ਇਹ ਕੌਣ ਬੂਹਾ ਖੜਕਾਉਂਦਾ ਏ, ਉਹ ਤਾਂ ਨਹੀਂ?
ਸੁੱਤੀ ਤਕਦੀਰ ਜਗਾਉਂਦਾ ਏ, ਉਹ ਤਾਂ ਨਹੀਂ?
ਜੇ ਸ਼ਹਿਰ ਮੇਰੇ ਤੋਂ ਤੁਰਦਾ ਕੋਈ ਪਰਦੇਸਾਂ ਨੂੰ
ਤਾਂ ਦਿਲ ਮੇਰਾ ਘਬਰਾਉਂਦਾ ਏ, ਉਹ ਤਾਂ ਨਹੀਂ?
ਰਾਤਾਂ ਦੀ ਨੀਂਦ ਗੁਆਚ ਗਈ, ਜਦ ਵੀ ਸੌਵਾਂ
ਕੋਈ ਬਾਹੋਂ ਪਕੜ ਹਿਲਾਉਂਦਾ ਏ, ਉਹ ਤਾਂ ਨਹੀਂ?
ਜੇ ਪੌਣਾ ਵਿੱਚੋਂ ਹੰਝੂਆਂ ਦੀ ਖੁਸ਼ਬੂ ਆਵੇ
ਚਿੱਤ ਮੇਰਾ ਓਦਰ ਜਾਂਦਾ ਏ, ਉਹ ਤਾਂ ਨਹੀਂ?
ਕਦੇ ਬਾਰੀ ਵਿੱਚੋਂ ਝਾਕਦਾ ਏ, ਕਦੇ ਬੂਹੇ ‘ਚੋਂ
ਇਹ ਕੌਣ ਮੈਨੂੰ ਭਰਮਾਉਂਦਾ ਏ, ਉਹ ਤਾਂ ਨਹੀਂ?
ਜਦ ਤੁਰਾਂ ਭੁਲੇਖੇ ਪੈਂਦੇ ਨੇ, ਮੁੜ ਮੁੜ ਵੇਖਾਂ
ਕੋਈ ਮਗਰੇ ਤੁਰਿਆ ਆਉਂਦਾ ਏ, ਉਹ ਤਾਂ ਨਹੀਂ?
ਕਦੇ ਗਜ਼ਲਾਂ ਦੀ ਸੱਦ ਦੇਂਦਾ ਏ, ਕਦੇ ਸ਼ਿਅਰ ਕਹੇ
ਕਦੇ ਵਿੱਚ ਬਰੂਹਾਂ ਗਾਉਂਦਾ ਏ, ਉਹ ਤਾਂ ਨਹੀਂ?
ਰੁਤਬੇ ਨੂੰ ਸਾਹਬ ਲਗਾਉਂਦੇ ਨੇ, ਕਈ ਗੋਤਰ ਨੂੰ
ਇਹ ‘ਵਿਜੈ’ ਆਖ ਬੁਲਾਉਂਦਾ ਏ, ਉਹ ਤਾਂ ਨਹੀਂ?