ਰਜਨੀ ਵਾਲੀਆ, ਕਪੂਰਥਲਾ
ਵੇ ਤੇਰੇ ਰੁੱਖ ਦੀਆਂ ਠੰਡੀਆਂ ਛਾਂਵਾਂ,
ਤੂੰ ਤਾਂ ਬਣ ਗਿਐਂ ਮੇਰੀਆਂ ਬਾਹਵਾਂ |
ਆ ਕਾਂ ਜੋ ਰੋਜ਼ ਬਨੇਰੇ ਬਹਿੰਦੇ,
ਕੁੱਟ-ਕੁੱਟ ਉਹਨਾਂ ਨੂੰ ਚੂਰੀਆਂ ਪਾਵਾਂ |
ਇੱਕ ਦਿਨ ਤੂੰ ਮੇਰੇ ਵਿਹੜੇ ਆਵੇਂ,
ਨਿੱਤ ਮੰਗਾਂ ਰੱਬ ਤੋਂ ਏਹੀ ਦੁਆਵਾਂ |
ਵੇ ਤੂੰ ਹੌਲੀ-ਹੌਲੀ ਕਰਦਾ-ਕਰਦਾ,
ਤੂੰ ਤਾਂ ਬਣ ਚੱਲਿਐਂ ਮੇਰਾ ਪਰਛਾਂਵਾ |
ਹੁਣ ਇੱਕੋ ਹੀ ਬਸ ਜੀਅ ਕਰਦਾ ਏ,
ਭੁਰ ਭੁਰ ਕੇ ਬਸ ਤੇਰੇ ਵਿੱਚ ਸਮਾਵਾਂ |
ਹੁਣ ਤੱਕ ਸੀ ਤੂੰ ਕਿੱਥੇ ਚੰਦਰਿਆ,
ਕੱਟੀਆਂ ਬਿਨ ਤੇਰੇ ਬਹੁਤ ਸਜਾਵਾਂ |
ਤੇਰੀ ਦੀਦ ਮੈਂ ਕਰਨੀ ਆਜਾ ਛੇਤੀ,
ਮੰਗਾਂ ਮੰਨਤਾਂ ਤਲੀ ਤੇ ਦੀਪ ਜਗਾਵਾਂ |
ਤੇਰੇ ਖੰਭ ਮੈਨੂੰ ਜਦੋਂ ਦੇ ਲਗ ਗਏ,
ਵੇ ਮੈਂ ਤਾਂ ਉੱਡਦੀ ਸਿਖਰੀਂ ਜਾਵਾਂ |
ਰਜਨੀ ਤਾਂ ਹਰ ਗੱਲ ਜਾਣੇਂ ਬੁੱਝੇ,
ਕਦੇ ਬੈਠੇਂ ਕੋਲ ਤਾਂ ਫੇਰ ਸੁਣਾਵਾਂ |