ਵਿਕਾਸ ….ਵਿਕਾਸ ਉਹ ਸ਼ਬਦ ਹੈ ਜਿਸਦੇ ਬੋਲਣ ਦੀ ਲੋੜ ਨਹੀਂ ਹੁੰਦੀ, ਪਰ ਉਹ ਆਪ ਮੁਹਾਰੇ ਜ਼ਰੂਰ ਬੋਲਦਾ ਹੈ, ਹੁਣ ਤੇ ਲੱਗਦਾ ਹੈ ਜਿਵੇਂ ਮੇਰੇ ਪੰਜਾਬ ਦੇ ਲੋਕ ਇਸ ਸ਼ਬਦ ਨੂੰ ਆਮ ਸ਼ਬਦਾਂ ਦੇ ਵਾਂਗੂ ਭੁੱਲ ਵੀ ਗਏ ਹੋਣ, ਕਿਉਂਕਿ ਸਾਡੇ ਪੰਜਾਬ ਵਾਸੀਆਂ ਨਾਲ ਇੱਕ ਨਹੀਂ ,ਹਰੇਕ ਸਰਕਾਰ ਨੇ ਵਾਹਦੇ ਤਾਂ ਕੀਤੇ ਪਰ ਪੂਰੇ ਨਹੀਂ ਹੋਏ,ਉਹਨਾਂ ਵਿੱਚੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੇ ਜਾਂ ਧੋਖੇ ਨਾਲ ਵੋਟਾਂ ਬਟੋਰਨ ਵਾਲੇ ਸਾਡੇ ਹੀ ਹਲਕੇ ਦੇ ਅਖੌਤੀ ਲੀਡਰ,ਵਿਧਾਇਕ, ਸਰਪੰਚ, ਜਥੇਦਾਰ, ਹੋਰ ਵੀ ਆਮ ਖ਼ਾਸ ਜੋ ਵਾਹਦੇ ਕਰਦੇ ਹਨ ,ਪਰ ਪੂਰੇ ਕਰਨੇ ਉਹਨਾਂ ਦੇ ਵਸੋਂ ਬਾਹਰ ਹੋ ਜਾਂਦਾ ਹੈ।
ਵੋਟਾਂ ਦੇ ਆਉਣ ਤੋਂ ਪਹਿਲਾਂ ਜਾਂ ਜਾਂਦੀ ਸਰਕਾਰ ਦੇ ਵੇਲ਼ੇ ਨੀਂਹ ਪੱਥਰ ਰੱਖ ਰੱਖ ਕੇ ਵਿਕਾਸ ਦੀਆਂ ਹਨੇਰੀਆਂ ਲਿਆ ਦਿੱਤੀਆਂ ਜਾਂਦੀਆਂ ਹਨ,ਇਹਨਾਂ ਵੱਲੋ ਰੱਖੇ ਗਏ ਨੀਂਹ ਪੱਥਰ ਇੱਕ ਚਿੱਟੇ ਹਾਥੀ ਦੇ ਹੀ ਸਮਾਨ ਹੁੰਦੇ ਹਨ,ਪਰ ਇਹ ਨੀਂਹ ਪੱਥਰ ਹੱਸਦੇ ਰਹਿੰਦੇ ਹਨ,ਹਰੇਕ ਪਿੰਡ ਵਾਸੀ ਤੇ ਰੱਖੇ ਗਏ ਵਿਅਕਤੀ ਤੇ ,ਇਹ ਪੱਥਰ ਆਖਦੇ ਹਨ ਕੀ ਵੇਖੋ ਵਿਕਾਸ ,ਇਸ ਵਿਕਾਸ ਨੇ ਮੇਰੇ ਉੱਤੇ ਵੀ ਧੂੜ ਮਿੱਟੀ ਪਾ ਦਿੱਤੀ, ਪਤਾ ਨਹੀਂ ਕਦੋਂ ਵਿਕਾਸ ਹੋਣਾ,ਪਰ ਪੱਥਰ ਦੇ ਪੱਥਰ ਧਰੀ ਜਾਣਾ, ਇਹ ਸਾਡੇ ਪੰਜਾਬ ਵਾਸੀਆਂ ਨੂੰ ਮੂਰਖ ਬਣਾਉਣਾ ਜਾਂ ਮੂਰਖ ਸਮਝਣਾ ਸਭ ਤੋਂ ਪਹਿਲੀ ਨਿਸ਼ਾਨੀ ਹੈ।
ਪੰਜਾਬ ਦੇ ਲੋਕਾਂ ਨੂੰ ਚਾਹੀਂਦਾ ਹੈ ਕੀ ਜੋ ਵਿਕਾਸ ਦੇ ਨੀਂਹ ਪੱਥਰ ਰੱਖੇ ਗਏ ਹਨ,ਜਾਂ ਜਿਨ੍ਹਾਂ ਵੱਲੋਂ ਰੱਖੇ ਗਏ ਸੀ,ਜ਼ੇਕਰ ਉਹ ਵਾਹਦੇ ਪੂਰੇ ਨਹੀਂ ਕਰਦੇ ,ਇਹੋ ਜਿਹੇ ਝੂਠੇ ਤੇ ਮੂਰਖ ਬਣਾਉਣ ਵਾਲੇ ਲੋਕਾਂ ਦੇ ਪ੍ਰਤੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਸਿਆਸੀ ਲੀਡਰ ਸਾਡੇ ਪੰਜਾਬ ਵਾਸੀਆਂ ਨੂੰ ਹੋਰ ਮੂਰਖ ਨਾ ਬਣਾਉਣ ,ਸਾਨੂੰ ਚਾਹੀਂਦਾ ਹੈ ਕੀ ਇਹੋ ਜਿਹੇ ਲੀਡਰਾਂ ਕੋਲ਼ੋਂ ਲਿਖਤੀ ਰੂਪ ਵਿੱਚ ਜ਼ਰੂਰ ਲੈਣਾ ਚਾਹੀਦਾ ਹੈ ਕੀ ਮੈਂ ਇਸ ਪਿੰਡ ਦਾ ਤੇ ਪਿੰਡ ਦੇ ਲੋਕਾਂ ਦਾ ਵਿਕਾਸ ਕਰਾਂਗਾ ਜੇ ਉਹ ਨਹੀਂ ਕਰਦੇ ਤਾਂ ਉਸ ਲੀਡਰ ਦੀ ਚੋਣ ਲੜਨ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ, ਇਹ ਉਪਰਾਲਾ ਵੀ ਸਾਡੀ ਮਾਨਯੋਗ ਅਦਾਲਤਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਜਾਂ ਸਾਡੇ ਪੰਜਾਬ ਵਾਸੀਆਂ ਨੂੰ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ, ਤਾਂ ਹੀ ਰੱਖੇ ਗਏ ਨੀਂਹ ਪੱਥਰਾਂ ਦੀ ਕੋਈ ਕੀਮਤ ਪਵੇਗੀ ,ਨਹੀਂ ਤੇ ਪੰਜਾਬ ਦੀ ਧਰਤੀ ਤੇ ਵਿਕਾਸ ਘੱਟ ਤੇ ਨੀਂਹ ਪੱਥਰ ਲੱਗੇ ਹੋਏ ਜ਼ਿਆਦਾ ਦਿਸਣਗੇ।
ਸਾਡੇ ਵਾਸਤੇ ਤੇ ਜਾਂ ਨੀਂਹ ਪੱਥਰ ਰੱਖਣ ਵਾਲਿਆਂ ਨੂੰ ਸ਼ਰਮ ਤੇ ਜ਼ਰੂਰ ਚਾਹੀਂਦੀ ਹੈ, ਕੀ ਉਹਨਾਂ ਵੱਲੋਂ ਜਾਂ ਉਹਨਾਂ ਲਈ ਰੱਖੇ ਗਏ ਬਹੁਤ ਸਾਰੇ ਨੀਂਹ ਪੱਥਰਾਂ ਨੂੰ ਵੀਹ ਜਾਂ ਪੱਚੀ ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ,ਪਰ ਉਸ ਪੱਥਰ ਦੇ ਨਾਮ ਉੱਤੇ ਕਦੇ ਵੀ ਵਿਕਾਸ ਨਹੀਂ ਹੋਇਆ ,ਇਸ ਦੀਆਂ ਮਿਸਾਲਾਂ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਆਪ ਹੀ ਦੇ ਦੇਣਗੇ,ਪੰਜਾਬ ਦੇ ਲੋਕਾਂ ਦੇ ਲਈ ਨੀਂਹ ਪੱਥਰ ਰੱਖੇ ਗਏ ਪਰ ਵਿਕਾਸ ਨਹੀਂ ਹੋਇਆ, ਹੋਰ ਸਾਡੀ ਮੂਰਖਤਾ ਨਹੀਂ ਤੇ ਇਹ ਹੋਰ ਕੀ ਏ,
ਵਿਕਾਸ ਲਈ ਸਮਾਨ ਵੀ ਪਿਆ ਹੁੰਦਾ ਹੈ, ਫੇਰ ਨਹੀਂ ਵਿਕਾਸ ਹੁੰਦਾ ,ਕਈ ਪਿੰਡਾਂ ਵਿੱਚ ਖ਼ਾਸ ਮੇਰੇ ਪਿੰਡ ਵੀ ਇੱਕ ਸੜਕ ਬਣਨੀ ਸੀ,ਉਸ ਸੜਕ ਨੂੰ ਬਣਾਉਣ ਲਈ ਵਰਤੀ ਜਾਣ ਵਾਲੀ ਲੁੱਕ ਦੇ ਢੋਲ ਅੱਜ ਵੀ ਉਸੇ ਤਰਾਂ ਪਏ ਹਨ,ਪਰ ਉਹ ਸੜਕ ਨਹੀਂ ਬਣੀ,ਸਿਆਸਤ ਬਹੁਤ ਹੀ ਗਿਰੀ ਸੋਚਦੇ ਬੰਦਿਆਂ ਦਾ ਕੰਮ ਹੈ, ਇਸ ਦਾ ਨਮੂਨਾ ਮੈਂ ਆਪਣੇ ਹੀ ਪਿੰਡ ਵੇਖ ਚੁੱਕਾ ਹਾਂ, ਕੀ ਆਮ ਆਦਮੀ ਜਾਂ ਆਮ ਸਰਪੰਚ ਜਿਵੇਂ SC, Bc, ਦੇ ਵਰਗ ਦੇ ਸਰਪੰਚਾਂ ਨੂੰ ਇਹ ਲੋਕ ਵਿਕਾਸ ਕਰਨ ਹੀ ਨਹੀਂ ਦਿੰਦੇ, ਕਾਰਨ ਇਹ ਹੈ ਕੀ ਇਹਨਾਂ ਦੇ ਨਾਮ ਦਾ ਨੀਂਹ ਪੱਥਰ ਸਾਡੇ ਪਿੰਡ ਲੱਗਣ ਤੇ ਇਹਨਾਂ ਛੋਟੀ ਸੋਚਦੇ ਲੋਕਾਂ ਦੀ ਟੌਹਰ ਵਿੱਚ ਫ਼ਰਕ ਪਵੇਗਾ,ਕੀ ਇੱਕ ਆਮ ਵਰਗ ਦਾ ਬੰਦਾ ਵਿਕਾਸ ਕਰ ਗਿਆ,ਇੱਕ ਵੀ ਇਹਨਾਂ ਦੀ ਸੋਚ ਦਾ ਕਾਰਨ ਹੁੰਦਾ ਹੈ।
ਕਾਰਨ ਜੋ ਹੋਣ ਲੋਕਾਂ ਨੂੰ ਚਾਹੀਂਦਾ ਹੈ ਜਾਤਾਂ ਵਾਲੀ ਸੋਚ ਤੋਂ ਉੱਪਰ ਉੱਠਕੇ ਆਪਣੇ ਲੋਕਾਂ ਤੇ ਪਿੰਡ ਦੇ ਵਿਕਾਸ ਕਰੋ,ਉਹ ਵਿਕਾਸ ਹੀ ਸਾਨੂੰ ਤੱਰਕੀ ਤੱਕ ਲੈਕੇ ਜਾਣਗੇ,ਕਿਸੇ ਵੀ ਵਿਕਾਸ ਵਾਲ਼ੇ ਕੰਮ ਵਿੱਚ ਲੱਤ ਫਸਾਉਣਾ ਜਾਂ ਉਂਗਲ ਕਰਨਾ ਗ਼ਲਤ ਗੱਲ ਹੈ, ਜੇ ਵਿਕਾਸ ਹੋ ਰਿਹਾ ਹੈ ਤਾਂ ਪਿੰਡ ਵਾਸੀ ਸਹਿਯੋਗ ਦੇਣ ਨਾ ਕਿ ਅੜਿਕਾ ਲਾਉਣ,ਪਰ ਸਹੀ ਨੂੰ ਸਹੀ ਕਹੋ ਤੇ ਗ਼ਲਤ ਨੂੰ ਗ਼ਲਤ।
ਬਾਕੀ ਹੁਣ ਪੰਜਾਬ ਵਾਸੀਆਂ ਦੇ ਜਾਗਣ ਦੀ ਲੋੜ ਹੈ ਜਾਂ ਤੇ ਰੱਖੇ ਗਏ ਨੀਂਹ ਪੱਥਰਾਂ ਦਾ ਵਿਕਾਸ ਕਰਵਾ ਲੋ, ਜਾਂ ਫੇਰ ਅੱਗੇ ਤੋਂ ਮੂਰਖ ਬਣਨਾ ਬੰਦ ਕਰ ਦਿਉ,ਜਦੋਂ ਵੀ ਇਤਿਹਾਸ ਲਿਖੇ ਗਏ ਹਨ,ਸੱਚ ਬੋਲਣ ਤੇ ਸੱਚ ਲਈ ਖੜਨ ਵਾਲਿਆਂ ਦੇ ਲਿਖੇ ਗਏ ਹਨ,ਤਲਵੇ ਚੱਟਣ ਵਾਲਿਆਂ ਦੇ ਨਹੀਂ ਲਿਖੇ ਜਾਂਦੇ ਇਤਿਹਾਸ, ਪੰਜਾਬ ਵਾਸੀਓ ਹੁਣ ਜਾਗੋ ,ਵਿਕਾਸ ਮੰਗੋ,ਸਹੂਲਤਾਂ ਮੰਗੋ।ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਲਿਆਉ,ਪਾਰਟੀਆਂ ਪਿੱਛੇ ਲੱਗਕੇ ਆਪਣਾ ਤੇ ਆਪਣੇ ਪਿੰਡ ਦਾ ਵਿਕਾਸ ਨਾ ਖ਼ਰਾਬ ਕਰੋ ।
ਗੁਰਪ੍ਰੀਤ ਸਿੰਘ ਜਖਵਾਲੀ।
ਮੋਬਾਇਲ 98550 36444