ਅਸ਼ੋਕ ਵਰਮਾ
ਬਠਿੰਡਾ,23 ਜੁਲਾਈ। ਰੂਰਲ ਫਾਰਮਾਸਿਸਟ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਪੰਜਾਬ ਭਰ ਚ ਜ਼ਿਲਾ ਪੱਧਰਾਂ ਤੇ ਪਿਛਲੇ 34 ਦਿਨਾਂ ਤੋਂ ਚੱਲ ਰਹੇ ਧਰਨਿਆਂ ਦੌਰਾਨ ਅੱਜ ਜੱਥੇਬੰਦੀ ਨੇ ਪਾਪ ਦੇ ਘੜੇ ਭੰਨਣ ਦਾ ਐਲਾਨ ਕੀਤਾ ਹੈ ਜੋਕਿ ਕਾਂਗਰਸ ਦੇ ਵਜੀਰਾਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਭੰਨੇ ਜਾਣਗੇ । ਜੱਥੇਬੰਦੀ ਨੇ ਸਪਸ਼ਟ ਕੀਤਾ ਹੈ ਕਿ ਹੁਣ ਜਦੋਂ ਸਰਕਾਰ ਉਨਾਂ ਦੀ ਸੁਣ ਹੀ ਨਹੀਂ ਰਹੀ ਤਾਂ ਇਹ ਸਖਤ ਫੈਸਲਾ ਲੈਣਾ ਪਿਆ ਹੈ। ਜ਼ਿਲਾ ਪ੍ਰੀਸ਼ਦ ਬਠਿੰਡਾ ਵਿਖੇ ਇਕੱਤਰ ਹੋਏ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੇ ਜ਼ਿਲਾ ਪ੍ਰਧਾਨ ਸੁਨੀਲ ਗਰਗ ਅਤੇ ਸੂਬਾ ਜਨਰਲ ਸਕੱਤਰ ਨਵਦੀਪ ਕੁਮਾਰ ਨੇ ਕਿਹਾ ਕੇ ਫਾਰਮਾਸਿਸਟ ਨਿਯਮਾਂ ਦੀ ਪਾਲਣਾ ਤਹਿਤ ਸੰਘਰਸ਼ ਕਰ ਰਹੇ ਹਨ ਅਤੇ ਉਹ ਆਪਣੇ ਹੱਕ ਲੈਕੇ ਹੀ ਰਹਿਣਗੇ ।
ਉਨਾਂ ਕਿਹਾ ਜੇਕਰ ਇਸ ਮਹਾਮਾਰੀ ਦੌਰਾਨ ਪੈਨਡੇਮਿਕ ਹਾਲਤਾਂ ਵਿਚ ਸਰਕਾਰ ਫ਼ਰੰਟ ਲਾਈਨ ਤੇ ਸਿਹਤ ਸੇਵਾਵਾਂ ਦੇ ਰਹੇ ਅਮਲੇ ਦੀ ਬਾਂਹ ਨਹੀਂ ਫੜਦੀ ਤਾਂ ਫੇਰ ਸਰਕਾਰ ਨੀਅਤ ਵਿਚ ਖੋਟ ਹੈ । ਉਨਾਂ ਕਿਹਾ ਕਿ ਕਰੋਨਾ ਯੋਧਿਆਂ ਨਾਲ ਕੀਤੀ ਜਾ ਰਹੀ ਵਾਅਦਾਖ਼ਿਲਾਫ਼ੀ ਦਾ ਆਉਣ ਵਾਲੇ ਸਮੇ ਵਿਚ ਸੂਬਾ ਪੱਧਰੀ ਰੋਸ ਰੈਲੀਆਂ ਨਾਲ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ।ਉਨਾਂ ਕਿਹਾ ਕਿ ਉਨਾਂ ਦੀਆਂ ਮੰਗਾਂ ਨਾਂ ਮੰਨ ਕੇ ਕੈਪਟਨ ਸਰਕਾਰ ਲੋਕ ਹਿੱਤ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ ਜਦੋਂਕਿ ਪੰਜਾਬ ਦੇ ਮੌਜੂਦਾ ਹੰਗਾਮੀਂ ਹਾਲਤਾਂ ਨੂੰ ਦੇਖਦਿਆਂ ਸਿਹਤ ਸੇਵਾਵਾਂ ਨਾਲ ਜੁੜੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਦੇਰੀ ਪਹਿਲ ਦੇ ਅਧਾਰ ਤੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਫਾਰਮਾਸਿਸਟ ਬਿਨਾਂ ਕਿਸੇ ਡਰ ਸੰਦੇਹ ਤੋਂ ਡਿਊਟੀਆਂ ਕਰ ਸਕਣ।
ਉਨਾਂ ਕਿਹਾ ਕਿ ਪਿਛਲੇ 14 ਸਾਲਾਂ ਤੋਂ ਠੇਕਾ ਅਧਾਰ ਤੇ ਨਿਗੂਣੀਆਂ ਤਨਖਾਹਾਂ ’ਤੇ ਸੇਵਾ ਨਿਭਾਈ ਜਾ ਰਹੀ ਹੈ ਅਤੇ ਸਮੂਹ ਫਾਰਮਾਸਿਸਟ ਰੈਗੂਲਰ ਹੋਣ ਲਈ ਆਪਣੀ ਵਿੱਦਿਅਕ ਯੋਗਤਾ ਪੂਰੀਆਂ ਕਰਦੇ ਹਨ। ਉਨਾਂ ਕਿਹਾ ਕਿ ਸਰਕਾਰ ਦੇ ਲਾਰਿਆਂ ਤੋਂ ਤੰਗ ਆਕੇ ਮਜਬੂਰਨ ਫਾਰਮਾਸਿਸਟਾਂ ਨੂੰ ਹੁਣ ਇਸ ਸੰਘਰਸ਼ ਰਾਜ ਪੱਧਰ ਤੇ ਲਿਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਇਸ ਮੌਕੇ ਫਾਰਮਾਸਿਸਟਾਂ ਨੇ ਸਰਕਾਰ ਖਿਲਾ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ ਅਤੇ ਸੰਘਰਸ਼ ਜਾਰੀ ਰਖਣ ਦਾ ਅਹਿਦ ਲਿਆ। ਅੱਜ ਦੇ ਧਰਨੇ ਵਿਚ ਫਾਰਮੇਸੀ ਅਫਸਰ ਜਗਮੋਹਨ ਸ਼ਰਮਾ, ਨੀਲਮ ਰਾਣੀ, ਦਵਿੰਦਰਪਾਲ ਸਿੰਘ, ਅਜੇ ਕੁਮਾਰ, ਪ੍ਰੇਮ ਲਤਾ, ਹਰਪ੍ਰੀਤ ਕੌਰ, ਰਾਜ ਰਾਣੀ ,ਭੂਸ਼ਣ ਕੁਮਾਰ, ਮਹੇਸ਼ ਕੁਮਾਰ ਸਮੇਤ ਦਰਜਾ ਚਾਰ ਆਗੂ ਰਣਜੀਤ ਕੁਮਾਰ ਹਾਜਿਰ ਸਨ।