23.7 C
United Kingdom
Sunday, June 21, 2026

More

    “ਆਓ, ਜ਼ਿੰਦਗੀ ਦਾ ਸਵਾਗਤ ਕਰੀਏ”

    “ਸਵਾਗਤ ਜ਼ਿੰਦਗੀ ਦਾ ਵਿਸ਼ਾ ਨਿਰਾਲਾ,ਸਿੱਖਿਆ ਵਿਭਾਗ ਦਾ ਵਿਸ਼ੇਸ਼ ਉਪਰਾਲਾ“
    ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ ਇਹਨਾਂ ਵਿੱਚੋਂ ਇੱਕ ਵਿਸ਼ੇਸ਼ ਉਪਰਾਲਾ ਹੈ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਫੁੱਲਿਤ ਕਰਨਾ। ਨੈਤਿਕਤਾ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਜੀਵਨ ਦੀ ਨੀਂਹ ਹੁੰਦੀ ਹੈ ।ਨੈਤਿਕ ਗੁਣਾਂ ਨਾਲ ਭਰਪੂਰ ਮਨੁੱਖ ਹੀ ਚੰਗੇ ਸਮਾਜ ਦੀ ਸਿਰਜਣਾ ਵਿੱਚ ਅਹਿਮ ਰੋਲ ਨਿਭਾ ਸਕਦੇ ਹਨ। ਅੱਜ ਸਾਡਾ ਸਮਾਜ ਨਿਘਾਰ ਵੱਲ ਜਾ ਰਿਹਾ ਹੈ। ਸਮਾਜਿਕ ਬੁਰਾਈਆਂ ਨੇ ਘਰ ਕਰ ਲਿਆ ਹੈ। ਹੁਣ ਇਨ੍ਹਾਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਅਤੇ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਲਈ ਨੈਤਿਕ-ਕਦਰਾਂ ਕੀਮਤਾਂ ਨੂੰ ਉੱਚਿਆਂ ਚੁੱਕਣ ਦੀ ਜ਼ਰੂਰਤ ਹੈ।
    ਸੋ ਸਿੱਖਿਆ ਵਿਭਾਗ ਨੇ ਇਸ ਲਈ ਅਹਿਮ ਕਦਮ ਉਠਾਉਂਦੇ ਹੋਏ ਨੈਤਿਕ-ਕਦਰਾਂ ਕੀਮਤਾਂ ਤੇ ਅਧਾਰਿਤ ਪੁਸਤਕ ‘ਸਵਾਗਤ ਜ਼ਿੰਦਗੀ’ ਤਿਆਰ ਕੀਤੀ ਹੈ। ‘ਸਵਾਗਤ ਜ਼ਿੰਦਗੀ’ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਸਭ ਵਿਦਿਆਰਥੀ ਲਾਜ਼ਮੀ ਤੌਰ ਤੇ ਪੜ੍ਹਨਗੇ। ਅਸਲ ਵਿੱਚ ਇਸ ਪੁਸਤਕ ਨੂੰ ਪੜ੍ਹਨਾ ਕਾਪੀਆਂ ਤੇ ਲਿਖਣਾ ਜਾਂ ਯਾਦ ਨਹੀਂ ਕਰਨਾ ਸਗੋਂ ਖੇਡ-ਖੇਡ ਵਿਧੀ ਰਾਹੀਂ ਤੇ ਵਾਰਤਾਲਾਪਾਂ ਰਾਹੀਂ ਅਭਿਆਸ ਹੋਵੇਗਾ ਜਿਸ ਨਾਲ ਵਿਦਿਆਰਥੀ ਸਹਿਜ ਸੁਭਾਅ ਹੀ ਬਹੁਤ ਕੁਝ ਚੰਗਾ ਸਿੱਖਣਗੇ ,ਚੰਗਾ ਕਰਨਗੇ ਤੇ ਚੰਗਾ ਸਿਰਜਣਗੇ। ਇਹ ਵਿਸ਼ਾ ਵਿਦਿਆਰਥੀਆਂ ਲਈ ਦਿਲਚਸਪ ਹੋਵੇਗਾ। ਵਿਦਿਆਰਥੀਆਂ ਦੇ ਸਰੀਰਕ ਤੇ ਬੌਧਿਕ ਵਿਕਾਸ ਦੇ ਨਾਲ ਨਾਲ ਇਹ ਉਨ੍ਹਾਂ ਵਿੱਚ ਰਿਸ਼ਤਿਆਂ ਦੀ ਕਦਰ, ਆਗਿਆਕਾਰੀ, ਮਿੱਠਾ ਬੋਲਣਾ, ਮਿਲਵਰਤਨ, ਮਦਦ, ਲੀਡਰਸ਼ਿਪ, ਸਹਿਣਸ਼ੀਲਤਾ, ਨਿਮਰਤਾ, ਸਲੀਕਾ, ਕਦਰ, ਸੱਚ ਨਾਲ ਖੜ੍ਹਨਾ, ਬੁਰਾਈਆਂ ਤੋਂ ਦੂਰ ਰਹਿਣਾ, ਦੇਸ ਸਮਾਜ ਤੇ ਪਰਿਵਾਰ ਲਈ ਪਿਆਰ ਭਾਵਨਾਵਾਂ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਆਦਿ ਨੈਤਿਕ ਕਦਰਾਂ-ਕੀਮਤਾਂ ਭਰੇਗਾ। ਸਮੇਂ ਦੀ ਲੋੜ ਮੁਤਾਬਕ ਢੁੱਕਵੇਂ ਸਮੇਂ ਤੇ ਇਹ ਪੁਸਤਕ ‘ਸਵਾਗਤ ਜ਼ਿੰਦਗੀ’ ਬੱਚਿਆਂ ਦੇ ਹੱਥਾਂ ਵਿੱਚ ਆ ਰਹੀ ਹੈ। ਸਾਨੂੰ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦਾ ਸਵਾਗਤ ਕਰਨਾ ਚਾਹੀਦਾ ਹੈ ਤਾਂ ਹੀ ਆਲੇ ਦੁਆਲੇ ਸਭ ਪਾਸੇ ਸਾਡਾ ਸਵਾਗਤ ਅਤੇ ਸੋਭਾ ਹੋ ਸਕਦੀ ਹੈ ਤੇ ਇਸ ਉਤਸ਼ਾਹ ਨਾਲ ਅਸੀਂ ਹੋਰ ਅੱਗੇ ਵਧ ਸਕਦੇ ਹਾਂ ਤੇ ਤਰੱਕੀ ਕਰ ਸਕਦੇ ਹਾਂ। ਸੋ ਆਪਣੀ ਜ਼ਿੰਦਗੀ ਦੇ ਸਵਾਗਤ ਲਈ ਸਾਨੂੰ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਸਾਡੀ ਹੀ ਜ਼ਿੰਦਗੀ ਦਾ ਸਵਾਗਤ ਵਧਾਉਣ ਵਾਲੀ ਪੁਸਤਕ ਦਾ
    ‘ਸਕੂਲਾਂ ਦੀਆਂ ਬ੍ਰਹਾਂ ਤੇ ਤੇਲ ਚੋ ਕੇ
    ਤੇ ਤਲੀਆਂ ਤੇ ਦੀਵੇ ਬਾਲ ਕੇ
    ‘ਸਵਾਗਤ ਜ਼ਿੰਦਗੀ’ ਦਾ ਸਵਾਗਤ ਕਰੀਏ
    ਅਤੇ ਸਿੱਖਿਆ ਵਿਭਾਗ ਦਾ ਸ਼ੁਕਰਾਨਾ ਕਰੀਏ।’

    ਹਰਮੇਸ਼ ਕੌਰ ਯੋਧੇ
    ਸਟੇਟ ਐਵਾਰਡੀ
    ਸ.ਸ.ਸ.ਸਕੂਲ ਮੁੱਛਲ (ਅੰਮ੍ਰਿਤਸਰ)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!