ਅਸ਼ੋਕ ਵਰਮਾ
ਬਠਿੰਡਾ,29 ਜੁਲਾਈ। ਪੰਜਾਬ ਦੀ ਖੇਤੀ ਤੇ ਆਏ ਸੰਕਟ ਨੂੰ ਠੱਲ ਪਾਉਣ ਲਈ ਕਿਸਾਨ ਧੀਆਂ ਅੱਗੇ ਆਈਆਂ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਹੈ ਬਲਕਿ ਕਿਸਾਨ ਬੀਬੀਆਂ ਨੇ ਹਮੇਸ਼ਾ ਹੀ ਕਿਸਾਨੀ ਸੰਘਰਸ਼ਾਂ ਦੀ ਧਾਰ ਨੂੰ ਤਿੱਖਾ ਕਰਕੇ ਮੋਢਾ ਦਿੱਤਾ ਹੈ। ਹੁਣ ਜਦੋਂ ਜਿੰਦਗੀ ਮੌਤ ਦਾ ਸਵਾਲ ਬਣ ਗਿਆ ਹੈ ਤਾਂ ਧੀਆਂ ਨੇ ਮੋਰਚੇ ਮਜਬੂਤ ਕਰ ਦਿੱਤੇ ਹਨ। ਖੇਤੀ ਨੂੰ ਬਚਾਉਣ ਦਾ ਸਵਾਲ ਆਇਆ ਹੈ ਤਾਂ ਪੰਜਾਬ ਦੀਆਂ ਇੰਨਾਂ ਸ਼ੇਰ ਬੱਚੀਆਂ ਨੇ ਹਕੂਮਤਾਂ ਅੱਗੇ ਦਹਾੜ ਮਾਰੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਤੁਰੀਆਂ ਇੰਨਾਂ ਔਰਤਾਂ ਦਾ ਇੱਕੋ ਮਿਸ਼ਨ ਹੈ ਕਿ ਇੱਕ ਵੀ ਕਿਸਾਨ ਦੀ ਜਮੀਨਾਂ ’ਤੇ ਧੱਕੇ ਨਾਲ ਕਬਜਾ ਨਹੀਂ ਕਰਨ ਦਿੱਤਾ ਜਾਏਗਾ।
ਬਠਿੰਡਾ ਜਿਲੇ ਦੇ ਪਿੰਡ ਮਹਿਮਾ ਭਗਵਾਨਾਂ ਦੀ ਲੜਕੀ ਬਲਦੀਪ ਕੌਰ ਨੇ 27 ਜੁਲਾਈ ਨੂੰ ਖੇਤੀ ਆਰਡੀਨੈਂਸ ਖਿਲਾਫ ਸੰਘਰਸ਼ ਦੌਰਾਨ ਖੁਦ ਟਰੈਕਟਰ ਚਲਾਕੇ ਸਰਕਾਰਾਂ ਨੂੰ ਵੰਗਾਰਿਆ ਹੈ। ਤਿੰਨ ਭੈਣਾਂ ’ਚ ਸਭ ਤੋਂ ਛੋਟੀ ਬਲਦੀਪ ਕੌਰ ਨੂੰ ਸੰਘਰਸ਼ ਦੀ ਗੁੜਤੀ ਦਾਦੇ ਜਰਨੈਲ ਸਿੰੰਘ ਅਤੇ ਦਾਦੀ ਬਲਦੇਵ ਕੌਰ ਨੇ ਦਿੱਤੀ ਹੈ ਜੋਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨਾਂ’ਚ ਜਾ ਰਹੇ ਹਨ। ਉਹ ਦੱਸਦੀ ਹੈ ਕਿ ਦਾਦੇ ਵੱਲੋਂ ਦਿੱਤੇ ਥਾਪੜੇ ਕਰਾਨ ਹੀ ਉਸ ਦੀ ਜਿੰਦਗੀ ਨੇ ਇਹ ਮੋੜਾ ਕੱਟਿਆ ਅਤੇ ਲੋਕ ਸਰੋਕਾਰਾਂ ਦੀ ਚੇਟਕ ਲੱਗੀ ਹੈ। ਬਲਦੀਪ ਕੌਰ ਦੇ ਦਿਲ ’ਚ ਕਿਸਾਨਾਂ ਮਜਦੂਰਾਂ ਲਈ ਦਰਦ ਹੈ। ਉਸ ਨੇ ‘ਬਾਬੂਸ਼ਾਹੀ’ ਨਾਲ ਗੱਲਬਾਤ ਦੌਰਾਨ ਖੇਤਾਂ ਤੇ ਆਏ ਸੰਕਟ ਬਾਰੇ ਵਿਚਾਰ ਸਾਂਝੇ ਕੀਤੇ । ਕਿਸਾਨੀ ਦਾ ਦਰਦ ਉਸ ਨੂੰ ਆਪਣਾ ਲੱਗਦਾ ਹੈ। ਉਸ ਨੇ ਆਖਿਆ ਕਿ ਪੇਂਡੂ ਔਰਤਾਂ ਨੂੰ ਮੌਜੂਦਾ ਹਾਲਾਤਾਂ ਪ੍ਰਤੀ ਚੇਤਨਾ ਦੀ ਜਾਗ ਲਾਉਣਾ ਜਰੂਰੀ ਹੈ ਇਸ ਲਈ ਨਵੇਂ ਪੋਚ ਨੂੰ ਅੱਗੇ ਆਉਣਾ ਪਵੇਗਾ। ਬਲਦੀਪ ਨੇ ਆਖਿਆ ਕਿ ਕਿਸਾਨੀ ਸੰਕਟ ਦਾ ਸਭ ਤੋਂ ਵੱਧ ਸੰਤਾਪ ਪੇਂਡੂ ਔਰਤਾਂ ਨੂੰ ਭੋਗਣਾ ਪਵੇਗਾ ਜੋਕਿ ਪਹਿਲਾਂ ਹੀ ਵੱਡੀ ਮਾਰ ਝੱਲ ਰਹੀਆਂ ਹਨ।
ਇਸੇ ਤਰਾਂ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਰਾਮਪੁਰਾ ਬਲਾਕ ਦੀ ਸਕੱਤਰ ਹਰਪ੍ਰੀਤ ਕੌਰ ਜੇਠੂ ਕੇ ਵੀ ਸਧਾਰਨ ਘਰ ਦੀ ਔਰਤ ਹੈ ਜੋਕਿ ਪਿੰਡ ਪਿੰਡ ਜਾਕੇ ਔਰਤਾਂ ਨੂੰ ਲਾਮਬੰਦ ਕਰ ਰਹੀ ਹੈ। ਉਹ ਇਕੱਠੀਆਂ ਹੋਈਆਂ ਔਰਤਾਂ ਨੂੰ ਸਮਝਾਉਂਦੀ ਹੈ ਕਿ ਸਿਆਸੀ ਲੋਕਾਂ ਤੋਂ ਝਾਕ ਛੱਡਣੀ ਪਵੇਗੀ ਅਤੇ ਹੱਕਾਂ ਲਈ ਸੰਘਰਸ਼ ਦੇ ਰਾਹ ਪੈਣਾ ਹੋਵੇਗਾ। ਦੱਸਦੇ ਹਨ ਕਿ ਹਰਪ੍ਰੀਤ ਕੌਰ ਨੂੰ ਉਸ ਦੀ ਸੱਸ ਨੇ ਆਪਣੀ ਚੁੰਨੀ ਦੇ ਕੇ ਆਖਿਆ ਸੀ ਕਿ ‘ਧੀਏ ਹੁਣ ਤੂੰ ਅੱਜ ਤੋਂ ਚੰਨੀ ਲਾਜ ਰੱਖਣੀ ਹੈ। ਸੱਸ ਤਾਂ ਬੇਸ਼ੱਕ ਆਪਣਾ ਸਫਰ ਮੁਕਾ ਗਈ ਪਰ ਹਰਪ੍ਰੀਤ ਕੌਰ ਨੇ ਚੁੰਨੀ ਨੂੰ ਮਸ਼ਾਲ ਸਮਝ ਕੇ ਚੁੱਕਿਆ ਹੋਇਆ ਹੈ। ਉਹ 9 ਦਿਨ ਫਰੀਦਕੋਟ ਜੇਲ ਵੀ ਰਹੀ ਹੈ ਅਤੇ ਚਿੱਟੀ ਮੱਖੀ ਦੇ ਹੱਲੇ ਮੌਕੇ ਅਕਾਲੀ ਆਗੂਆਂ ਦਾ ਵਿਰੋਧ ਕਰਨ ਤੇ ਪੁਲਿਸ ਨੇ ਉਸ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਸੀ। ਹਰਪ੍ਰੀਤ ਕੌਰ ਚੰਗੀ ਬੁਲਾਰਾ ਹੈ ਜਿਸ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਦੌਰਾਨ ਖੁਦਕਸ਼ੀ ਤੋਂ ਸ਼ੁਰੂ ਕਰਕੇ ਆਪਣਾ ਭਾਸ਼ਣ ਅਮਰੀਕਾ ਤੇ ਮੁਕਾਇਆ ਤਾਂ ਅਧਿਕਾਰੀ ਦੰੰਗ ਰਹਿ ਗਏ ਸਨ। ਹਰਪ੍ਰੀਤ ਕੌਰ ਜਦੋਂ ਵੀ ਕਿਸੇ ਸੰਘਰਸ਼ ’ਚ ਜਾਂਦੀ ਹੈ ਤਾਂ ਅਕਸਰ ਕਿਸਾਨ ਯੂਨੀਅਨ ਦਾ ਝੰਡਾ ਉਸ ਦੇ ਮੋਢੇ ਤੇ ਹੁੰਦਾ ਹੈ।
ਜੱਥੇਬੰਦੀ ਦੀ ਕਾਰਜਕਾਰੀ ਸੂਬਾ ਜਰਨਲ ਸਕੱਤਰ ਹਰਿੰਦਰ ਬਿੰਦੂ ਜੋ ਔਰਤ ਵਿੰਗ ਜ਼ਿਲਾ ਬਠਿੰਡਾ ਦੀ ਪ੍ਰਧਾਨ ਵੀ ਹੈ ,ਖੇਤੀ ਨੂੰੂ ਸੰਕਟ ਚੋਂ ਕੱਢਣ ਲਈ ਪਿੰਡ-ਪਿੰਡ ਘੁੰਮ ਰਹੀ ਹੈ। ਉਹ ਕਈ ਵਰੇ ਪਹਿਲਾਂ ਪਿੰਡ ਸੇਵੇਵਾਲਾ ਕਾਂਡ ’ਚ ਮਾਰੇੇ ਗਏ ਸੰਘਰਸ਼ੀ ਆਗੂ ਮੇਘ ਰਾਜ ਭਗਤੂਆਣਾ ਦੀ ਧੀਅ ਹੈ। ਮੇਘ ਰਾਜ ਨੇ ਧੀਅ ਨੂੰ ਅਜਿਹਾ ਰਾਹ ਦਿਖਾਇਆ ਜਿਸ ਤੇ ਚੱਲਦਿਆਂ ਉਹ ਹੰਝੂਆਂ ਨੂੰ ਛੱਡ ਕੇ ਔਰਤਾਂ ਨੂੰ ਹਕੂਮਤਾਂ ਤੋਂ ਹੱਕ ਮੰਗਣ ਦੇ ਗੁਰ ਸਿਖਾਉਂਦੀ ਹੈ। ਕਿਸਾਨ ਤੇ ਮਜ਼ਦੂਰ ਔਰਤਾਂ ਦੀ ਚੀਸ ਉਸ ਨੂੰ ਆਪਣੀ ਲੱਗਦੀ ਹੈ। ਬਿੰਦੂ ਆਖਦੀ ਹੈ ਕਿ ਸਰਕਾਰ ਨੂੰ ਕਿਸਾਨਾਂ ਮਜਦੂਰਾਂ ਦੇ ਘਰ ਪੱਸਰਦਾ ਹਨੇਰਾ ਨਹੀਂ ਦਿਸਦਾ ਹੈ। ਉਸ ਨੇ ਕਿਹਾ ਕਿ ਜੇ ਅਣਖ ਨਾਲ ਜੀਣਾ ਹੈ ਤਾਂ ਲੜਨਾ ਹੀ ਪੈਣਾ ਹੈ। ਬਿੰਦੂ ਨੇ ਕਿਹਾ ਕਿ ਜਦੋਂ ਸੂਰਜ ਇਨਾਂ ਕਿਸਾਨਾਂ-ਮਜ਼ਦੂਰਾਂ ਦੇ ਵਿਹੜਿਆਂ ’ਚ ਚੜਿਆ ਤਾਂ ਵੱਡੇ ਘਰਾਣਿਆਂ ਦੇ ਵਿਹੜੇ ਹਨੇਰੇ ਦਾ ਅਹਿਸਾਸ ਹੋਵੇਗਾ ਇਸ ਲਈ ਔਰਤਾਂ ਚੁੱਲੇ ਚੌਂਕੇ ਚੋਂ ਬਾਹਰ ਆਉਣਾ ਹੀ ਪਵੇਗਾ। ਜਦੋਂ ਉਹ ਇਕੱਠਾਂ ਵਿਚ ਬੋਲਦੀ ਹੈ ਤਾਂ ਸੁਣਨ ਵਾਲੀਆਂ ਔਰਤਾਂ ਦੇ ਅੰਦਰ ਰੋਹ ਦਾ ਲਾਵਾ ਫੁੱਟਣ ਲੱਗਦਾ ਹੈ। ਹੁਣ ਤਾਂ ਮੰਨਿਆ ਜਾਣ ਲੱਗਿਆ ਹੈ ਕਿ ਬਿੰਦੂ ਦੀ ਗੈਰਹਾਜਰੀ ’ਚ ਹਰ ਸੰਘਰਸ਼ ਅਧੂਰਾ ਹੈ।
ਔਰਤਾਂ ਸੰਘਰਸ਼ ਦਾ ਤਾਜ ਬਣਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜੱਥੇਬੰਦੀ ਦੇ ਔਰਤ ਵਿੰਗ ਦੀ ਕਿਸਾਨ ਸੰਘਰਸ਼ਾਂ ’ਚ ਵੱਡੀ ਭੂਮਿਕਾ ਰਹੀ ਹੈ। ਉਨਾਂ ਆਖਿਆ ਕਿ ਇਹ ਸੁਖਾਵਾਂ ਪੱਖ ਹੈ ਕਿ ਬਲਦੀਪ ਕੌਰ ਵਰਗੀਆਂ ਲੜਕੀਆਂ ਅੱਗੇ ਆਉਣ ਲੱਗੀਆਂ ਹਨ। ਉਨਾਂ ਆਖਿਆ ਕਿ ਔਰਤਾਂ ’ਚ ਜਜਬਾ ਤੇ ਹਿੰਮਤ ਦੋਵੇਂ ਹਨ ਸਿਰਫ ਲਾਮਬੰਦੀ ਦੀ ਜਰਰੂਤ ਹੈ। ਕਿਸਾਨ ਆਗੂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਸੰਘਰਸ਼ਾਂ ਤਾਜ ਬਣਨ ਤਾਂ ਜੋ ਖੇਤੀ ਵਿਰੋਧੀ ਸਰਕਾਰੀ ਨੀਤੀਆਂ ਨੂੰ ਭਾਂਜ ਦਿੱਤੀ ਜਾ ਸਕੇ।