13.7 C
United Kingdom
Wednesday, July 1, 2026

More

    ‘ਪੱਕੀਆਂ ਪਕਾਈਆਂ’ ਖਾਣ ਦੀਆਂ ਕੋਸ਼ਿਸ਼ਾਂ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੋਭਦੀਆਂ ਨਹੀਂ – ਸ਼੍ਰੋਮਣੀ ਅਕਾਲੀ ਦਲ

    ਅਸ਼ੋਕ ਵਰਮਾ
    ਬਠਿੰਡਾ (29 ਜੁੁੁਲਾਈ) ਮੈਡੀਕਲ ਤੇ ਸਿਹਤ ਸੰਭਾਲ ਖੇਤਰ ‘ਚ ਦੇਸ਼ ਦੇ ਸਭ ਤੋਂ ਵੱਡੇ ਅਦਾਰਿਆਂ ਵਿਚੋਂ ਇੱਕ ਵਜੋਂ ਨਾਂਅ ਕਮਾਉਣ ਤੋਂ ਬਾਅਦ, ਵਕਾਰੀ ਸੰਸਥਾ ਏਮਜ਼ ਬਠਿੰਡਾ ਨੂੰ ਹੁਣ ਕਾਂਗਰਸ ਵਲੋਂ ਸਿਆਸਤ ਗਰਮਾਉਣ ਦੇ ਕੰਮ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਏਮਜ਼ ਬਠਿੰਡਾ ਬਾਰੇ ਖ਼ਬਰਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੀ ਕਾਂਗਰਸ ਸਰਕਾਰ ਉੱਤੇ ਇਸ ਲੋਕ ਹਿਤਕਾਰੀ ਸੰਸਥਾ ਨਾਲ ਵਿਤਕਰੇ ਤੇ ਸਿਆਸੀ ਰੰਜਿਸ਼ ਦੇ ਇਲਜ਼ਾਮ ਲੱਗਦੇ ਸਨ, ਉਸੇ ਏਮਜ਼ ਬਠਿੰਡਾ ਬਾਰੇ ਸੋਸ਼ਲ ਮੀਡੀਆ ਅਤੇ ਟਵਿਟਰ ‘ਤੇ ਕੀਤੇ  ਪ੍ਰਚਾਰ ਵਾਲੇ ਟਵੀਟ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ‘ਕ੍ਰੈਡਿਟ’ ਭਾਵ ਸਿਹਰਾ ਲੈਣ ਦੀ ਲਾਲਸਾ ਜਾਹਿਰ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਸਮੇਤ ਪੰਜਾਬ ਦੇ ਆਮ ਲੋਕਾਂ ਦੇ ਨਿਸ਼ਾਨੇ ‘ਤੇ ਆ ਗਏ ਹਨ। 
    ਇਸ ਟਵੀਟ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਏਮਜ਼ ਦੇ ਡਾਇਰੈਕਟਰ ਨੂੰ ਇਸ ਵੱਡੀ ਸੰਸਥਾ ਦੀ ਸਥਾਪਨਾ ਪਿੱਛੇ ਮੁੱਖ ਤਾਕਤ ਦੱਸਿਆ, ਅਤੇ ਨਾਲ ਹੀ ਮੁੱਖ ਮੰਤਰੀ ਨੇ ਕੋਰੋਨਾ ਟੈਸਟਿੰਗ ਦੇ ਸ਼ੁਰੂ ਹੋਣ ਬਾਰੇ ਵੀ ਆਪਣੀ ਪਿੱਠ ਥਾਪੜਨ ਦੀ ਵੀ ਕੋਸ਼ਿਸ਼ ਕੀਤੀ। ਅਕਾਲੀ  ਦਲ ਦਾ ਕਹਿਣਾ ਹੈ ਕਿ ਇਸ ਟਵੀਟ ਨੇ ਮੁੜ ਇਸ ਗੱਲ ਨੂੰ ਉਜਾਗਰ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਏਮਜ਼ ਬਠਿੰਡਾ ਨਾਲ ਕੋਈ ਸਰੋਕਾਰ ਨਹੀਂ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਏਮਜ਼ ਬਠਿੰਡਾ ਦੀ ਯੋਜਨਾਬੰਦੀ ਤੋਂ ਲੈ ਕੇ ਚਾਲੂ ਹੋ ਜਾਣ ਤੱਕ, ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਨੇ ਏਮਜ਼ ਬਠਿੰਡਾ ਨੂੰ ਕੋਈ ਤਵੱਜੋ ਦਿੱਤੀ ਅਤੇ ਉਸ ਦੇ ਪੱਖ ‘ਚ ਕੁਝ ਲਿਖਿਆ ਜਾਂ ਕਿਹਾ।
    ਹਾਸੋ-ਹੀਣੀ ਗੱਲ ਇਹ ਹੈ ਕਿ ਜਿਸ ਡਾਇਰੈਕਟਰ ਨੂੰ ਮੁੱਖ ਮੰਤਰੀ ਨੇ ਆਪਣੇ ਟਵੀਟ ‘ਚ ਸ਼ਾਬਾਸ਼ ਦਿੱਤੀ, ਉਸ ਨੇ ਹਾਲੇ ਲਗਭਗ 3 ਹਫ਼ਤੇ ਪਹਿਲਾਂ (ਜੁਲਾਈ 2020 ਦੇ ਪਹਿਲੇ ਹਫ਼ਤੇ) ਹੀ ਇੱਥੇ ਅਹੁਦਾ ਸੰਭਾਲਿਆ ਹੈ। ਜਦ ਕਿ ਏਮਜ਼ ਦੀ ਓਪੀਡੀ 23 ਦਸੰਬਰ 2019 ਤੋਂ ਚਾਲੂ ਹੋ ਚੁੱਕੀ ਹੈ, ਜਦੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਹਾਜ਼ਰੀ ‘ਚ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਦਾ ਲੋਕ ਅਰਪਣ ਕੀਤਾ ਸੀ। ਹਾਲਾਂਕਿ ਸੱਦਾ ਭੇਜੇ ਜਾਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮਾਗਮ ‘ਚ ਸ਼ਿਰਕਤ ਨਹੀਂ ਕੀਤੀ ਸੀ।  
    ਬਠਿੰਡਾ ਇਲਾਕੇ ਸਮੇਤ ਸਾਰੀ ਮਾਲਵਾ ਬੈਲਟ ਦੇ ਕੈਂਸਰ ਦੀ ਲਪੇਟ ‘ਚ ਆ ਜਾਣ, ਅਤੇ ਇੱਥੋਂ ਚੱਲਦੀ ਇੱਕ ਰੇਲਗੱਡੀ ਨੂੰ ‘ਕੈਂਸਰ ਐਕਸਪ੍ਰੈੱਸ’ ਦਾ ਸਿਰਲੇਖ ਮਿਲਣਾ, ਏਮਜ਼ ਬਠਿੰਡਾ ਦਾ ਆਧਾਰ ਬਣਿਆ। ਪੰਜਾਬ ‘ਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਇਸ ਲਈ ਕੇਂਦਰ ਸਰਕਾਰ ਤੋਂ ਲੋੜੀਂਦੀਆਂ ਰਸਮੀ ਕਾਰਵਾਈਆਂ ਅੱਗੇ ਵਧਾਈਆਂ। 2016 ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਠਿੰਡਾ ਆਏ ਅਤੇ ਉਨ੍ਹਾਂ ਉਸ ਵੇਲੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਸ ਵੇਲੇ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ‘ਚ ਇਸ ਦੀ ਰਸਮੀ ਸ਼ੁਰੂਆਤ ਕੀਤੀ। ਬਹੁਤ ਲੰਮਾ ਸਮਾਂ ਤੇ ਅਣਥੱਕ ਯਤਨਾਂ ਸਦਕਾ, 117 ਏਕੜ ਰਕਬੇ ‘ਚ 925 ਕਰੋੜ ਰੁਪਏ ਦੀ ਵੱਡੀ ਲਾਗਤ ਨਾਲ, 750 ਬੈੱਡਾਂ ਦੀ ਵਿਸ਼ਾਲ ਸਮਰੱਥਾ ਵਾਲਾ ਏਮਜ਼ ਬਠਿੰਡਾ ਦਾ ਸੁਪਨਾ ਓ ਪੀ ਡੀ ਦੀ ਸ਼ੁਰੂਆਤ ਨਾਲ ਸੱਚ ਹੋਇਆ ਤੇ ਅੱਜ ਦਿਨ-ਰਾਤ ਲੋਕਾਂ ਨੂੰ ਲਾਭ ਦੇ ਰਿਹਾ ਹੈ। ਕੈਂਸਰ ਸਮੇਤ ਹਰ ਕਿਸਮ ਦੇ ਰੋਗਾਂ ਦੇ ਇਲਾਜ ਲਈ ਏਮਜ਼ ਬਠਿੰਡਾ ਵਰਦਾਨ ਸਾਬਤ ਹੋ ਰਿਹਾ ਹੈ, ਅਤੇ ਮਹਿੰਗੇ ਇਲਾਜ ਤੋਂ ਡਰਨ ਵਾਲੇ ਆਮ ਲੋਕ ਅੱਜ ਸਿਰਫ਼ 10 ਰੁਪਏ ਦੀ ਪਰਚੀ ਨਾਲ ਸੁਪਰ-ਸਪੈਸ਼ਲਿਸਟ ਡਾਕਟਰਾਂ ਕੋਲੋਂ ਬੜੀ ਸਹਿਜਤਾ ਨਾਲ ਇਲਾਜ ਕਰਵਾਉਂਦੇ ਹਨ।  
    ਏਮਜ਼ ਦੇ ਵਿਸ਼ੇ ‘ਤੇ ਮਾਲਵੇ ਸਮੇਤ ਬਠਿੰਡਾ ਤੇ ਨੇੜਲੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ 2017 ‘ਚ ਸਰਕਾਰ ਬਣਾਉਣ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਇਸ ਦੇ ਕੰਮਾਂ ਵਿੱਚ ਅੜਿੱਕੇ ਪਾਏ। ਸੰਸਥਾ ਦੀ ਜ਼ਮੀਨ ‘ਚੋਂ ਲੰਘਦੇ ਇੱਕ ਪਾਣੀ ਵਾਲੇ ਖਾਲ਼ ਬਾਰੇ ਜ਼ਿਕਰ ਕਰਦਿਆਂ ਲੋਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਤੇ ਨਹਿਰੀ ਵਿਭਾਗ ਨੇ ਕਈ ਮਹੀਨੇ ਉਸ ਖਾਲ਼ ਦੀ ਫ਼ਾਈਲ ਉੱਤੇ ਕੋਈ ਗ਼ੌਰ ਹੀ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਗੱਲ ਦੀ ਪੈਰਵੀ ਕੀਤੀ ਅਤੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਏਮਜ਼ ਬਾਰੇ ਮੁੱਖ ਮੰਤਰੀ ਦਫ਼ਤਰ ਅਤੇ ਸੰਬੰਧਤ ਵਿਭਾਗਾਂ ਦੇ ਦਫ਼ਤਰਾਂ ਨਾਲ ਇਸ ਬਾਰੇ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਲਗਭਗ ਹਰ ਰੋਜ਼ ਚਿੱਠੀਆਂ ਲਿਖ ਇਸ ਮਾਮਲੇ ਦੀ ਪੈਰਵੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸੇ ਵਿਤਕਰੇ ਕਾਰਨ ਏਮਜ਼ ਦੀ ਓਪੀਡੀ ਦਾ ਉਦਘਾਟਨ ਵੀ ਮੁਲਤਵੀ ਕਰਨਾ ਪਿਆ ਸੀ ਕਿਉਂ ਕਿ ਬੀਬਾ ਬਾਦਲ ਵੱਲੋਂ ਵਾਰ-ਵਾਰ ਬਿਜਲੀ ਵਿਭਾਗ ਪੰਜਾਬ ਨੂੰ ਲਿਖੀਆਂ ਚਿੱਠੀਆਂ ‘ਤੇ ਵੀ ਸਿਆਸੀ ਰੰਜਿਸ਼ ਕਾਰਨ ਲੋੜੀਂਦੇ ਬਿਜਲੀ ਗਰਿੱਡ ਦਾ ਲੰਮਾ ਸਮਾਂ ਕੋਈ ਹੱਲ ਨਹੀਂ ਹੋਇਆ। ਇਨ੍ਹਾਂ ਤੋਂ ਇਲਾਵਾ 2 ਸਾਲਾਂ ਤੱਕ ਏਮਜ਼ ਲਈ ਵਾਤਾਵਰਨ ਮਨਜ਼ੂਰੀ (Envioronment clearance) ਹੀ ਨਹੀਂ ਜਾਰੀ ਹੋਈ, ਅਤੇ ਹਰਸਿਮਰਤ ਕੌਰ ਬਾਦਲ ਨੇ ਹੋਰ ਜ਼ਿਆਦਾ ਉਡੀਕ ਕਰਨ ਨਾਲੋਂ ਆਪਣੇ ਦਮ ‘ਤੇ ਇਸ ਦੀ ਸ਼ੁਰੂਆਤ ਕਰਨ ਨੂੰ ਪਹਿਲ ਦਿੱਤੀ। 
    ਸ਼੍ਰੋਮਣੀ ਅਕਾਲੀ ਦਲ ਸਮੇਤ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹਰ ਪੱਖ ਤੋਂ ਏਮਜ਼ ਦੀ ਵਿਰੋਧਤਾ ਕੀਤੀ, ਪਰ ਆਪਣੇ ਸ਼ਾਸਨ ਦੇ  ਤਕਰੀਬਨ 3.5 ਸਾਲ ਲੰਘ ਜਾਣ ਤੋਂ ਬਾਅਦ ਹੁਣ ਉਹ ਇਸ ‘ਤੇ ਆਪਣੀਆਂ ਸਿਆਸੀ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਲੋਕ ਸਭ ਜਾਣਦੇ ਤੇ ਸਮਝਦੇ ਹਨ। ਉਨ੍ਹਾਂ ਕਿਹਾ ਕਿ ‘ਪੱਕੀਆਂ ਪਕਾਈਆਂ’ ਖਾਣ ਦੀ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੋਭਦੀ ਨਹੀਂ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਮੁੱਖ ਮੰਤਰੀ ਆਪਣੀ ‘ਫ਼ਾਰਮ ਹਾਊਸ’ ਸਿਆਸਤ ਦਾ ਖਹਿੜਾ ਛੱਡਣ ਅਤੇ ਪੰਜਾਬ ਦੇ ਲੋਕਾਂ ਨਾਲ ਜੁੜੇ ਮਸਲਿਆਂ ਅਤੇ ਚੋਣ ਮੈਨੀਫ਼ੈਸਟੋ ‘ਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਗੰਭੀਰਤਾ ਨਾਲ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਜਿਸ ਕੋਰੋਨਾ ਟੈਸਟਿੰਗ ਬਾਰੇ ਕੈਪਟਨ ਸਾਹਬ ਨੇ ਜ਼ਿਕਰ ਕੀਤਾ ਹੈ, ਉਸ ਲਈ ਹਰਸਿਮਰਤ ਕੌਰ ਬਾਦਲ ਨੇ ਪਹਿਲਾਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨਾਲ ਗੱਲ ਕੀਤੀ ਅਤੇ ਫ਼ੇਰ ਏਮਜ਼ ਬਠਿੰਡਾ ਦੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰਕੇ ਡਾ. ਹਰਸ਼ ਵਰਧਨ ਨੂੰ ਲੋੜੀਂਦੀਆਂ ਮਸ਼ੀਨਾਂ ਤੇ ਉਪਕਰਨਾਂ ਦੀ ਸੂਚੀ ਭੇਜੀ ਤਾਂ ਜੋ ਇੱਥੇ ਕੋਰੋਨ ਟੈਸਟਿੰਗ ਦੀ ਸਹੂਲਤ ਜਲਦ ਤੋਂ ਜਲਦ ਸ਼ੁਰੂ ਕੀਤੀ ਜਾ ਸਕੇ। 
    ਬਿਨਾਂ ਸ਼ੱਕ ਏਮਜ਼ ਬਠਿੰਡਾ ਲਈ ਸਭ ਤੋਂ ਵੱਧ ਮਿਹਨਤ ਜੇਕਰ ਕਿਸੇ ਨੇ ਕੀਤੀ ਹੈ ਤਾਂ ਉਹ ਨਾਂਅ ਹੈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ। ਇੰਜੀਨੀਅਰਾਂ ਤੋਂ ਲੈ ਕੇ ਡਾਕਟਰਾਂ ਤੱਕ, ਇੱਥੇ ਜਿਸ ਕਿਸੇ ਨੂੰ ਵੀ ਮੁਸ਼ਕਿਲ ਆਈ ਉਨ੍ਹਾਂ ਪਹਿਲ ਦੇ ਅਧਾਰ ‘ਤੇ ਉਸ ਦਾ ਹੱਲ ਕੀਤਾ। ਕੇਂਦਰੀ ਮੰਤਰਾਲਾ ਦੇ ਭਰਵੇਂ ਰੁਝੇਵਿਆਂ ਦੇ ਬਾਵਜੂਦ ਉਹ ਏਮਜ਼ ਲਈ ਸਮਾਂ ਕੱਢਦੇ ਰਹੇ ਅਤੇ ਇਸ ਨੂੰ ਜਲਦ ਤੋਂ ਜਲਦ ਸ਼ੁਰੂ ਕਰ ਦੇਣ ਦੇ ਮੰਤਵ ਨਾਲ ਨਿਰੰਤਰ ਜੁਟੇ ਰਹੇ। ਉਨ੍ਹਾਂ ਦੇ ਸ਼ਲਾਘਾਯੋਗ ਉੱਦਮਾਂ ਸਦਕਾ ਹੁਣ ਏਮਜ਼ ਵਿਖੇ ਹਰ ਵਿਸ਼ੇ ਦੀ ਮੈਡੀਕਲ ਪੜ੍ਹਾਈ ਸ਼ੁਰੂ ਹੋ ਰਹੀ ਹੈ ਅਤੇ ਪੰਜਾਬ ਦੇ ਨੌਜਵਾਨ ਡਾਕਟਰੀ ਦੇ ਖੇਤਰ ‘ਚ ਆਪਣਾ ਭਵਿੱਖ ਬਣਾਉਣਗੇ ਤੇ ਮਨੁੱਖਤਾ ਦੀ ਸੇਵਾ ‘ਚ ਜੁਟਣਗੇ। ਬੀਬਾ ਹਰਸਿਮਰਤ ਕੌਰ ਬਾਦਲ ਲੋਕਾਂ ਪ੍ਰਤੀ ਸਮਰਪਣ ਦੀ ਉਦਾਹਰਨ ਅਕਸਰ ਪੇਸ਼ ਕਰਦੇ ਰਹਿੰਦੇ ਹਨ, ਅਤੇ ਇੱਥੇ ਜ਼ਿਕਰਯੋਗ ਹੈ ਕਿ ਕੋਰੋਨਾ ਦਾ ਵਧਦਾ ਪ੍ਰਕੋਪ ਦੇਖਦੇ ਹੋਏ ਉਨ੍ਹਾਂ ਆਪਣੇ ਅਖ਼ਤਿਆਰੀ ਫ਼ੰਡ ‘ਚੋਂ ਇੱਕ ਵੈਂਟੀਲੇਟਰ ਦੀ ਸਹੂਲਤ ਵਾਲੀ ਐਂਬੂਲੈਂਸ ਵੀ ਏਮਜ਼ ਵਿਖੇ ਦਾਨ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!