ਪ੍ਰਸ਼ੋਤਮ ਪੱਤੋ
ਸਾਡੇ ਸੁਪਨੇ ਗਏ ਸਰਾਪੇ,
ਕਰਜ਼ੇ ਗਲ਼ ਗਲ਼ ਚੜ੍ਹਗੇ ਨੇ।
ਬਰਕਤਾਂ ਜਾ ਸ਼ਾਹਾਂ ਦੇ ਵੜੀਆਂ,
ਏਧਰ ਚੁੱਲ੍ਹੇ ਠਰ ਗਏ ਨੇ।
ਸਾਡੇ ਰੁਲ ਗਏ ਕਣਕਾਂ ਝੋਨੇ ,
ਨਾਲੇ ਦੁਧ ਪੁੱਤ ਵੀ ਦੋਨੇ।
ਚਿੱਟੇ ਨਰਮੇ ਮਿੱਠੇ ਪੋਨੇ,
ਰੋਂਦੇ ਧਾ ਨਾ ਧਰਦੇ ਨੇ।
ਮੱਕੀਆਂ,ਜੌ, ਕਪਾਹਾਂ, ਛੋਲੇ,
ਕਲੀਆਂ, ਗੀਤ, ਬੋਲੀਆਂ,ਢੋਲੇ।
ਸਾਥੋਂ ਹਰੀ ਕ੍ਰਾਂਤੀ ਖੋਹ ਲੇ,
ਕਜ਼ੀਏ ਘਰ ਘਰ ਵੜਗੇ ਨੇ।
ਖੇਤੀ ਕੌਣ ਬਲਾਵਾਂ ਆਈਆਂ?
ਖਾ ਗੲੀਆਂ ਡੀਜ਼ਲ ਖਾਦ ਦਵਾਈਆਂ,
ਖੋਹ ਕੇ ਲੈਗੀਆਂ ਕੁੱਲ ਕਮਾਈਆਂ,
ਕਿਰਤੀ ਜਿੱਤ ਕੇ ਹਰਗੇ ਨੇ।
ਖ਼ੁਦਕੁਸ਼ੀਆਂ ਨਾਲ ਨਹੀਂ ਸਰਨਾ,
ਪੈਣਾਂ ‘ਕੱਠੇ ਹੋ ਕੇ ਲੜਨਾ।
ਪ੍ਰਸ਼ੋਤਮ ਨੂੰ ਆ ਗੲੀ ਸਮਝ ਹੁਣ ਸਾਰੀ,
ਲੜਿਆਂ ਹੀ ਦੁੱਖ ਹਰਦੇ ਨੇ।