9.8 C
United Kingdom
Monday, June 8, 2026

More

    ਚਾਨਣੀ ਤੇ ਲੋਅ

    ਜ਼ਿੰਦੜੀ ਮੈਂ ਤੇਰੇ ਨਾਂ ਏ ਲਾਈ ਸੋਹਣਿਆ
    ਅੰਗ ਅੰਗ ਦਿੰਦਾ ਏ ਗਵਾਹੀ ਸੋਹਣਿਆ
    ਘੁਲੀ ਸਾਹਾਂ ਵਿੱਚ ਤੇਰੇ ਬਣ ਖੁਸ਼ਬੋ I
    ਚੰਨ ਨੂੰ ਹੁੰਦੀ ਏ ਜਿਵੇਂ ਚਾਨਣੀ
    ਦੀਵੇ ਨੂੰ ਹੁੰਦੀ ਏ ਜਿਵੇਂ ਲੋਅ I

    ਦੁੱਖ ਸੁੱਖ ਵਿੱਚ ਸਦਾ ਤੂੰ ਬਣੀ ਮੇਰਾ ਹਾਣੀ ਵੇ
    ਬਣੀ ਮੇਰਾ ਰਾਜਾ ਮੈਂ ਵੀ ਬਣਾਂ ਤੇਰੀ ਰਾਣੀ ਵੇ
    ਮਹਿਕ ਪਿਆਰ ਦੀ ਲਵਾਂ ਸਾਹਾਂ ‘ਚ ਸਮੋਅ I
    ਚੰਨ ਨੂੰ ਹੁੰਦੀ ਏ ਜਿਵੇਂ ਚਾਨਣੀ
    ਦੀਵੇ ਨੂੰ ਹੁੰਦੀ ਏ ਜਿਵੇਂ ਲੋਅ I

    ਵਾਸਤਾ ਪਿਆਰ ਦਾ ਪਰਾਂਹ ਛੱਡ ਮਗਰੂਰੀ ਵੇ
    ਮੁਹੱਬਤਾਂ ਦਾ ਇਜ਼ਹਾਰ ਹੁੰਦਾ ਕਰਨਾ ਜਰੂਰੀ ਵੇ
    ਰੂਹ ਸਾਡੀ ੲਿੱਕੋ ਭਾਵੇਂ ਬੁੱਤ ਲੱਗਦੇ ਨੇ ਦੋ I
    ਚੰਨ ਨੂੰ ਹੁੰਦੀ ਏ ਜਿਵੇਂ ਚਾਨਣੀ
    ਦੀਵੇ ਨੂੰ ਹੁੰਦੀ ਏ ਜਿਵੇਂ ਲੋਅ I

    ਛੱਡੀਂ ਨਾ ਤੂੰ ਕੋਈ ਮੇਰਾ ਸੁਪਨਾ ਅਧੂਰਾ ਵੇ
    ਸ਼ੌਕ ਤੂੰ ਮਜਾਜਣ ਦਾ ਕਰੀਂ ਹਰ ਪੂਰਾ ਵੇ
    ਪਵੇ ਦੁਨੀਆਂ ਦੇ ਕੰਨੀੰ ਨਾ ਕਨਸੋਅ I
    ਚੰਨ ਨੂੰ ਹੁੰਦੀ ਏ ਜਿਵੇਂ ਚਾਨਣੀ
    ਦੀਵੇ ਨੂੰ ਹੁੰਦੀ ਏ ਜਿਵੇਂ ਲੋਅ I

    ਜ਼ਿੰਦਗੀ ਦਾ ਹਰ ਰਾਜ਼ ਮੈਂ ਤੇਰੇ ਸੰਗ ਖੋਲ੍ਹਿਆ
    ਮੁਆਫ਼ ਕਰੀਂ ‘ਭੱਠਲਾ’ ਜੋ ਮੰਦਾ ਚੰਗਾ ਬੋਲਿਆ
    ਤੇਰਾ ਪਿਆਰ ਨਾ ਸਕੇ ਕੋਈ ਮੈਥੋਂ ਖੋਹ I
    ਚੰਨ ਨੂੰ ਹੁੰਦੀ ਏ ਜਿਵੇਂ ਚਾਨਣੀ
    ਦੀਵੇ ਨੂੰ ਹੁੰਦੀ ਏ ਜਿਵੇਂ ਲੋਅ I

    ਧਨਵੰਤ ਭੱਠਲ (ਸਿਡਨੀ)
    14/07/2020

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!