ਸਾਲ 2020 ਵੈਸੇ ਵੀ ਦੁਨੀਆਂ ਲਈ ਬੜਾ ਮਨਹੂਸ ਨਿੱਬੜਦਾ ਹੁੰਦਾ ਜਾ ਰਿਹਾ ਹੈ ਸਾਰੇ ਹੀ ਖੇਤਰਾਂ ਨੂੰ ਕਰੋਨਾ ਦੀ ਮਾਹਾਂਮਾਰੀ ਬੁਰੀ ਤਰ੍ਹਾਂ ਠੱਪ ਕਰਕੇ ਰੱਖ ਦਿੱਤਾ ਹੈ ਖਾਸ ਕਰਕੇ ਖੇਡਾਂ ਜੇਕਰ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰੀਏ ਤਾਂ 2020 ਵਿੱਚ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ,ਟਵੰਟੀ ਟਵੰਟੀ ਕ੍ਰਿਕਟ ਵਰਲਡ ਕੱਪ , ਯੂਰੋ ਫੁੱਟਬਾਲ ਕੱਪ,ਯੂਰਪੀਅਨ ਫੁੱਟਬਾਲ ਲੀਗ, ਪ੍ਰੋ ਹਾਕੀ ਲੀਗ, ਪ੍ਰੋ ਕਬੱਡੀ ਲੀਗ, ਟੈਨਿਸ ਦੇ ਵੱਡੇ ਟੂਰਨਾਮੈਂਟ, ਵਿਸਵ ਐਥੇਲੈਟਿਕਸ ਚੈਂਪੀਅਨਸ਼ਿਪ ਅਤੇ ਹੋਰ ਕਈ ਵੱਡੇ ਟੂਰਨਾਮੈਂਟ ਰੱਦ ਹੋ ਗਏ ਹਨ ਜਾਂ ਅੱਗੇ ਪੈ ਗਏ ਹਨ ਪੂਰੀ ਦੁਨੀਆਂ ਦੇ ਖੇਡ ਜਗਤ ਵਿੱਚ ਇੱਕ ਤਰ੍ਹਾਂ ਦਾ ਸੋਕਾ ਪੈ ਗਿਆ ਹੈ ਵਿਸ਼ਵ ਪੱਧਰ ਦੀਆਂ ਖੇਡ ਸੰਸਥਾਵਾਂ ਅਤੇ ਖਿਡਾਰੀ ਆਰਥਿਕ ਤੌਰ ਤੇ ਕਮਜ਼ੋਰ ਪੈ ਗਏ ਹਨ ਖੇਡ ਸਟੇਡੀਅਮਾਂ ਚ ਵਿਰਾਨੀ ਛਾ ਗਈ ਹੈ । ਫਿਰ ਵੀ ਜਿਹੜੀਆਂ ਦੁਨੀਆਂ ਦੀਆਂ ਕਿਸੇ ਕਦੇ ਕਾਨੂੰਨ ਤਹਿਤ ਚੱਲਣ ਵਾਲੀਆਂ ਮਾਨਤਾ ਪ੍ਰਾਪਤ ਖੇਡ ਐਸੋਸੀਏਸ਼ਨ ਜਾਂ ਫੈਡਰੇਸ਼ਨਾਂ ਹਨ ਜਾਂ ਜੋ ਵੱਖ ਵੱਖ ਖੇਡਾਂ ਨਾਲ ਸਬੰਧਤ ਦੁਨੀਆਂ ਵਿੱਚ ਲੀਗ ਚੱਲਦੀਆਂ ਹਨ ਉਨ੍ਹਾਂ ਦੇ ਪ੍ਰਬੰਧਕਾਂ ਨੇ ਜੋ ਵੀ ਆਪਣੇ ਖਿਡਾਰੀਆਂ ਨਾਲ ਇਕਰਾਰ ਕੀਤੇ ਹਨ ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਕੁੱਝ ਘੱਟ ਵੱਧ ਮਾਇਆ ਦੇ ਕੇ ਖਿਡਾਰੀਆਂ ਦਾ ਖਿਆਲ ਰੱਖਿਆ ਹੋਇਆ ਹੈ ਉਨ੍ਹਾਂ ਦੀ ਜ਼ਿੰਦਗੀ ਦੀ ਗੱਡੀ ਪਟੜੀ ਤੋਂ ਲੱਥਣ ਨਹੀਂ ਦਿੱਤੀ ਹੈ ਪਰ ਪੰਜਾਬੀਆਂ ਦੀ ਮਕਬੂਲ ਖੇਡ ਕਬੱਡੀ ਜਿਸ ਦੀ ਹਰ ਰੋਜ਼ ਪੰਜਾਬ ਦੇ ਹਰ ਪਿੰਡ ਪਿੰਡ ਕਬੱਡੀ ਪੈਂਦੀ ਸੀ ਖਿਡਾਰੀ ਲੱਖਾਂ ਦੇ ਨਾਮ ਅਤੇ ਮੋਟਰਸਾਈਕਲ ਜਿੱਤਦੇ ਸਨ ਜਾਂ ਬਾਹਰਲੇ ਮੁਲਕਾਂ ਵਿੱਚ ਕਬੱਡੀ ਵਾਲਿਆਂ ਦੀ ਤੂਤੀ ਬੋਲਦੀ ਸੀ ਉਹ ਕਰੋਨਾ ਦੀ ਮਹਾਂਮਾਰੀ ਦੌਰਾਨ ਇੱਕ ਦਮ ਅਰਸ਼ ਤੋਂ ਫਰਸ਼ ਤੇ ਆ ਗਈ ਹੈ ਚੰਗੇ ਤੋਂ ਚੰਗੇ ਕਬੱਡੀ ਖਿਡਾਰੀਆਂ ਦੀ ਹਾਲਤ ਵੀ ਬਦ ਤੋਂ ਬਦਤਰ ਹੋ ਗਈ ਹੈ ਸਰਕਲ ਸਟਾਈਲ ਕਬੱਡੀ ਦਾ ਕੋਈ ਮਾਈ ਬਾਪ ਨਹੀਂ ,ਨਾ ਕੋਈ ਅਜਿਹੀ ਇੰਡੀਆ ਜਾਂ ਦੁਨੀਆਂ ਦੇ ਪੱਧਰ ਤੇ ਸੰਸਥਾ ਹੈ ਜੋ ਕਬੱਡੀ ਖੇਡ ਨੂੰ ਜਾਂ ਕਬੱਡੀ ਖਿਡਾਰੀਆਂ ਨੂੰ ਕਿਸੇ ਮੁਕਾਮ ਤੇ ਪਹੁੰਚਾ ਸਕੇ ਜਾਂ ਉਨ੍ਹਾਂ ਦੀ ਬਣਦੀ ਮੱਦਦ ਕਰ ਸਕੇ ਇਹ ਜ਼ਰੂਰ ਹੈ ਕਿ 10, 12 ਧਨਾਡ ਬੰਦੇ ਇਕੱਠੇ ਹੋ ਕੇ ਕੋਈ ਨਾ ਕੋਈ ਕਬੱਡੀ ਫੈਡਰੇਸ਼ਨ ਜਾਂ ਕੋਈ ਹੋਰ ਕਬੱਡੀ ਸੰਸਥਾ ਬਣਾ ਲੈਂਦੇ ਹਨ ਉਹ ਆਪਣਾ ਕਬੱਡੀ ਸ਼ੌਕ ਤਾ ਪੂਰਾ ਕਰ ਲੈਂਦੇ ਹਨ ਪਰ ਕਬੱਡੀ ਖਿਡਾਰੀਆਂ ਦੇ ਭਵਿੱਖ ਦੇ ਵਾਰਸ ਉਹ ਕਦੇ ਵੀ ਨਹੀਂ ਬਣ ਸਕਦੇ ਜਿੰਨਾ ਸਮਾਂ ਕਿਸੇ ਕਬੱਡੀ ਖਿਡਾਰੀ ਵਿੱਚ ਦਮ ਹੁੰਦਾ ਹੈ ਉਹ ਲੋਕਾਂ ਦਾ ਹੀਰੋ ਅਤੇ ਮਾਇਆ ਦਾ ਵਧੀਆ ਗੱਫਾ ਉਸ ਨੂੰ ਮਿਲਦਾ ਹੈ ਜਦੋਂ ਖਿਡਾਰੀ ਦਾ ਦਮ ਹੋਇਆ ਖਤਮ ਫਿਰ ਵਿਚਾਰਾ “ਧੋਬੀ ਦੇ ਕੁੱਤੇ ਵਾਂਗ ਨਾ ਘਰ ਦਾ, ਨਾ ਘਾਟ ਦਾ” ਹੋ ਕੇ ਰਹਿ ਜਾਂਦਾ ਹੈ ਪੰਜਾਬ ਸਰਕਾਰ ਨੇ 5,6 ਵਿਸ਼ਵ ਕਬੱਡੀ ਕੱਪ ਮੁਕਾਬਲੇ ਅਤੇ ਦੋ ਤਿੰਨ ਕਬੱਡੀ ਲੀਗ ਕਰਵਾਈਆ ਸਨ ਜੇਕਰ ਉਨ੍ਹਾਂ ਸਾਰੇ ਜੇਤੂ ਖਿਡਾਰੀਆਂ ਨੂੰ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਨੌਕਰੀ ਦਿੱਤੀ ਹੁੰਦੀ ਤਾਂ ਘੱਟੋ ਘੱਟ ਹੁਣ ਤੱਕ 200 ਤੋਂ 300 ਤੱਕ ਕਬੱਡੀ ਖਿਡਾਰੀਆਂ ਨੇ ਰੁਜ਼ਗਾਰ ਦੇ ਲੇਖੇ ਲੱਗੇ ਹੋਣਾ ਸੀ ਹੋਰ ਤਾਂ ਹੋਰ ਜੇਕਰ ਪੰਜਾਬ ਸਰਕਾਰ ਕਬੱਡੀ ਖੇਡ ਪ੍ਰਤੀ ਗੰਭੀਰ ਹੁੰਦੀ ਤਾਂ ਘੱਟੋ ਘੱਟ ਆਪਣੀ ਖੇਡ ਨੀਤੀ ਵਿੱਚ ਕਬੱਡੀ ਖੇਡ ਪ੍ਰਤੀ ਜਾਂ ਖਿਡਾਰੀਆਂ ਪ੍ਰਤੀ ਕੁਝ ਨਾ ਕੁਝ ਰਾਖਵਾਂ ਕਰ ਦਿੰਦੀ ਜਿਸ ਨਾਲ ਕੁਝ ਖਿਡਾਰੀਆਂ ਨੂੰ ਸਟੇਟ ਐਵਾਰਡ ਮਿਲ ਜਾਂਦੇ ਕੁਝ ਹੋਰ ਫ਼ਾਇਦਾ ਹੋ ਜਾਂਦਾ ਪਰ ਨਹੀਂ ਉਹ ਸਰਕਾਰਾਂ ਜਾਂ ਰਾਜਨੀਤਕ ਪਾਰਟੀਆਂ ਨੇ ਸਿਰਫ ਤੇ ਸਿਰਫ ਕਬੱਡੀ ਨੂੰ ਆਪਣੀ ਵੋਟਾਂ ਦੀ ਰਾਜਨੀਤੀ ਲਈ ਹੀ ਵਰਤਿਆ ਹੈ ਅੱਗੇ ਭਵਿੱਖ ਵਿੱਚ ਵੀ ਇਹ ਰਾਜਨੀਤਿਕ ਲੋਕ ਕਬੱਡੀ ਨੂੰ ਇਸ ਤਰ੍ਹਾਂ ਹੀ ਵਰਤਣਗੇ ।ਕਿੱਥੇ ਗਿਆ ਸੁਖਬੀਰ ਸਿੰਘ ਬਾਦਲ ਦਾ ਐਲਾਨ ਜਿਹੜਾ ਕਹਿੰਦਾ ਸੀ ਮੈਂ 2016 ਬ੍ਰਾਜ਼ੀਲ ਓਲੰਪਿਕ ਖੇਡਾਂ ਵਿੱਚ ਕਬੱਡੀ ਖੇਡ ਨੂੰ ਲੈ ਕੇ ਜਾਵਾਂਗਾ ਕਿੱਥੇ ਗਿਆ ਕੈਪਟਨ ਦਾ ਐਲਾਨ ਜਿਹੜਾ ਕਹਿੰਦਾ ਸੀ ਕਬੱਡੀ ਦੇ ਵਿਸ਼ਵ ਕੱਪ ਜਾਰੀ ਰਹਿਣਗੇ । ਪੰਜਾਬ ਦੇ ਕਬੱਡੀ ਖਿਡਾਰੀਆਂ ਦੀ ਜ਼ਿੰਦਗੀ ਦਾ ਸੌਖਾ ਨਿਰਬਾਹ ਚੱਲਦਾ ਸੀ ਅਮਰੀਕਾ, ਕੈਨੇਡਾ ਇੰਗਲੈਂਡ ,ਆਸਟਰੇਲੀਆ ਅਤੇ ਯੂਰਪ ਮੁਲਕਾਂ ਵਿੱਚ ਹੁੰਦੇ ਕਬੱਡੀ ਟੂਰਨਾਮੈਂਟਾਂ ਤੋਂ ਜਿੱਥੇ ਇੱਜ਼ਤ ,ਮਾਣ, ਸਨਮਾਨ ਅਤੇ ਪੈਸਾ ਵੀ ਮਿਲਦਾ ਸੀ ਪਿਛਲੇ ਸਾਲ ਇੰਗਲੈਂਡ ਅਤੇ ਟੋਰਾਂਟੋ ਵਿੱਚ ਕਬੱਡੀ ਨਹੀਂ ਹੋਈ ਇਸ ਵਾਰ ਕਰੋਨਾ ਮਾਹਾਂਮਾਰੀ ਕਰਕੇ ਦੁਨੀਆਂ ਵਿੱਚ ਕਿਤੇ ਵੀ ਕਬੱਡੀ ਨਹੀਂ ਹੋਈ ਪਹਿਲਾਂ ਕਬੱਡੀ ਨੂੰ ਡੋਪ ਟੈੱਸਟਾਂ ਦਾ ਫੋਬੀਆ ਹੋਇਆ ਸੀ ਹੁਣ ਕਰੋਨਾ ਦਾ ਨਮੂਣੀਆ ਹੋ ਗਿਆ ਹੈ ਕਰੋਨਾਂ ਦੇ ਹਾਲਾਤ ਜਲਦੀ ਸੁਧਰਨ ਦੇ ਆਸਾਰ ਨਹੀਂ ਦਿੱਸਦੇ ਦੁਨੀਆਂ ਦੀ ਆਰਥਿਕ ਵਿਵਸਥਾ ਖੜ੍ਹ ਗਈ ਹੈ ਦੁਨੀਆਂ ਦੇ ਜਹਾਜ਼ ਖੜ੍ਹ ਗਏ ਹਨ ਦੁਨੀਆਂ ਦੇ ਵੀਜ਼ੇ ਬੰਦ ਹੋ ਗਏ ਹਨ । ਕਰੋਨਾ ਨੇ ਲੋਕਾਂ ਨੂੰ ਮੌਤ ਦੇ ਖੌਫ ਦਾ ਅਜਿਹਾ ਸੁਨੇਹਾ ਦੇ ਦਿੱਤਾ ਕਿ ਕੋਈ ਇੱਕ ਦੂਜੇ ਨਾਲ ਹੱਥ ਮਿਲਾ ਕੇ ਰਾਜੀ ਨਹੀ, ਲੋਕਾਂ ਨੂੰ ਆਪਣੀ ਰੋਜ਼ੀ ਰੋਟੀ ਦੇ ਲਾਲੇ ਪੈ ਗਏ ਹਨ ਜਦੋਂ ਗੱਲ ਹੀ ਆਪੋ ਆਪਣੀ ਜ਼ਿੰਦਗੀ ਬਚਾਉਣ ਤੱਕ ਸੀਮਤ ਹੋ ਜਾਵੇ ਫਿਰ ਤਾਂ ਕਬੱਡੀ ਸਪਾਂਸਰ ਜਾਂ ਕਬੱਡੀ ਕਰਵਾਉਣ ਵਾਲੇ ਦੀਵਾ ਲਾਇਆ ਵੀ ਨਹੀਂ ਲੱਭਣੇ , ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇਹ ਕਰੋਨਾਂ ਦੀ ਮਹਾਂਮਾਰੀ ਦੁਨੀਆਂ ਦੇ ਜਿਉਣ ਦੇ ਰੰਗ ਢੰਗ ਨੂੰ ਹੀ ਬਦਲ ਦੇਵੇ ਭਵਿੱਖ ਵਿੱਚ ਸਰੀਰਕ ਟੱਚ ਵਾਲੀਆਂ ਖੇਡਾਂ ਤੇ ਹੀ ਪਾਬੰਦੀ ਲੱਗ ਜਾਵੇ ਕਿਉਂਕਿ ਜਿਸ ਤਰ੍ਹਾਂ ਵਿਆਹਾਂ ਭੋਗਾਂ ਅਤੇ ਹੋਰ ਵੱਡੇ ਇਕੱਠਾਂ ਉੱਤੇ ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਹੈ ਕਿਤੇ ਵੀ ਪੱਚੀ ਤੀਹ ਬੰਦਿਆਂ ਤੋਂ ਵੱਧ ਦਾ ਇਕੱਠ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਹੈ।ਕਹਿਣ ਦਾ ਮਤਬਲ ਹੈ ਕਿ ਭਵਿੱਖ ਵਿੱਚ ਕਬੱਡੀ ਕੱਪਾਂ ਦਾ ਹੋਣਾ ਬਹੁਤ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਵੀ ਹੈ। ਅੱਜ ਅਥਲੈਟਿਕਸ ,ਫੁੱਟਬਾਲ ਹਾਕੀ ਆਦਿ ਹੋਰ ਖੇਡਾਂ ਨਾਲ ਸਬੰਧਤ ਤਾਂ ਬਹੁਤੇ ਖਿਡਾਰੀ ਸਰਕਾਰੀ ਨੌਕਰੀਆਂ ਹੋਣ ਕਰਕੇ ਆਪਣੀ ਜ਼ਿੰਦਗੀ ਦਾ ਨਿਰਵਾਹ ਤਨਖਾਹਾ ਜਰੀਏ ਸੌਖਿਆਂ ਹੀ ਕਰ ਰਹੇ ਹਨ ਪਰ ਕਬੱਡੀ ਖਿਡਾਰੀ ਜਿੰਨਾਂ ਕੋਲ ਨਾ ਰੁਜਗਾਰ ਹੈ ਤੇ ਨਾ ਹੀ ਹੋਰ ਕੋਈ ਅਜਿਹਾ ਸਾਧਨ ਹੈ ਜਿੱਥੋਂ ਆਰਥਿਕ ਪੱਖ ਤੋਂ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਖਿਆਲ ਰੱਖ ਸਕਣ। ਕਿਸੇ ਵੀ ਪਾਸਿਓਂ ਕਬੱਡੀ ਖਿਡਾਰੀਆਂ ਲਈ ਕੋਈ ਸੁੱਖ ਦਾ ਸੁਨੇਹਾ ਨਹੀਂ ਦਿਸਦਾ , ਕਬੱਡੀ ਖੇਡ ਫੈਡਰੇਸ਼ਨਾਂ ਵਾਲੇ ਵੀ ਅਜਿਹੇ ਹਾਲਾਤਾਂ ਵਿੱਚ ਕੁੱਝ ਨਹੀਂ ਕਰ ਸਕਦੇ, ਕਬੱਡੀ ਦੇ ਨਾਂ ਤੇ ਰੋਟੀਆਂ ਸੇਕਣ ਵਾਲੇ ਜੁਗਾੜੀ ਤਾਂ ਘੁਰਨਿਆਂ ਵਿੱਚ ਵੜ ਗਏ ਉਹ ਤਾਂ ਉਸ ਵਕਤ ਤੇ ਨਿਕਲਣਗੇ ਜਦੋਂ ਕਬੱਡੀ ਕਿਸੇ ਲੀਹ ਤੇ ਹੋਵੇਗੀ ਸਰਕਾਰਾਂ ਦੀ ਕਬੱਡੀ ਖੇਡ ਪ੍ਰਤੀ ਜਾਂ ਖਿਡਾਰੀਆਂ ਪ੍ਰਤੀ ਕੋਈ ਗੰਭੀਰਤਾ ਨਹੀਂ , ਆਪਣੇ ਬਲਬੂਤੇ ਤੇ ਚੱਲਦੀ ਪੰਜਾਬੀਆਂ ਦੀ ਕਬੱਡੀ ਨੂੰ ਕਰੋਨਾ ਨੇ ਬਿਨਾਂ ਸ਼ੱਕ ਆਪਣੇ ਜਬਾੜੇ ਚ ਕੈਦ ਕਰ ਲਿਆ ਤੇ ਹੁਣ ਕਬੱਡੀ ਵਾਲੇ ਆਪ ਹੀ ਸੋਚਣ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਇਨ੍ਹਾਂ ਹਾਲਾਤਾਂ ਵਿੱਚ ਆਪਣਾ ਭਵਿੱਖ ਸੁਰੱਖਿਅਤ ਰੱਖਣਾ ਹੈ ਕਬੱਡੀ ਖੇਡ ਅਤੇ ਕਬੱਡੀ ਖਿਡਾਰੀਆਂ ਤੇ ਬੱਸ ਰੱਬ ਭਲੀ ਕਰੇ । ਕਬੱਡੀ ਦਾ ਰੱਬ ਰਾਖਾ !
ਜਗਰੂਪ ਸਿੰਘ ਜਰਖੜ
ਖੇਡ ਲੇਖਕ
9814300722