ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ। ਬਠਿੰਡਾ ਦੀ ਕੱਚਾ ਧੋਬੀਆਣਾ ਬਸਤੀ ’ਚ ਰਹਿਣ ਵਾਲੇ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਤੋਂ ਤੰਗ ਆ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲਹੀ। ਪੁਲਿਸ ਵੱਲੋਂ ਮਿ੍ਰਤਕ ਅਮਨਦੀਪ ਸਿੰਘ ਪੁੱਤਰ ਨਿੱਕਾ ਸਿੰਘ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਿ੍ਰਤਕ ਦੀ ਮਾਂ ਬਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਲੜਕੇ ਦੀ ਸ਼ਾਦੀ ਕਰੀਬ 4 ਸਾਲ ਪਹਿਲਾਂ ਹੋਈ ਸੀ। ਉਨਾਂ ਦੱਸਿਆ ਕਿ ਉਸਦੀ ਨੂੰਹ ਦੇ ਕਿਸੇ ਨਾਲ ਕਥਿਤ ਪ੍ਰੇਮ ਸਬੰਧ ਸਨ । ਇਸ ਕੰਮ ’ਚ ਉਸ ਦੀ ਭੈਣ ਉਸ ਨੂੰ ਸਹਿਯੋਗ ਦਿੰਦੀ ਸੀ । ਉਨਾਂ ਦੱਸਿਆ ਕਿ ਨੂੰਹ ਦੇ ਇਨਾਂ ਮਾੜੇ ਕੰਮਾਂ ਦਾ ਉਸ ਦੀ ਮਾਂ ਤੇ ਭਰਾਵਾਂ ਨੂੰ ਵੀ ਪਤਾ ਸੀ ਜਿੰਨਾਂ ਨੂੰ ਕਈ ਵਾਰ ਉਨਾਂ ਦੀ ਲੜਕੀ ਨੂੰ ਸਮਝਾਉਣ ਲਈ ਕਿਹਾ ਪਰ ਉਹ ਨਾ ਸਮਝੀ। ਉਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਹ ਆਪਣੇ ਪਤੀ ਸਮੇਤ ਕਿਰਾਏ ਦੇ ਮਕਾਨ ’ਚ ਇਹ ਕਹਿ ਕੇ ਰਹਿਣ ਲੱਗ ਪਈ ਸੀ। ਉਸ ਨੇ ਕਿਹਾ ਕਿ ਜਾਂ ਤਾਂ ਉਸ ਨੂੰ ਤਲਾਕ ਦੇ ਦੇਵੇ ਜਾਂ ਕਿਰਾਏ ’ਤੇ ਰਹਿਣ ਲੱਗ ਜਾਏ।
ਉਨਾਂ ਦੱਸਿਆ ਕਿ ਇਸ ਕਾਰਨ ਉਸ ਦਾ ਲੜਕਾ ਤੇ ਨੂੰਹ ਊਧਮ ਸਿੰਘ ਨਗਰ ’ਚ ਰਹਿਣ ਲੱਗ ਪਏ ਸੀ ਜਿੱਥੇ ਕੱੁਝ ਦਿਨ ਰਹਿਣ ਮਗਰੋਂ ਉਸਦੀ ਨੂੰਹ ਚਲੀ ਗਈ। ਨੂੰਹ ਦਾ ਪਤਾ ਉਸਦੇ ਪੁੱਤ ਨੂੰ ਸ਼ਾਮ ਨੂੰ ਕੰਮ ਤੋਂ ਘਰ ਆਏ ਨੂੰ ਲੱਗਿਆ। ਬਲਜੀਤ ਕੌਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਉਸਦੀ ਕਾਫੀ ਭਾਲ ਕੀਤੀ ਪਰ ਕਿਧਰਿਓਂ ਨਾ ਮਿਲਣ ਕਾਰਨ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ। ਮਿ੍ਰਤਕ ਦੀ ਮਾਂ ਨੇ ਦੱਸਿਆ ਕਿ ਉਸ ਦੇ ਲੜਕੇ ਦੇ ਸਹੁਰੇ ਪਰਿਵਾਰ ਨੇ ਉਨਾਂ ਖਿਲਾਫ਼ ਸ਼ਿਕਾਇਤ ਦਰਜ਼ ਕਰਵਾ ਦਿੱਤੀ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। ਉਨਾਂ ਕਈ ਵਿਅਕਤੀਆਂ ਦੇ ਨਾਵਾਂ ਸਮੇਤ ਦੱਸਿਆ ਕਿ ਉਹ ਉਸਦੇ ਲੜਕੇ ਨੂੰ ਧਮਕੀਆਂ ਦਿੰਦੇ ਸਨ ਕਿ ਉਸ ਸਮੇਤ ਉਸਦੀ ਮਾਂ ਨੂੰ ਮਰਵਾ ਦਿੱਤਾ ਜਾਵੇਗਾ। ਇਨਾਂ ਧਮਕੀਆਂ ਤੋਂ ਡਰ ਕੇ ਉਸਨੇ ਫਾਹਾ ਲੈ ਲਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿ੍ਰਤਕ ਅਮਨਦੀਪ ਸਿੰਘ ਦੀ ਮਾਂ ਬਲਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।