ਮੋਗਾ/ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

ਪੂਰੀ ਮਾਨਵਜਾਤੀ ਲਈ ਖ਼ਤਰਾ ਬਣ ਕੇ ਉੱਭਰੇ ਕਰੋਨਾ ਵਾਇਰਸ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਰਾਜਨੀਤਕ ਹਥਿਆਰ ਬਣਾ ਕੇ ਵਰਤ ਰਹੀਆਂ ਹਨ ! ਤਬਲੀਗੀ ਜਮਾਤ ਦੇ ਇਕੱਠ ਦੀ ਆੜ ਵਿੱਚ ਪੂਰੇ ਮੁਸਲਿਮ ਭਾਈਚਾਰੇ ਨੂੰ ਅਪਰਾਧੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਹਾਲਾਂਕਿ ਇਹ ਇਕੱਠ ਬਕਾਇਦਾ ਸਰਕਾਰ ਕੋਲੋਂ ਮਨਜ਼ੂਰੀ ਲੈ ਕੇ ਕੀਤਾ ਗਿਆ ਸੀ ! ਤਬਲੀਗੀ ਜਮਾਤ ਦੇ ਨਾਲ ਨਾਲ ਦਿੱਲੀ ਵਿੱਚ ਗੁਰਦੁਆਰਾ ਮਜਨੂੰ ਕਾ ਟਿੱਲਾ ਦੀ ਕਮੇਟੀ ਉੱਤੇ ਕੇਸ ਦਰਜ ਕਰਕੇ ਸਿੱਖਾਂ ਨੂੰ ਵੀ ਫਿਰਕੂ ਰਾਜਨੀਤੀ ਦਾ ਨਿਸ਼ਾਨਾ ਬਣਾਇਆ ਗਿਆ ਹੈ ! ਦਿੱਲੀ ਦੀ ਕੇਜਰੀਵਾਲ ਸਰਕਾਰ ਵੀ ਇਸ ਫਿਰਕੂ ਰਾਜਨੀਤੀ ਦਾ ਹਿੱਸਾ ਬਣ ਗਈ ਹੈ ! ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਗੁੱਜਰ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕੈਪਟਨ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ! ਕਰਫਿਊ ਦੌਰਾਨ ਲੋੜਵੰਦਾਂ ਨੂੰ ਖਾਧ ਸਮੱਗਰੀ ਵੰਡਣ ਦੀ ਆੜ ਵਿੱਚ ਵੀ ਸੌੜੀ ਰਾਜਨੀਤੀ ਕੀਤੀ ਜਾ ਰਹੀ ਹੈ ! ਦੂਜੇ ਪਾਸੇ ਪ੍ਰਾਈਵੇਟ ਹਸਪਤਾਲਾਂ ਵਾਲੇ ਹਸਪਤਾਲਾਂ ਨੂੰ ਜਿੰਦਰੇ ਮਾਰ ਕੇ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਸ਼ਰੇਆਮ ਇਨਕਾਰ ਕਰ ਰਹੇ ਹਨ ਪਰ ਸਰਕਾਰਾਂ ਨੇ ਅਜੇ ਤੱਕ ਵੀ ਕੋਈ ਠੋਸ ਕਾਰਵਾਈ ਉਨ੍ਹਾਂ ਹਸਪਤਾਲਾਂ ਦੇ ਖਿਲਾਫ਼ ਨਹੀਂ ਕੀਤੀ ! ਸਰਕਾਰੀ ਹਸਪਤਾਲਾਂ ਦੇ ਵਿੱਚ ਮੈਡੀਕਲ ਸਟਾਫ ਦੀ ਘਾਟ ਅਤੇ ਲੋੜੀਂਦੇ ਸਾਜ਼ੋ ਸਾਮਾਨ ਦੀ ਘਾਟ ਜਿਉਂ ਦੀ ਤਿਉਂ ਬਣੀ ਹੋਈ ਹੈ ! ਇਸ ਘਾਟ ਨੂੰ ਦੂਰ ਕਰਨ ਲਈ ਅਜੇ ਤੱਕ ਸਰਕਾਰਾਂ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ! ਕਰੋਨਾ ਵਾਇਰਸ ਨਾਲ ਲੜਨ ਵਾਸਤੇ ਐਲੋਪੈਥੀ ਦੇ ਨਾਲ ਨਾਲ ਹੋਮੀਓਪੈਥੀ ਅਤੇ ਆਯੁਰਵੈਦਿਕ ਵਰਗੀਆਂ ਪ੍ਰਭਾਵਸ਼ਾਲੀ ਇਲਾਜ ਪ੍ਰਣਾਲੀਆਂ ਉੱਤੇ ਸਾਂਝੀ ਟੇਕ ਰੱਖਣ ਦੀ ਥਾਂ ਸਿਰਫ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦਾ ਪਿਛਲੱਗੂ ਬਣ ਕੇ ਚੱਲਿਆ ਜਾ ਰਿਹਾ ਹੈ ! ਕੇਂਦਰ ਸਰਕਾਰ ਨੇ ਪਾਰਲੀਮੈਂਟ ਮੈਂਬਰਾਂ ਦੇ ਲੋਕਲ ਏਰੀਆ ਵਿਕਾਸ ਫੰਡ ਨੂੰ ਦੋ ਸਾਲਾਂ ਲਈ ਬੰਦ ਕਰ ਦਿੱਤਾ ਹੈ ! ਇੰਝ ਕਰੋਨਾਂ ਨਾਲ ਲੜਨ ਦੇ ਨਾਂ ਉੱਤੇ ਪੰਜਾਬ ਨੂੰ ਇੱਕ ਸੌ ਨੱਬੇ ਕਰੋੜ ਦਾ ਚੂਨਾ ਲਗਾ ਦਿੱਤਾ ਗਿਆ ਹੈ ! ਮੋਦੀ ਸਰਕਾਰ ਜਿਹੜੀ ਦੇਸ਼ ਦੇ ਖਜ਼ਾਨੇ ਨੂੰ ਮੂਰਤੀਆਂ, ਮੰਦਰਾਂ, ਕੁੰਭ ਵਰਗੇ ਮੇਲਿਆਂ ਅਤੇ ਹਥਿਆਰਾਂ ਦੀ ਖਰੀਦੋ ਫਰੋਖਤ ੳੁਤੇ ਉਜਾੜਦੀ ਆਈ ਹੈ, ਉਸ ਨੂੰ ਪਾਰਲੀਮੈਂਟ ਮੈਂਬਰਾਂ ਦੇ ਲੋਕਲ ਏਰੀਆ ਵਿਕਾਸ ਫੰਡ ਵਿੱਚ ਕਟੌਤੀ ਕਰਨ ਦਾ ਹੱਕ ਕਿਸ ਨੇ ਦਿੱਤਾ ਹੈ ? ਮੌਜੂਦਾ ਨਾਜ਼ੁਕ ਮੌਕੇ ਉੱਤੇ ਇਹ ਫੰਡ ਹਰ ਪਾਰਲੀਮੈਂਟ ਹਲਕੇ ਅੰਦਰ ਇੱਕ ਬਿਹਤਰੀਨ ਸਾਜ਼ੋ ਸਾਮਾਨ ਅਤੇ ਸੁਵਿਧਾਵਾਂ ਨਾਲ ਲੈਸ ਹਸਪਤਾਲ ਦੀ ਉਸਾਰੀ ਲਈ ਕਿਉਂ ਨਹੀਂ ਇਸਤੇਮਾਲ ਕੀਤਾ ਜਾਣਾ ਚਾਹੀਦਾ ? ਇਹ ਗੱਲਾਂ ਅੱਜ ਇੱਥੋਂ ਪ੍ਰੈੱਸ ਦੇ ਨਾਂ ਆਪਣਾ ਸਾਂਝਾ ਬਿਆਨ ਜਾਰੀ ਕਰਦੇ ਹੋਏ ਇਨਕਲਾਬੀ ਨੌਜ਼ਵਾਨ ਸਭਾ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ ਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਜੀਵਨ ਬਿਲਾਸਪੁਰ ਨੇ ਕੀਤਾ। ਬਿਆਨ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਮੁੰਡੀਰ ਮਾਨਸਿਕਤਾ ਤਹਿਤ ਮੋਦੀ ਸਰਕਾਰ ਦੀ ਕਰੋਨਾ ਦਹਿਸ਼ਤ ਫੈਲਾਉਣ ਦੀ ਰਾਜਨੀਤੀ ਵਿੱਚ ਸਹਾਈ ਨਾ ਹੋਣ ਕਿਉਂਕਿ ਮੋਦੀ ਸਰਕਾਰ ਦੀ ਇਸ ਰਾਜਨੀਤੀ ਦਾ ਨਿਸ਼ਾਨਾ ਕਰੋਨਾ ਵਾਇਰਸ ਨਾਲ ਲੜਨਾ ਨਹੀਂ ਹੈ ਸਗੋਂ ਆਪਣੀ ਫ਼ਿਰਕੂ ਰਾਜਨੀਤੀ ਨੂੰ ਅੱਗੇ ਵਧਾਉਣਾ ਹੈ !