ਅਸ਼ੋਕ ਵਰਮਾ
ਮਾਨਸਾ, 16 ਜੁਲਾਈ : ਗ੍ਰਾਮ ਪੰਚਾਇਤ ਭੱਲਣਵਾੜਾ ਬਲਾਕ ਸਰਦੂਲਗੜ ਵਿਖੇ ਰਾਊਂਡ ਗਲਾਸ ਫਾਊਂਡੇਸ਼ਨ ਮੁਹਾਲੀ ਦੀ ਮਦਦ ਨਾਲ ਜ਼ਿਲ੍ਹੇ ਦਾ ਦੂਸਰਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਰਾਹੀਂ ਪਿੰਡ ਦੇ ਕੂੜੇ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਿਆਰ ਕੀਤੇ ਸੋਲਿਡ ਵੇਸਟ ਮੈਨੇਜਮੈਂਟ ਦਾ ਉਦਘਾਟਨ ਕਰਦਿਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ. ਬਿਕਰਮ ਸਿੰਘ ਮੋਫਰ ਨੇ ਕੀਤਾ।
ਚੇਅਰਮੈਨ ਸ. ਮੋਫਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਮਗਨਰੇਗਾ ਸਕੀਮ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਮੁਹਾਲੀ ਨਾਲ ਕਨਵਰਜੈਂਸ ਕਰਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰਾ-ਵੱਖਰਾ ਰੱਖਣ ਲਈ ਕੂੜੇਦਾਨ ਵੰਡੇ ਗਏ। ਇਸ ਪ੍ਰੋਜੈਕਟ ਅਧੀਨ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰੇ ਪਿੱਟਾਂ ਰਾਹੀਂ ਤਕਨੀਕੀ ਤੌਰ ‘ਤੇ ਖਾਦ ਬਣਾਉਣ ਦੇ ਕੰਮ ਲਈ ਵਰਤਿਆ ਜਾਵੇਗਾ ਅਤੇ ਇਸ ਖਾਦ ਤੋਂ ਆਮਦਨ ਵੀ ਪ੍ਰਾਪਤ ਕੀਤੀ ਜਾਵੇਗੀ ਅਤੇ ਕੂੜਾ ਹਰ ਘਰ ਵਿੱਚੋਂ ਸ਼ਹਿਰਾਂ ਦੀ ਤਰਾਂ ਰੇਹੜੀ ਵਾਲੇ ਵੱਲੋਂ ਇੱਕਠਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਪਿੰਡ ਸਾਫ-ਸੁਥਰਾ ਹੋਵੇਗਾ, ਉੱਥੇ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇਗਾ। ਇਸ ਦੌਰਾਨ ਪਿੰਡ ਵਾਸੀਆਂ ਨੂੰ ਘਰ-ਘਰ ਜਾ ਕੇ ਕੋਰੋਨਾ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੇ ਨੁਕਤੇ ਵੀ ਦੱਸੇ ਗਏ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।