ਅਸ਼ੋਕ ਵਰਮਾ
ਬਠਿੰਡਾ, 4 ਅਗਸਤ। ਆਮ ਆਦਮੀ ਪਾਰਟੀ ਨੇ ਬਠਿੰਡਾ ਥਰਮਲ ਪਲਾਂਟ ਦੀ ਰਾਖ ਵੇਚਣ ਅਤੇ ਚੁਕਾਉਣ ਦੇ ਮਾਮਲੇ ਤੇ ਉਂਗਲ ਉਠਾਈ ਹੈ। ਪਾਰਟੀ ਨੇ ਇਸ ਮਾਮਲੇ ’ਚ ਕਥਿਤ ਘਪਲਾ ਹੋਣ ਦੀ ਆਸ਼ਕਾ ਜਾਹਰ ਕਰਦਿਆਂ ਸੰਘਰਸ਼ ਦੀ ਗੱਲ ਆਖੀ ਹੈ। ਆਮਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੈ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਦਾ ਦੌਰਾ ਕੀਤਾ ਅਤੇ ਸੁਆਹ ਵਾਲੀ ਥਾਂ ਦਾ ਜਾਇਜਾ ਲਿਆ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨਾਂ ਨੇ ਇੱਥੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਪਰੰਤੂ ਕਿਸੇ ਵੀ ਸਬੰਧਤ ਅਧਿਕਾਰੀ ਨੇ ਕੋਈ ਤਸੱਲੀਬਖਸ਼ ਉੱਤਰ ਨਹੀਂ ਦਿੱਤਾ ਹੈ। ਉਨਾਂ ਦੱਸਿਆ ਕਿ ਜਿਸ ਥਾਂ ਤੇ ਰਾਖ ਦੇ ਢੇਰ ਲੱਗੇ ਹੋਏ ਹਨ ਉਥੱੇ ਸਿਰਫ ਇੱਕੋ ਅਧਿਕਾਰੀ ਦੀ ਡਿਊਟੀ ਲਗਾਈ ਹੈ ਅਤੇ ਜੇਸੀਬੀ ਮਸ਼ੀਨ ਨਾਲ ਟਰੱਕਾਂ ਦੇ ਟਰੱਕ ਭਰੇ ਜਾ ਰਹੇ ਸਨ।
ਉਨਾਂ ਦੱਸਿਆ ਕਿ ਸਬੰਧਿਤ ਅਧਿਕਾਰੀਆਂ ਅਤੇ ਵਰਕਰਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਸੁਆਹ ਨੂੰ ਚੁਕਾਉਣ ਲਈ ਵਜ਼ਨ ਦੀ ਮਾਤਰਾ ਵੀ ਤੈਅ ਨਹੀਂ ਹੈ। ਉਨਾਂ ਦੱਸਿਆ ਕਿ ਰਾਖ ਦੇ ਮਾਮਲੇ ’ਚ ਸਮੇਂ ਅਨੁਸਾਰ ਹੀ ਠੇਕਾ ਕੀਤਾ ਜਾਂਦਾ ਹੈ ਪਰ ਇਸ ਗੱਲ ਦਾ ਰਿਕਾਰਡ ਨਹੀਂ ਹੈ ਕਿ ਕਿੰਨੀ ਸੁਆਹ ਚੁਕਾਈ ਗਈ ਹੈ ਜਾਂ ਚੁਕਾਈ ਜਾਣੀ ਹੈ। ਉਨਾਂ ਦੱਸਿਆ ਕਿ ਕੁੱਝ ਸਬੰਧਤ ਅਧਿਕਾਰੀਆਂ ਨੇ ਥਰਮਲ ਦੀ ਰਾਖ ਜਿਸ ਤੋਂ ਸੀਮਿੰਟ, ਟਾਇਲ ਬਣਦੀ ਹੈ ਨੂੰ ਕਿਸ ਰੇਟ ਤੇ ਕਿਸ ਨੂੰ ਚੁਕਾੲਂ ਜਾ ਰਹੀ ਹੈ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਅੰਬੂਜਾ ਫੈਕਟਰੀ ਨੂੰ ਪਿਛਲੇ ਲੰਮੇ ਸਮੇਂ ਤੋਂ ਮੁਫਤ ਵਿੱਚ ਹੀ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਅੰਬੂਜਾ ਫੈਕਟਰੀ ਨੇ ਜੇਸੀਬੀ ਮਸ਼ੀਨ ਅਤੇ ਟਰਾਂਸਪੋਰਟ ਦੇ ਟੈਂਡਰ ਕੀਤੇ ਹੋਏ ਹਨ ਪਰ ਸਰਕਾਰ ਦੇ ਖਜਾਨੇ ਵਿੱਚ ਰਾਖ ਦਾ ਇਕ ਵੀ ਪੈਸਾ ਨਹੀਂ ਜਾਂਦਾ ਜੋਕਿ ਸ਼ੱਕ ਪੈਦਾ ਕਰਦਾ ਹੈ।
ਉਨਾਂ ਆਖਿਆ ਕਿ ਜਿਲਾ ਪ੍ਰਸ਼ਾਸ਼ਨ ਨੇ ਵੀ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਹੈ ਜਦੋਂਕਿ ਅਧਿਕਾਰੀਆਂ ਨੂੰ ਮੁਕੰਮਲ ਜਾਣਕਾਰੀ ਹੋਣੀ ਅਤੇ ਦੇਣੀ ਚਾਹੀਦੀ ਸੀ। ਆਪ ਵਿਧਾਇਕ ਨੇ ਆਖਿਆ ਕਿ ਜੇਕਰ ਸਾਰੇ ਮਾਮਲੇ ਦੀ ਸੀਬੀਆਈ ਰਾਹਂੀ ਜਾਂਚ ਕਰਵਾਈ ਜਾਵੇ ਤਾਂ ਕਰੋੜਾਂ ਦਾ ਕਥਿਤ ਘੁਟਾਲਾ ਸਾਹਮਣੇ ਆ ਸਕਦਾ ਹੈ। ਇਸ ਮੌਕੇ ਜਿਲਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਇਹ ਸਮੁੱਚਾ ਮਾਮਲਾ ਪਾਰਟੀ ਹਾਈਕਮਾਨ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਜਿਸ ਤਹਿਤ ਅੱਜ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਬਠਿੰਡਾ ਆਏ ਹਨ। ਉਨਾਂ ਆਖਿਆ ਕਿ ਆਮ ਆਦਮੀ ਪਾਰਟੀ ਜਲਦੀ ਹੀ ਅਸੀਂ ਇਸ ਸਬੰਧੀ ਖੁਲਾਸਾ ਕਰੇਗੀ ਅਤੇ ਸੰਘਰਸ਼ ਵੀ ਵਿੱਢਿਆ ਜਾਏਗਾ।