ਮੈਲਬੌਰਨ : (ਬਲਿਹਾਰ ਸੰਧੂ)
ਕਰੋਨਾ ਮਹਾਮਾਰੀ ਦੇ ਦੂਜੇ ਦੌਰ ਦੇ ਚੱਲਦਿਆਂ ਅਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊ ਨੇ ਅੱਜ ਸੂਬੇ ਨੂੰ ਤਬਾਹੀ ਦੀ ਸਥਿਤੀ ਵਿੱਚ ਘੋਸ਼ਿਤ ਕਰ ਦਿੱਤਾ ਹੈ। ਜਿਸਦੇ ਨਾਲ ਹੀ ਅੱਜ ਸ਼ਾਮ 6 ਵਜੇ ਤੋਂ ਸੂਬੇ ਵਿੱਚ ਚੌਥੀ ਸਟੇਜ ਦੀਆਂ ਪਾਬੰਦੀਆਂ ਲਾਗੂ ਹੋ ਗਈਆਂ ਹਨ। ਇਸ ਦੌਰਾਨ ਪੁਲਿਸ ਨੂੰ ਸਥਿਤੀ ਨਾਲ ਨਜਿੱਠਣ ਲਈ ਹੋਰ ਸ਼ਕਤੀਆਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਵਾਰੇ ਹੋਰ ਵੇਰਵੇ ਆਉਣ ਵਾਲੇ ਦਿਨਾਂ ਵਿੱਚ ਦਿੱਤੇ ਜਾਣਗੇ। ਸਟੇਜ ਚਾਰ ਦੀਆਂ ਪਾਬੰਦੀਆਂ ਵਿੱਚ ਰਾਤ ਦਾ ਕਰਫਿਊ ਵੀ ਸ਼ਾਮਿਲ ਹੈ ਭਾਵ ਅੱਜ ਰਾਤ ਤੋਂ ਸ਼ੁਰੂ ਹੋਣ ਵਾਲੀਆਂ ਪਾਬੰਦੀਆਂ ਅਨੁਸਾਰ ਰਾਤ ਦੇ 8 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਜਾਰੀ ਰਿਹਾ ਕਰੇਗਾ। ਕਰਫਿਊ ਦੌਰਾਨ ਕੰਮ ਤੇ ਜਾਣ, ਡਾਕਟਰੀ ਸਹਾਇਤਾ ਲੈਣ ਜਾਂ ਅਜਿਹੀ ਸਹਾਇਤਾ ਪ੍ਰਦਾਨ ਕਰਨ ਲਈ ਹੀ ਘਰੋਂ ਬਾਹਰ ਜਾ ਸਕਦੇ ਹੋ। ਦਿਨ ਵੇਲੇ ਘਰੋਂ ਬਾਹਰ ਨਿਕਲਣ ਲਈ ਚਾਰ ਕਾਰਣ ਹਨ ਜਿਨ੍ਹਾਂ ਵਿੱਚ ਜਰੂਰੀ ਵਸਤਾਂ ਦੀ ਖ੍ਰੀਦੋ ਫਰੋਖਤ, ਕੰਮ ਲਈ ਜਾਣਾ, ਡਾਕਟਰੀ ਸਹਾਇਤਾ ਲਈ ਅਤੇ ਕਸਰਤ ਕਰਨ ਲਈ ਸ਼ਾਮਿਲ ਹਨ ਪਰ ਹੁਣ ਇਹਨਾਂ ਨਾਲ ਸ਼ਰਤਾਂ ਵੀ ਹਨ। ਖ੍ਰੀਦੋ ਫਰੋਖਤ ਲਈ ਆਪਣੀ ਰਿਹਾਇਸ਼ ਤੋਂ 5 ਕਿਲੋਮੀਟਰ ਦੇ ਘੇਰੇ ਵਿੱਚ ਜਾ ਸਕਦੇ ਹੋ। ਘਰ ਦਾ ਇੱਕ ਮੈਂਬਰ ਹੀ ਇਸ ਕੰਮ ਲਈ ਜਾ ਸਕਦਾ ਹੈ ਅਤੇ ਇੱਕ ਘੰਟੇ ਦਾ ਸਮਾਂ ਵੀ ਨਿਯਤ ਕੀਤਾ ਗਿਆ ਹੈ। ਇਵੇਂ ਹੀ ਕਸਰਤ/ਸੈਰ ਕਰਨ ਲਈ ਵੀ ਆਪਣੀ ਰਿਹਾਇਸ਼ ਦੇ 5 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਨਾ ਹੀ ਦੋ ਤੋਂ ਵੱਧ ਵਿਅਕਤੀ ਇਕੱਠੇ ਕਸਰਤ/ਸੈਰ ਕਰ ਸਕਣਗੇ ਅਤੇ ਇਹ ਵੀ ਇੱਕ ਘੰਟੇ ਤੱਕ ਹੀ ਸੀਮਤ ਹੈ।
ਜਿਹੜੇ ਸਕੂਲ ਖੁੱਲੇ ਸਨ ਉਹ ਵੀ ਬੁੱਧਵਾਰ ਤੋਂ ਆਨ ਲਾਈਨ ਸਿੱਖਿਆ ਹੀ ਪ੍ਰਦਾਨ ਕਰਨਗੇ।
ਇਸ ਵੇਲੇ ਇਹ ਪਾਬੰਦੀਆਂ 13 ਸਤੰਬਰ ਤੱਕ ਲਈ ਐਲਾਨੀਆਂ ਗਈਆਂ ਹਨ ਪਰ ਇਹ ਡਾਕਟਰੀ ਮਾਹਿਰਾਂ ਦੀ ਸਿਫਾਰਸ਼ ਦੇ ਮੱਦੇਨਜ਼ਰ ਪਹਿਲਾਂ ਵੀ ਖਤਮ ਕੀਤੀਆਂ ਜਾ ਸਕਦੀਆਂ ਹਨ ਅਤੇ ਵਧਾਈਆਂ ਵੀ ਜਾ ਸਕਦੀਆਂ ਹਨ।
ਹੋਰ ਵਧੇਰੇ ਜਾਣਕਾਰੀ ਲਈ ਵਿਕਟੋਰੀਅਨ ਪ੍ਰੀਮੀਅਰ ਦੇ ਫੇਸਬੁੱਕ ਪੇਜ facebook.com/DanielAndrewMP
ਅਤੇ ਸਿਹਤ ਵਿਭਾਗ ਦੀ ਵੈੱਬਸਾਈਟ www.dhhs.vic.gov.au/coronavirus ਤੇ ਜਾ ਸਕਦੇ ਹੋ।
ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਜਾਣਕਾਰੀ ਲੈਣ ਵਾਸਤੇ 131450 ਨੰਬਰ ‘ਤੇ ਕਾਲ ਕਰ ਸਕਦੇ ਹੋ।