਿਸਿਜ ਪ੍ਰਾਈਵੇਟ ਲਿਮਟਿਡ ਗਰੀਬ ਪ੍ਰੀਵਾਰਾਂ ਨਾਲ ਸਬੰਧਤ ਸਰਕਾਰੀ ਸੀਨੀਅਰ ਸੈਕੰਡਰੀ ਚਹਿਲਾਂ ਵਾਲੀ ਦੇ ਕਰੀਬ300 ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਅੱਗੇ ਆਏ ਹਨ। ਵਿਸ਼ਵ ਵਿਆਪੀ ਮਹਾਂਮਾਰੀ ਕਰੋਨਾ ਵਾਇਰਸ ਕਾਰਨ ਬਣੇ ਹਾਲਾਤਾਂ ਨੂੰ ਦੇਖਦਿਆਂ ਪੜਾਈ ਜਾਰੀ ਰੱਖਣ ਵਿਚ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਕੋਰੋਨਾ ਕਾਰਨ ਪਛੜ ਰਹੀ ਸਿੱਖਿਆ ਨੂੰ ਜਾਰੀ ਰੱਖਣ ਲਈ ਆਨਲਾਈਨ ਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਪੜਾ ਰਹੇ ਹਨ। ਕੋਰੋਨਾ ਕਾਰਨ ਘਟੀ ਆਮਦਨੀ ਦੇ ਸਿੱਟੇ ਵਜੋਂ ਕਈ ਗਰੀਬ ਪਰਿਵਾਰ ਇੰਟਰਨੈਟ ਦੇ ਖਰਚਿਆਂ ਨੂੰ ਸਹਿਣ ਕਰਨ ਤੋਂ ਅਸਮਰੱਥ ਹਨ, ਜਿਸ ਕਾਰਨ ਅਜਿਹੇ ਵਿਦਿਆਰਥੀਆਂ ਨੂੰ ਵਰਚੁਅਲ ਕਲਾਸਰੂਮਾਂ ਦਾ ਲਾਭ ਨਹੀਂ ਮਿਲਦਾ ਹੈ ਜਾਂ ਫਿਰ ਉਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਟੀਐਸਪੀਐਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡਾਇਰੈਕਟਰ ਵਿਕਾਸ ਸ਼ਰਮਾ ਦਾ ਕਹਿਣਾ ਸੀ ਕਿ ਟੀਐਸਪੀਐਲ ਇਲਾਕੇ ਦੇ ਲੋਕਾਂ ਦੀ ਸਹਾਇਤਾ ਲਈ ਵੱਚਨਬੱਧ ਹੈ । ਉਨਾਂ ਕਿਹਾ ਕਿ ਇਸੇ ਵਚਨਬੱਧਤਾ ਤਹਿਤ ਲੋੜਵੰਦ ਪ੍ਰੀਵਾਰਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਮੁਹਿੰਮ ਜਾਰੀ ਰਹੇਗੀ। ਉਨਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ ਹੈ। ਦੱਸਣਯੋਗ ਹੈ ਕਿ ਟੀਐਸਪੀਐਲ ਮਾਨਸਾ ਤੇ ਇਸ ਦੇ ਲਾਗਲਿਆਂ ਇਲਾਕਿਆਂ ’ਚ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਕਈ ਪ੍ਰੋਜੈਕਟ ਚਲਾ ਰਹੀ ਹੈ ਜੋ ਇਸ ਖੇਤਰ ਦੇ ਸਮਾਜਕ-ਆਰਥਿਕ ਵਿਕਾਸ ਵਿੱਚ ਸਹਾਈ ਹੋ ਰਹੇ ਹਨ। ਟੀਐਸਪੀਐਲ ਨੇ ਗਲੋਬਲ ਮਹਾਂਮਾਰੀ ਨਾਲ ਨਜਿੱਠਣ ਲਈ ਜਿਲਾ ਪੁਲਿਸ ਅਤੇ ਸਿਵਲ ਪ੍ਰਸਾਸਨ ਨੂੰ ਹਰ ਸੰਭਵ ਸਹਾਇਤਾ ਦਿੱਤੀ ਹੈ।
ਵਿਦਿਆਰਥੀਆਂ ਲਈ ਸਹਾਈ ਹੋਵੇਗੇ ਉਪਰਾਲਾ
ਚਹਿਲਾਂਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਰਾਜਿੰਦਰ ਸਿੰਘ ਨੇ ਟੀਐਸਪੀਐਲ ਅਤੇ ਸਟੇਗ ਵੱਲੋਂ ਵਿਦਿਆਰਥੀਆਂ ਦੀ ਕੀਤੀ ਗਈ ਸਹਾਇਤਾ ਲਈ ਧੰਨਵਾਦ ਕੀਤਾ ਹੈ। ਉਨਾਂ ਆਖਿਆ ਕਿ ਇਹ ਉਪਰਾਲਾ ਵਿਦਿਆਰਥੀਆਂ ਲਈ ਸਹਾਈ ਹੋਵੇਗਾ ਅਤੇ ਉਹ ਆਪਣੀ ਪੜਾਈ ਨਿਰਵਿਘਨ ਜਾਰੀ ਰੱਖ ਸਕਣਗੇ।