ਰਜਨੀ ਵਾਲੀਆ, ਕਪੂਰਥਲਾ
ਜੇ ਨਾਨਕ ਨੂੰ ਜਾਨਣਾਂ ਚਾਹੁੰਨੈਂ,
ਤਾਂ ਅੰਦਰ ਖੋਲ ਪਿਆਰੇ |
ਸਿਮਰਨ ਕਰਕੇ ਲੈ-ਲੈ ਚਾਬੀ,
ਤਾਂ ਕਿ ਤਾਲੇ ਖੁੱਲ ਜਾਣ ਸਾਰੇ |
ਮੋਦੀ ਖਾਨੇਂ ਦੇ ਵਿੱਚ ਬਹਿ,
ਕੇ ਬਾਬਾ ਤੂੰ ਐਸਾ ਬੋਲੇਂ |
ਦਮ -ਦਮ ਨਾਲ ਧਿਆਵੇਂ,
ਮਾਲਕ ਤੇ ਤੇਰਾ-ਤੇਰਾ ਤੋਲੇਂ |
ਭੁੱਖੇ ਗਰੀਬ ਦੀ ਰੋਟੀ ਪੱਕਦੀ,
ਆ ਅੰਨ ਲੈ ਜਾਣ ਵਿਚਾਰੇ |
ਜੇ ਨਾਨਕ ਨੂੰ ਜਾਨਣਾਂ ਚਾਹੁੰਨੈਂ,
ਤਾਂ ਅੰਦਰ ਖੋਲ ਪਿਆਰੇ |
ਸੱਜਣ ਵਰਗਾ ਠੱਗ ਬਣੀਂ ਨਾ,
ਤੇ ਨਾ ਲੁੱਟ ਲਈਂ ਦੁਨੀਆਂ ਸਾਰੀ |
ਤੂੰ ਪੂੰਜੀਂ ਹੰਝੂ ਹਰ ਅੱਖ ਦੇ,
ਤੇ ਵੱਢਣੇਂ ਨੂੰ ਨਾ ਰੱਖੀਂ ਆਰੀ |
ਏਨਾਂ ਨਾ ਤੂੰ ਕਹਿਰ ਕਮਾਵੀਂ,
ਕਿ ਅੰਬਰੋਂ ਨਾ ਟੁੱਟਣ ਤਾਰੇ |
ਜੇ ਨਾਨਕ ਨੂੰ ਜਾਨਣਾਂ ਚਾਹੁੰਨੈਂ,
ਤਾਂ ਅੰਦਰ ਖੋਲ ਪਿਆਰੇ |
ਬਾਲ ਵਰੇਸੇ ਤੈਨੂੰ ਵਗ ਚਾਰਦਿਆਂ,
ਬਾਬਾ ਖੇਤੀਂ ਪਿਆ ਸੀ ਸੌਣਾਂ |
ਤੱਕ ਸਿਖਰ ਦੁਪਹਿਰੇ ਧੁੱਪ ਤਿਖੇਰੀ,
ਛਾਂ ਲਈ ਨਾਗਾਂ ਨੂੰ ਪਿਆ ਸੀ ਆਉਣਾਂ |
ਦੂਣ ਸਵਾਈਆਂ ਹੋਈਆਂ ਫਸਲਾਂ,
ਬਾਬਾ ਜੀ ਵਗ ਜਿੱਥੇ ਤੂੰ ਚਾਰੇ |
ਜੇ ਨਾਨਕ ਨੂੰ ਜਾਨਣਾਂ ਚਾਹੁੰਨੈਂ,
ਤਾਂ ਅੰਦਰ ਖੋਲ ਪਿਆਰੇ |
ਕਪਟੀ ਤੇ ਹੰਕਾਰੀ ਬਾਬਾ ਮੇਰੇ,
ਮੇਰੇ ਮਨ ਨੂੰ ਕਦੀ ਨਈਂ ਭਾਏ |
ਜੋ ਵੀ ਤੇਰੀ ਰਜ਼ਾ ਚ ਰਹਿੰਦੇ,
ਵੇਖੇ ਸਦਾ ਹੁੰਦੇ ਦੂਣ ਸਵਾਏ |
ਰਵਾਂ ਉਹਨਾਂ ਤੋਂ ਦੂਰ ਸਦਾ ਮੈਂ,
ਜੋ ਲਾਵਣ ਗੱਲ-ਗੱਲ ਤੇ ਲਾਰੇ |
ਜੇ ਨਾਨਕ ਨੂੰ ਜਾਨਣਾਂ ਚਾਹੁੰਨੈਂ,
ਤਾਂ ਅੰਦਰ ਖੋਲ ਪਿਆਰੇ |
ਖੇਤ ਤੇਰੇ ਤਾਂ ਅੱਜ ਵੀ ਵਗਦੇ,
ਫਸਲਾਂ ਹੋਵਣ ਦੂਣ ਸਵਾਈਆਂ |
ਵੱਡਾ ਤੂੰ ਸਭ ਨਿੱਕੇ ਈ ਨਿੱਕੇ,
ਤੇ ਤੂੰ ਖੁਦ ਦੇਵੇਂ ਵਡਿਆਈਆਂ |
ਉੱਚਾ ਸੁੱਚਾ ਤੂੰ ਧੰਨ ਗੂਰੂ ਨਾਨਕ,
ਵਿੱਚ ਕਰਤਾਰਪੁਰੇ ਕਰਤਾਰੇ |
ਜੇ ਨਾਨਕ ਨੂੰ ਜਾਨਣਾਂ ਚਾਹੁੰਨੈਂ,
ਤਾਂ ਅੰਦਰ ਖੋਲ ਪਿਆਰੇ |
ਦੋ-ਦੋ ਨੇਂ ਤੇਰੇ ਸਾਜੀ ਬਾਬਾ ਜੀ,
ਇੱਕ ਬਾਲਾ ਤੇ ਇੱਕ ਮਰਦਾਨਾ |
ਧੁਰ ਦਰਗਾਹੋਂ ਆਵੇ ਬਾਣੀਂ ਮੁੱਖ ਤੇ,
ਬੈਠ ਸਾਹਮਣੇਂ ਸਰਵਣ ਕਰੇ ਜਮਾਨਾ |
ਦੀਪਕ ਦੀ ਲੌਅ ਵਾਂਗੂ ਜਗਦਾ,
ਮੇਰਾ ਨਾਨਕ ਜੋ ਵੀ ਸ਼ਬਦ ਉਚਾਰੇ |
ਜੇ ਨਾਨਕ ਨੂੰ ਜਾਨਣਾਂ ਚਾਹੁੰਨੈਂ,
ਤਾਂ ਅੰਦਰ ਖੋਲ ਪਿਆਰੇ |
ਬਣੀਂ ਰਜਨੀਂ ਤੇਰੇ ਦਰ ਦੀ ਕੂਕਰ,
ਹੁਣ ਤੈਥੋਂ ਰੱਜ-ਰੱਜ ਲਏ ਦੁਆਵਾਂ |
ਆਪਣਾਂ ਤਾਂ ਅੱਗਾ ਪਿੱਛਾ ਭੁੱਲਿਆ,
ਹੁਣ ਬਸ ਚੇਤਾ ਈ ਤੇਰਾ ਨਾਵਾਂ |
ਕੱਖੋਂ ਲੱਖ ਤੂੰ ਕਰ ਦਿੱਤਾ ਏ,
ਸੱਚੀਂ ਤੂੰ ਮੈਨੂੰ ਦੇ ਕੇ ਚੰਦ ਇਸ਼ਾਰੇ |
ਜੇ ਨਾਨਕ ਨੂੰ ਜਾਨਣਾਂ ਚਾਹੁੰਨੈਂ,
ਤਾਂ ਅੰਦਰ ਖੋਲ ਪਿਆਰੇ |