✍️✍️ਮਨਦੀਪ ਕੌਰ ਭੰਮਰਾ

ਉਮਰਾਂ ਬੀਤ ਜਾਂਦੀਆਂ ਸੰਘਰਸ਼ ਕਰਦਿਆਂ,
ਸੰਘਰਸ਼ ਕਰਦੇ ਦੇਖਿਆ ਲੋਕਾਂ ਨੂੰ ਮਰਦਿਆਂ,
ਕਲਾ ਦਾ ਮੁੱਲ ਵਕਤ ਨਾਲ਼ ਹੀ ਪਿਆ ਕਰਦਾ,
ਜਿਉਂਦੇ ਜੀ ਬੜੇ ਲੋਕਾਂ ਨੂੰ ਦੇਖਿਆ ਹਰਦਿਆਂ।
ਵਿਚਾਰਾਂ ਦੀ ਪ੍ਰਪੱਕਤਾ ਵਕਤ ਨਾਲ਼ ਆਉਂਦੀ,
ਮਿਹਨਤ ਤੋਂ ਬਿਨਾਂ ਲਿਆਕਤ ਨਹੀਂ ਆਉਂਦੀ,
ਮਜਬੂਰੀ ਦਾ ਨਾਮ ਤਾਂ ਸਦਾ ਸ਼ੁਕਰੀਆ ਹੁੰਦਾ,
ਕੋਇਲ ਲੋੜ ਵਕਤ ਕਾਂ ਦੇ ਆਲ੍ਹਣੇ ਚੁਰਾਉਂਦੀ।
ਅਮੀਰ ਦੇ ਚੋਂਚਲੇ ਗ਼ਰੀਬ ਦੇ ਸਿਰ ਉੱਤੇ ਹੁੰਦੇ,
ਗ਼ਰੀਬ ਲੋਕ ਸਬਰ ਤੇ ਨੀਅਤ ਦੇ ਧਨੀ ਹੁੰਦੇ,
ਮਾਇਆ ਪਾਪਾਂ ਬਾਝ ਇੱਕਠੀ ਨਹੀਂ ਜੇ ਹੁੰਦੀ,
ਕਰਮਾਂ ਦੀ ਦੌਲਤ ਨਾਲ਼ ਦੋਵੇਂ ਮਾਲਾਮਾਲ ਹੁੰਦੇ।
ਵਕਤ ਦਿਖਾ ਦਿੰਦਾ ਜੀਵਨ ਦੇ ਸਾਰੇ ਰੰਗਾਂ ਨੂੰ,
ਵਕਤ ਸਿਖਾ ਦਿੰਦਾ ਜੀਵਨ ਦੇ ਸਾਰੇ ਢੰਗਾਂ ਨੂੰ,
ਬੜੀ ਬਲਵਾਨ ਤਾਕਤ ਹੁੰਦਾ ਸਦਾ ਹੀ ਵਕਤ,
ਉਡਾ ਦਿੰਦਾ ਕਿਸੇ ਵੀ ਪੰਛੀ ਦੇ ਸਭ ਫੰਗ੍ਹਾਂ ਨੂੰ।
ਕੁਦਰਤ ਦੀ ਲਾਠੀ ਬੜੀ ਬੇਆਵਾਜ਼ ਹੁੰਦੀ ਹੈ,
ਹਰੇਕ ਚਾਨਣੇ ਦਿਨ ਤੋਂ ਬਾਅਦ ਰਾਤ ਹੁੰਦੀ ਹੈ,
ਹਰ ਹਾਲਤ ‘ਚ ਨਵੇਂ ਸੂਰਜ ਨੇ ਉੱਗਣਾ ਹੁੰਦਾ,
ਨਵੀਂ ਸੂਹੀ ਸੱਜਰੀ ਫੇਰ ਇੱਕ ਪ੍ਰਭਾਤ ਹੁੰਦੀ ਹੈ।
ਵਕਤ ਮੁਆਫ਼ ਨਹੀਂ ਕਰਿਆ ਕਰਦਾ ਅਖੀਰ,
ਇਤਿਹਾਸ ਤੋਂ ਵਕਤ ਜਵਾਬ ਮੰਗਦਾ ਅਖੀਰ,
ਲੱਖ ਯਤਨ ਕਰ ਲਵੇ ਕੋਈ ਸਦੀਵਤਾ ਖਾਤਰ,
ਮੌਤ ਤਾਂ ਉਸ ਕੋਲ਼ ਵੀ ਆਉਣੀ ਹੀ ਹੈ ਅਖੀਰ।
ਕਲਮਾਂ ਵਾਲ਼ਿਓ ਫੁੱਲ਼ਾਂ ਭਰੀ ਚੰਗੇਰ ਨੂੰ ਚੁੱਕਣਾ,
ਵਕਤ ਦੇ ਮੋਢਿਆਂ ‘ਤੇ ਨਾਇਕ ਬਣ ਕੇ ਢੁੱਕਣਾ,
ਵਿਚਾਰਾਂ ਵਿੱਚ ਦੰਮ ਰੱਖਣਾ ਤੇ ਆਪਣਾ ਰੱਖਣਾ,
ਸੱਚੇ ਕਲਮੀ ਸਫ਼ਰ ਤੇ ਤੁਰਨੋ ਕਦੀ ਨਾ ਰੁਕਣਾ!
-ਮਨਦੀਪ ਕੌਰ ਭੰਮਰਾ