ਮਿੰਟੂ ਖੁਰਮੀ
“ਮੋਗਾ-ਬਰਨਾਲਾ…. ਮੋਗਾ- ਬਰਨਾਲਾ ……. ਗਾਹਾਂ ਨੂੰ ਹੋ ਜੋ ਭਾਈ. ਹੋਰ ਸਵਾਰੀਆਂ ਨੇ ਵੀ ਚੜ੍ਹਨੈ।”, ਮੈਂ ਸੀਟੀ ਮਾਰੀ ਤੇ ਡਰਾਈਵਰ ਨੇ ਬੱਸ ਤੋਰ ਲਈ।
“ਹਾਂ ਬਈ ਆੜੀ ਕਿੱਥੇ ਜਾਣਾ? ਲਿਆ ਬਾਈ ਪੈਸੇ, ਹਾਂ ਭੈਣੇ ਕਿੰਨੀਆਂ ਟਿਕਟਾਂ?? ਹਾਂ ਬੇਬੇ ਕਿੱਥੇ ਜਾਣਾ?” ਐਨਾ ਕਿਹਾ ਈ ਸੀ ਉਹ ਬਜ਼ੁਰਗ ਔਰਤ ਗੁੱਸੇ ‘ਚ ਆ ਗਈ।
ਕਹਿੰਦੀ “ਹੁਣ ਭੁੱਲ ਗਿਆ? ਓਦੋਂ ਮੇਰੀਆਂ ਅੱਖਾਂ ਝੀਲ ਵਰਗੀਆਂ ਲਗਦੀਆਂ ਸਨ, ਤੋਰ ਹਿਰਨੀ ਵਰਗੀ ਕਹਿੰਦਾ ਹੁੰਦਾ ਸੀ, ਮੇਰੇ ਨਾਲ ਗੱਲ ਕਰਨ ਨੂੰ ਤਰਸਦਾ ਹੁੰਦਾ ਸੀ, ਮਹੀਨੇ ਬਾਅਦ ਆਈ ਚਿੱਠੀ ਨੂੰ 100 ,100 ਵਾਰ ਪੜ੍ਹਦਾ ਹੁੰਦਾ ਸੀ, ਮੈਂ ਓਹੀ ਆਂ।”
“ਓਏ ਤੇਰੀ…. ਤੈਨੂੰ ਆਹ ਕੀ ਹੋ ਗਿਆ?? ਤੇਰੀ ਆਹ ਹਾਲਤ ਕਿਵੇਂ ਹੋ ਗਈ?? ਦੱਸ ਮੈਨੂੰ ਜੇ ਵਿਚਾਲਿਓਂ ਨਾ ਪਾੜ ਦੇਵਾਂ ਸਾਲੇ ਨੂੰ,
।”, ਮੈਂ ਵੀ ਇਸ਼ਕੀਆ ਵੈਲਪੁਣਾ ਦਿਖਾਉਂਦਾ ਬੋਲਿਆ।

-“ਕੰਜਰ ਕਰਫੂ ਨੇ ਕਰੀ ਆ ਆਹ ਹਾਲਤ। ਦੁਕਾਨਾਂ ਬੰਦ ਨੇ ‘ਕਲਫ਼’ ਮਿਲੀ ਨੀ, ਤੇਰੇ ਕੋਲ ਹੈਗੀ ??, ਉਹ ਬੋਲੀ।
-“ਮੇਰੇ ਕਿਹੜਾ ਜੂੜਾ ਕੀਤਾ ਵਾ? ਦਾਹੜੀ ਤਾਂ ਸੁੱਖ ਨਾਲ ਆਉਣ ਨੀ ਦੇਈਦੀ।”, ਮੈਂ ਕਿਹਾ।
-“ਜਾਹ ਵੇ ਝੂਠਿਆ …. ਉਹ ਅੰਬਰਾਂ ਤੋਂ ਤਾਰੇ ਤੋੜਨ ਵਾਲੇ ਝੂਠ ਈ ਮਾਰਦਾ ਰਿਹਾ? ਇੱਕ ਕਲਫ਼ ਦਾ ਪੈਕਟ ਤਾਂ ਸਰਿਆ ਨੀ ਤੇਰੇ ਕੋਲੋਂ।”, ਉਹ ਮੈਨੂੰ ਧੱਕਾ ਮਾਰ ਜਲਦੀ ਨਾਲ ਬੱਸ ਚੋਂ ਉੱਤਰ ਗਈ।
ਮੇਰੇ ਸੁਪਨੇ ਵੀ ਤਾਰ ਤਾਰ ਹੋ ਚੁੱਕੇ ਸਨ। ਜ਼ੋਰ ਨਾਲ ਬੱਸ ਦੀ ਬਾਰੀ ਬੰਦ ਕਰਨ ਲੱਗੇ ਦਾ ਬੈੱਡ ਤੋਂ ਟਾਪੂ ਲੱਗ ਚੁੱਕਾ ਸੀ।
ਮੇਰੇ ਪੱਲੇ ਰਹਿ ਗਈ ਸੀ ਇੱਕ ਯਾਦ ਤੇ ਦੂਜੀ ਨਗਦ ਸੁਪਨਮਈ ਬੇੇਇੱਜ਼ਤੀ।