3.1 C
United Kingdom
Sunday, March 8, 2026

More

    ਪਿੱਟ ਬੁੱਲ ਵੱਲੋਂ ਥਾਣੇਦਾਰ ਨੂੰ ਵੱਢਣ ‘ਤੇ ਹੁੱਲੜਬਾਜਾਂ ਨੂੰ ਪਈ ਪੁਲਿਸ

    ਅਸ਼ੋਕ ਵਰਮਾ
    ਬਠਿੰਡਾ, 6 ਅਗਸਤ। ਬਠਿੰਡਾ ਦੇ ਤੇਲੀਆਂ ਵਾਲਾ ਮੁਹੱਲਾ ’ਚ ਬੀਤੀ ਦੇਰ ਸ਼ਾਮ ਦੋ ਧਿਰਾਂ ’ਚ ਹੋ ਰਹੀ ਲੜਾਈ ਨੂੰ ਸ਼ਾਂਤ ਕਰਵਾਉਣ ਗਏ ਥਾਣੇਦਾਰ ਵੱਲ ਛੱਡੇ ‘ਪਿੱਟ ਬੁੱਲ’ ਵੱਲੋਂ ਵੱਢੇ ਜਾਣ ਕਾਰਨ ਥਾਣਾ ਕੋਤਵਾਲੀ ਪੁਲਿਸ ਨੇ ਇੱਕ ਔਰਤ ਤੇ ਉਸ ਦੇ ਪਤੀ ਸਮੇਤ ਅੱਧੀ ਦਰਜਨ ਵਿਅਕਤੀਆਂ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਕੇਸ ਦਰਜ ਕੀਤਾ ਹੈ। ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਦਵਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਮੋਹਨ ਲਾਲ ਪੁੱਤਰ ਵੀਰ ਚੰਦ ਤੇ ਉਸਦੀ ਪਤਨੀ ਸੁਦੇਸ਼ ਰਾਣੀ, ਸੁਮਿਤ,ਸਾਹਿਲ,ਬੰਟੀ ਮਿਸਤਰੀ ਸੀਪਾ ਵਾਸੀਅਨ ਮੁਹੱਲਾ ਭਲੇਰੀਆਂ ਵਾਲਾ ਅਤੇ ਮੁਹੱਲੇ ਦੇ ਕੁੱਝ ਵਿਅਕਤੀਆਂ ਨੂੰ ਧਾਰਾ 353,289,186,148,149 ਤਹਿਤ ਨਾਮਜਦ ਕੀਤਾ ਹੈ।
                     ਐਫਆਈਆਰ ਨੰਬਰ 141 ਮਿਤੀ 6 ਅਗਸਤ ਅਨੁਸਾਰ ਕੋਤਵਾਲੀ ਪੁਲਿਸ ਨੂੰ ਕਰੀਬ 9:30 ਵਜੇ ਫ਼ੋਨ ’ਤੇ ਸੂਚਨਾ ਮਿਲੀ ਸੀ ਕਿ ਨਾਮਜਦ ਵਿਅਕਤੀ ਮੁਹੱਲਾ ਭਲੇਰੀਆ ਵਾਲਾ ਵਿੱਚ ਉੱਥੋਂ ਦੀਆਂ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਉਨਾਂ ਵੱਲੋਂ ਹੁੱਲੜਬਾਜੀ ਵੀ ਕੀਤੀ ਜਾ ਰਹੀ ਹੈ। ਜਦੋਂ ਉਹ ਸਬ ਇੰਸਪੈਕਟਰ ਅੰਮਿ੍ਰਤਪਾਲ ਸਿੰਘ ਅਤੇ ਪੁਲੀਸ ਪਾਰਟੀ ਨਾਲ ਮੁਹੱਲੇ ’ਚ ਪਹੁੰਚੇ ਤਾਂ ਇਸ ਮੌਕੇ ਮੁਹੱਲੇ ਦੇ ਕੁੱਝ ਲੋਕਾਂ  ਨੇ ਉਨਾਂ ਨਾਲ ਹੱਥੋਪਾਈ ਕੀਤੀ ਅਤੇ ਵਰਦੀ ਨੂੰ ਹੱਥ ਪਾਇਆ। ਇਸੇ ਦੌਰਾਨ ਕਿਸੇ ਵਿਅਕਤੀ ਨੇ ਪੁਲਿਸ ਪਾਰਟੀ ਵੱਲ ਕੁੱਤਾ ਛੱਡ ਦਿੱਤਾ ਜਿਸ ਨੇ ਪੁਲਿਸ ਪਾਰਟੀ ਤੇ ਹੱਲਾ ਬੋਲ ਦਿੱਤਾ। ਇਸ ਕੁੱਤੇ ਸਬ-ਇੰਸਪੈਕਟਰ ਅੰਮਿ੍ਰਤਪਾਲ ਸਿੰਘ ਨੂੰ ਕੱਟ ਲਿਆ ਹੈੈ।
                              ਓਧਰ ਮੁਹੱਲਾ ਭਲੇਰੀਆ ਵਾਲਾ ’ਚ ਵਾਪਰੀ ਇਸ ਘਟਨਾ ਨੂੰ ਅੱਖੀ ਦੇਖਣ ਵਾਲਿਆਂ ਨੇ ਦੱਸਿਆ ਕਿ ਪੁਲਿਸ ਆਮ ਦੀ ਤਰਾਂ ਸਮਝਾ ਹੀ ਰਹੀ ਸੀ ਕਿ ਕੁੱਝ ਲੋਕਾਂ ਨੇ ਪੁਲਿਸ ਮੁਲਾਜਮਾਂ ਅਤੇ ਐਸਐਚਓ ਨਾਲ ਝਗੜਾ ਸ਼ੁਰੂ ਕਰ ਦਿੱਤਾ। ਅਜੇ ਤਕਰਾਰ ਚੱਲ ਹੀ ਰਹੀ ਸੀ ਕਿ ਕਿਸੇ ਵਿਅਕਤੀ ਨੇ ਕੁੱਤੇ ਦੀ ਸੰਗਲੀ ਲਾਹ ਦਿੱਤੀ ਜਿਸ ਕਰਕੇ ਇੱਕ ਵਾਰ ਪੁਲਿਸ ਨੂੰ ਅਜੀਬੋ ਗਰੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ। ਉਨਾਂ ਇਹ ਵੀ ਦੱਸਿਆ ਕਿ ਕੁੱਤਾ ਕਾਫੀ ਖੂੰਖਾਰ ਦਿਖਾਈ ਦੇ ਰਿਹਾ ਸੀ ਜੋਕਿ ਖਤਰਨਾਕ ਸਾਬਤ ਹੋ ਸਕਦਾ ਸੀ ਫਿਰ ਵੀ ਵੱਡੇ ਨੁਕਸਾਨ ਤੋਂ ਬਚਾਅ ਰਿਹਾ ਹੈ।
                      ਲੋਕਾਂ ਨੇ ਦੱਸਿਆ ਕਿ ਮੁਲਜਮ ਝਗੜਾਲੂ ਕਿਸਮ ਦੇ ਲੋਕ ਹਨ ਅਤੇ ਅਕਸਰ ਲੋਕਾਂ ਨਾਲ ਝਗੜਾ ਕਰਦੇ ਰਹਿੰਦੇ ਹਨ। ਐਫਆਈਆਰ ਮੁਤਾਬਕ  ਇਸ ਮਾਮਲੇ ’ਚ ਅਜੇ ਕੋਈ ਗਿ੍ਰਫ਼ਤਾਰੀ ਨਹੀਂ ਹੋਈ ਜਦੋਂ ਕਿ ਮੁਹੱਲਾਂ ਵਾਸੀਆਂ ਨੇ ਦੱਸਿਆ ਕਿ ਮੁਲਜਮਾਂ ਨੂੰ ਪੁਲੀਸ ਰਾਤ ਵੇਲੇ ਹੀ ਨਾਲ ਲੈ ਗਈ ਸੀ। ਥਾਣਾ ਕੋਤਵਾਲੀ ਦੇ ਐੱਸਐੱਚਓ ਇੰਸਪੈਕਟਰ ਦਵਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਪਤਾ ਲੱਗਿਆ ਕਿ ਉਨਾਂ ਦੀ ਤਬੀਅਤ ਖਰਾਬ ਹੈ। ਥਾਣਾ ਕੋਤਵਾਲੀ ਦੇ ਸਬ ਇੰਸਪੈਕਟਰ ਗੁਰਮੀਤ ਸਿੰਘ ਦਾ ਕਹਿਣਾ ਕਿ ਮੁਲਜਮਾਂ ਦੀ ਗਿ੍ਰਫਤਾਰੀ ਦੇ ਯਤਨ ਜਾਰੀ ਹਨ ਅਤੇ ਜਲਦੀ ਹੀ ਉਨਾਂ ਨੂੰ ਕਾਬੂ ਕਰ ਲਿਆ ਜਾਏਗਾ। ਉਨਾਂ ਦੱਸਿਆ ਕਿ ਸਬ ਇੰਸਪੈਕਟਰ ਅੰਮਿ੍ਰਤਪਾਲ ਸਿੰਘ ਨੂੰ ਰਾਤ ਦਵਾਈ ਵਗੈਰਾ ਦਿਵਾ ਦਿੱਤੀ ਗਈ ਸੀ ਤੇ ਉਹ ਹੁਣ ਸਿਹਤਮੰਦ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!