ਅਸ਼ੋਕ ਵਰਮਾ
ਬਠਿੰਡਾ,17 ਜੁਲਾਈ। ਸ਼੍ਰੋਮਣੀ ਅਕਾਲੀ ਦਲ ਨੇ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਬਾਰੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਅਕਾਲੀ ਆਗੂ ਪਰਮਬੰਸ ਸਿੰੰੰਘ ਬੰਟੀ ਰੋਮਾਣਾ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰੰਗਲਾ ਨੇ ਪ੍ਰੈਸ ਕਾਨਫਰੰਸ ਕਰਕੇ ਵਿੱਤ ਮੰਤਰੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਮਲੂਕਾ ਨੇ ਆਖਿਆ ਕਿ ਵਿਧਾਨ ਸਭਾ ਚੋਣਾਂ ਮੌਕੇ ਮਨਪ੍ਰੀਤ ਬਾਦਲ ਆਖਿਆ ਕਰਦੇ ਸਨ ਕਿ ਥਰਮਲ ਦੀਆਂ ਬੰਦ ਚਿਮਨੀਆਂ ਦੇਖ ਕੇ ਅੱਖਾਂ ’ਚ ਹੰਝੂ ਆ ਜਾਂਦੇ ਸਨ। ਇਹ ਵੀ ਆਖਿਆ ਸੀ ਕਿ ਸਰਕਾਰ ਬਣਦਿਆਂ ਹੀ ਥਰਮਲ ਦੀਆਂ ਚਿਮਨੀਆਂ ਚੋਂ ਧੂੰਆਂ ਕੱਢਿਆ ਜਾਏਗਾ। ਮਲੂਕਾ ਨੇ ਆਖਿਆ ਕਿ ਮਨਪ੍ਰੀਤ ਬਾਦਲ ਨੇ ਤਾਂ ਬਠਿੰਡਾ ਥਰਮਲ ਪਲਾਂਟ ਦਾ ਹੀ ਧੂੰਆਂ ਕੱਢ ਦਿੱਤਾ ਹੋ ਜੋਕਿ ਸ੍ਰ ੀ ਗੁਰੂ ਨਾਨਕ ਦੇਵ ਜੀ ਮਾਹਾਰਾਜ ਜੀ ਦੇ 500ਵੇਂ ਪ੍ਰਕਾਸ਼ ਉਤਸਵ ਸਮੇਂ ਲਾਇਆ ਗਿਆ ਸੀ। ਉਨਾਂ ਆਖਿਆ ਕਿ ਥਰਮਲ ਲੱਗਣ ਪਿੱਛੋਂ ਬਠਿੰਡਾ ਸਣੇ ਪੰਜਾਬ ਨੇ ਤਰੱਕੀ ਦੀਆਂ ਮੰਜਿਲਾਂ ਨੂੰ ਛੂਹਿਆ ਹੈ ਪਰ ਸਰਕਾਰ ਆਪਣੇ ਚੋਣ ਵਾਅਦੇ ਦੇ ਉਲਟ ਮੁੱਲ ਵੱਟਣ ਤੁਰ ਪਈ ਹੈ। ਉਨਾਂ ਸਰਕਾਰ ਵੱਲੋਂ ਵਸੂਲੀ ਜਾ ਰਹੀ ਬਿਜਲੀ ਦੀ ਕੀਮਤ ਤੇ ਵੀ ਉਂਗਲ ਉਠਾਈ।
ਉਨਾਂ ਆਖਿਆ ਕਿ ਪੰਜਾਬ ਸਰਕਾਰ 10 ਰੁਪਏ ਯੂਨਿਟ ਵਸੂਲ ਰਹੀ ਹੈ ਅਤੇ ਇਹ ਮੁਨਾਫਾ ਹੱਦ ਤੋਂ ਵੱਧ ਹੈ। ਮਲੂਕਾ ਨੇ ਜਲ ਸਰੋਤ ਵਿਭਾਗ ਵਿੱਚੋਂ ਕਰੀਬ 8900 ਮੁਲਾਜ਼ਮਾਂ ਦੀ ਛਾਂਟੀ ਕਰਨ ਦੇ ਮਾਮਲੇ ਤੇ ਵੀ ਕੈਪਟਨ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨਾਂ ਆਖਿਆ ਕਿ ਚੋਣਾਂ ਵੇਲੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਘਰ ਘਰ ਰੁਜਗਾਰ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ ਅੱਜ ਮੁਲਾਜਮਾਂ ਨੂੰ ਨੌਕਰੀਆਂ ਚੋਂ ਕੱਢਣ ਲੱਗੀ ਹੈ। ਉਨਾਂ ਆਖਿਆ ਕਿ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ’ਚ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਨਵੀਆਂ ਨੌਕਰੀਆਂ ਦਾ ਕੀ ਦੇਣੀਆਂ ਸਨ ਇਸ ਦੇ ਉਲਟ ਨੌਕਰੀਆਂ ਤੋਂ ਕੱਢ ਕੇ ਘਰ ਘਰ ਸੱਥਰ ਵਿਛਾਏ ਜਾ ਰਹੇ ਹਨ। ਉਨਾਂ ਐਲਾਨ ਕੀਤਾ ਕਿ ਅਕਾਲੀ ਦਲ ਬਠਿੰਡਾ ਥਰਮਲ ਨੂੰ ਬੰਦ ਅਤੇ ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਦੀ ਬਿਨਾਂ ਵਜਾ ਛਾਂਟੀ ਕਦੇ ਨਹੀਂ ਹੋਣ ਦੇਵੇਗਾ । ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਭਾਸ਼ਣ ਦੀ ਉਹ ਆਡੀਓ ਸੁਣਾਈ ਜਿਸ ’ਚ ਉਹ ਥਰਮਲ ਦੀਆਂ ਚਿਮਨੀਆਂ ਚੋਂ ਧੂੰਆਂ ਕੱਢਣ ਅਤੇ ਫੈਕਟਰੀਆਂ ਲਿਆਉਣ ਦੀ ਗੱਲ ਕਰ ਰਹੇ ਹਨ।
ਉਨਾਂ ਵਿੱਤ ਮੰਤਰੀ ਨੂੰ ਬਠਿੰਡਾ ’ਚ ਹਰ ਮਹੀਨੇ ਇੱਕ ਫੈਕਟਰੀ ਲਿਆਉਣ ਦੇ ਮਾਮਲੇ ’ਚ ਵੀ ਝੂਠਾ ਕਰਾਰ ਦਿੱਤਾ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਕੀਤੀ ਬਗ਼ਾਵਤ ਤੇ ਉਨਾਂ ਕਿਹਾ ਕਿ ਸਰਕਾਰ ਵੇਲੇ ਮਲਾਈ ਖਾਣ ਵਾਲੇ ਢੀਂਡਸਾ ਅੱਜ ਵਿਰੋਧ ਵਿੱਚ ਬੋਲਣ ਦਾ ਕੋਈ ਹੱਕ ਨਹੀਂ । ਉਨਾਂ ਕਿਹਾ ਕਿ ਜੇਕਰ ਉਹ ਏਨੇਂ ਹੀ ਸੱਚੇ ਸਨ ਕਿ ਉਨਾਂ ਨੂੰ ਸਰਕਾਰ ਵੇਲੇ ਬੋਲਣਾ ਚਾਹੀਦਾ ਸੀ। ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਥਰਮਲ ਪਲਾਂਟ ਦੀ ਜਮੀਨ ਵੇਚਣ ਨੂੰ ਲੈਕੇ ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਨਿਸ਼ਾਨਾ ਬਣਾਇਆ ਅਤੇ ਕਈ ਤਰਾਂ ਦੇ ਦੋਸ਼ ਲਾਏ। ਆਗੂਆਂ ਨੇ ਅਕਾਲੀ ਭਾਜਪਾ ਸਰਕਾਰ ਵੱਲੋਂ ਥਰਮਲ ਪਲਾਂਟ ਵੇਚਣ ਨੂੰ ਮਨਜ਼ੂਰੀ ਸਬੰਧੀ ਦਿੱਤੇ ਜਾ ਰਹੇ ਬਿਆਨਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਜੇ ਅਜਿਹਾ ਕਰਨਾ ਹੁੰਦਾ ਤਾਂ ਕਰੋੜਾਂ ਰੁਪਏ ਰੈਨੋਵੇਸ਼ਨ ਤੇ ਨਹੀਂ ਲਾਏ ਜਾਣੇ ਸਨ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਲੋਕ ਹਿੱਤਾਂ ਦਾ ਕੋਈ ਖਿਆਲ ਨਹੀਂ ਹੈ ਪ੍ਰੰਤੂ ਅਕਾਲੀ ਦਲ ਲੋਕ ਹਿੱਤਾਂ ਤੇ ਡਟ ਕੇ ਪਹਿਰੇਦਾਰੀ ਕਰੇਗਾ ਅਤੇ ਲੋਕ ਵਿਰੋਧੀ ਫੈਸਲੇ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤੇ ਜਾਣਗੇ।