ਸਿਆਣੇ ਆਖਦੇ ਕਿਸੇ ਗਰੀਬ ਤਾਂਈ,
ਮੰਦੇ ਬੋਲ ਕੇ ਬੋਲ ਦੁਰਕਾਰੀ ਦਾ ਨਹੀਂ।
ਮਾੜੇ ਸਮੇਂ ਨੂੰ ਹਮੇਸ਼ਾ ਯਾਦ ਰੱਖੋ,
ਚੰਗੇ ਸਮੇਂ ‘ਚ ਆ ਹੰਕਾਰੀ ਦਾ ਨਹੀਂ।
ਮਾੜੇ ਬੰਦੇ ‘ਤੇ ਚੱਕਣਾ ਹੱਥ ਮਾੜਾ,
ਦੁਸਮਣ ਘਰ ਮੂਹਰੇ ਲਲਕਾਰੀ ਦਾ ਨਹੀਂ।
ਝੂਠ ਕਦੇ ਨਾ ਦੁਨੀਆਂ ਤੋਂ ਰਹੇ ਗੁੱਝਾ,
ਸੱਚ ਬੋਲਣਾ ਕੰਮ ਵਪਾਰੀ ਦਾ ਨਹੀਂ।
ਇੱਕ ਵਾਰ ਜਿਸਨੂੰ ਯਾਰ ਕਹੀਏ,
ਗੱਲ ਗੱਲ ‘ਤੇ ਉਸਨੂੰ ਚਾਰੀ ਦਾ ਨਹੀਂ।
ਬਿਨਾਂ ਗੱਲ ਤੋਂ ਕੁੱਟ ਕੇ ਨਾਲ ਗੁੱਸੇ
ਪੁੱਤ ਜਵਾਨ ਨੂੰ ਕਦੇ ਵੀ ਮਾਰੀ ਦਾ ਨਹੀਂ।
ਮੁੰਡਾ ਮਾਂ ਦੇ ਕਹੇ ‘ਤੇ ਵਿਗੜ ਜਾਵੇ,
ਕਸੂਰ ਇਕੱਲਾ ਉਸ ਵਿਚਾਰੀ ਦਾ ਨਹੀਂ।
ਗੱਲਾਂ ਵਿੱਚ ਨਾ ਜੀਹਦੇ ਸੱਚ ਹੋਵੇ,
ਲਿਖਿਆ ਹੋਣਾ ਉਹ “ਅਮਨ” ਲਿਖਾਰੀ ਦਾ ਨਹੀਂ।
ਅਮਨ ਉੱਪਲ ਬੱਸੀਆਂ