ਅਸ਼ੋਕ ਵਰਮਾ
ਬਠਿੰਡਾ,8ਜੁਲਾਈ । ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ,ਏਕਤਾ (ਉਗਰਾਹਾਂ) ਨੇ 20 ਤੋਂ 26 ਜੁਲਾਈ ਤੱਕ ਪਿੰਡਾਂ ਵਿੱਚ ਵੱਖ ਵੱਖ ਰੂਪਾਂ ਨਾਲ ਢੋਲ ਮਾਰਚ,ਜਾਗੋ ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕਣ ਤੇ ਹੋਰ ਬਦਲਵੇਂ ਢੰਗਾਂ ਨਾਲ ਸੰਘਰਸ਼ ਤਿੱਖੇ ਕਰਨ ਅਤੇ 27 ਜੁਲਾਈ ਨੂੰ ਅਕਾਲੀ,ਭਾਜਪਾ ਕੇਂਦਰੀ ਮੰਤਰੀਆਂ,ਐਮ.ਪੀਜ. ਜਾਂ ਜਿਲਾ ਤੇ ਹਲਕਾ ਇੰਚਾਰਜਾਂ ਦੇ ਘਰਾਂ ਵੱਲ ਰੋਸ ਮਾਰਚ ਕਰਨ ਦੇ ਪ੍ਰੋਗਰਾਮ ਦੀ ਤਿਆਰੀ ਲਈ ਅੱਜ ਭੁੱਚੋ ਖੁਰਦ ਵਿਖੇ ਜਿਲਾ ਪੱਧਰੀ ਖੁੱਲੀ ਲਾਮਬੰਦੀ ਮੀਟਿੰਗ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀ ਸੂਬਾ ਕਾਰਜਕਾਰੀ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਜਦੋਂ ਤੋਂ ਕਰੋਨਾ ਮਹਾਂਮਾਰੀ ਪੂਰੀ ਦੁਨੀਆਂ ਵਿੱਚ ਫੈਲੀ ਹੈ,ਉਦੋਂ ਤੋਂ ਮੋਦੀ ਸਰਕਾਰ ਨੇ ਇਸਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕਰਨ ਦੀ ਬਜਾਏ,ਅਚਾਨਕ ਲਾਕਡਾਊਨ ਦਾ ਐਲਾਨ ਕਰਕੇ ਸਿਰੇ ਦੇ ਲੋਕ ਵਿਰੋਧੀ ਫੈਸਲੇ ਕੀਤੇ ਹਨ ।
ਉਨਾਂ ਕਿਹਾ ਕਿ ਲੋੜ ਤਾਂ ਇਹ ਸੀ ਕਿ ਸਾਰੇ ਨਿਜੀ ਹਸਪਤਾਲਾਂ ਨੂੰ ਸਰਕਾਰੀ ਹੱਥਾਂ ਵਿੱਚ ਲੈ ਕੇ ਡਾਕਟਰ, ਨਰਸਾਂ ਤੇ ਹੋਰ ਸਿਹਤ ਕਰਮੀ ਵੱਡੀ ਪੱਧਰ ਤੇ ਭਰਤੀ ਕੀਤੇ ਜਾਂਦੇ ਅਤੇ ਵੈਂਟੀਲੇਟਰਾਂ,ਟੈਸਟ ਮਸ਼ੀਨਾਂ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਕਰਕੇ ਲੋਕਾਂ ਨੂੰ ਘਰ ਘਰ ਜਾ ਕੇ ਲਾਕਡਾਊਨ ਬਾਰੇ ਜਾਗਿ੍ਰਤ ਕੀਤਾ ਜਾਂਦਾ ਪਰ ਇਸ ਤੋਂ ਉਲਟ ਲੱਛਣਾਂ ਰਹਿਤ ਕਰੋਨਾ ਪੀੜਤਾਂ ਨੂੰ ਹਸਪਤਾਲਾਂ ‘ਚੋਂ ਘਰੀਂ ਭੇਜ ਦਿੱਤਾ ਗਿਆ ਜਿਸ ਨਾਲ ਬਿਮਾਰੀ ਹੋਰ ਵੀ ਤੇਜੀ ਨਾਲ ਫੈਲਣ ਲੱਗੀ ਹੈ। ਉਨਾਂ ਆਖਿਆ ਕਿ ਇਸ ਸੰਕਟਮਈ ਹਾਲਾਤ ਦੀ ਆੜ ਵਿੱਚ ਲੋਕਾਂ ਦੀ ਰੱਤ ਨਿਚੋੜਨ ਵਾਸਤੇ ਮੋਦੀ ਸਰਕਾਰ ਨੇ ਤੇਲ ਕੰਪਨੀਆਂ ਨੂੰ ਮਨਮਰਜ਼ੀ ਨਾਲ ਰੇਟ ਵਧਾਉਣ ਦੀ ਖੁੱਲੀ ਛੁੱਟੀ ਦੇ ਕੇ ਕੀਮਤਾਂ ਅਸਮਾਨੀਂ ਚਾੜੵ ਦਿੱਤੀਆਂ ਹਨ। ਉਨਾਂ ਸਮੂਹ ਸੰਘਰਸਸ਼ੀਲ ਤੇ ਇਨਸਾਫ ਪਸੰਦ ਲੋਕਾਂ ਨੂੰ ਖੇਤੀ ਖੇਤਰ ਨਾਲ ਸੰਬੰਧਤ ਤਿੰਨ ਆਰਡੀਨੈਂਸਾਂ ਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ ਪਰਿਵਾਰਾਂ ਤੇ ਬੱਚਿਆਂ ਸਮੇਤ ਸੰਘਰਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ ਤੇ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਛੋਟੀ ਦਰਮਿਆਨੀ ਕਿਸਾਨੀ ਨੂੰ ਪੂਰੀ ਤਰਾਂ ਖਤਮ ਕਰਨ ਲਈ ਪੱਬਾਂ ਭਾਰ ਹੋ ਗਈ ਹੈ ।ਪਹਿਲੇ ਹੱਲੇ ਤਿੰਨ ਖੇਤੀ ਆਰਡੀਨੈਂਸ ਜਾਰੀ ਕਰਕੇ ਫਸਲਾਂ ਦੀ ਸਰਕਾਰੀ ਖਰੀਦ ਠੱਪ ਕਰਨ ਦਾ ਰਾਹ ਪੱਧਰ ਕੀਤਾ ਹੈ ਜਦੋਂਕਿ ਅੱਗਿਓਂ ਸਰਕਾਰੀ ਮੰਡੀ ਸਿਸਟਮ ਭੰਗ ਕਰਕੇ ਕਾਰਪੋਰੇਟ ਮੰਡੀ ਸਿਸਟਮ ਕਾਇਮ ਕੀਤਾ ਜਾਵੇਗਾ ਜਿਸ ਨਾਲ ਅੰਨੇ ਵਪਾਰਕ ਮੁਨਾਫਿਆਂ ਲਈ ਕੰਪਨੀਆਂ ਦੋਨੀਂ ਹੱਥੀਂ ਲੁੱਟਣਗੀਆਂ ਤੇ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਖਰੀਦ ਕੇ ਖਪਤਕਾਰਾਂ ਨੂੰ ਸੋਨੇ ਦੇ ਭਾਅ ਵੇਚਣਗੀਆਂ। ਉਨਾਂ ਕਿਹਾ ਕਿ ਜਰੂਰੀ ਵਸਤਾਂ ਦੇ ਕਾਨੂੰਨ ‘ਚ ਸੋਧ ਵਾਲੇ ਆਰਡੀਨੈਂਸ ਰਾਹੀਂ ਜਨਤਕ ਵੰਡ ਪ੍ਰਣਾਲੀ ਦਾ ਖਾਤਮਾ ਹੋਵੇਗਾ ਅਤੇ ਗਰੀਬ ਖਪਤਕਾਰਾਂ ਦੀ ਭੁੱਖਮਰੀ ਦਾ ਮੁੱਢ ਬੱਝੇਗਾ। ਬਿਜਲੀ ਬਿੱਲ 2020 ਰਾਹੀਂ ਪੂਰਾ ਬਿਜਲੀ ਢਾਂਚਾ ਕੇਂਦਰੀ ਕੰਟਰੋਲ ‘ਚ ਲੈ ਕੇ ਕਿਸਾਨਾਂ,ਮਜਦੂਰਾਂ ਦੀਆਂ ਬਿਜਲੀ ਸਬਸਿਡੀਆਂ ਖੋਹੀਆਂ ਜਾਣਗੀਆਂ। ਪੂਰਾ ਢਾਂਚਾ ਨਿੱਜੀ ਕੰਪਨੀਆਂ ਨੂੰ ਵੇਚ ਕੇ ਖਪਤਕਾਰ ਕੋਲੋਂ ਭਾਰੀ ਬਿੱਲ ਵਸੂਲੇ ਜਾਣਗੇ।
ਆਗੂਆਂ ਨੇ ਕਿਹਾ ਕਿ ਸੰਘਰਸ਼ਾਂ ਰਾਹੀਂ ਪਿੱਛੇ ਧੱਕਿਆ ਠੇਕਾ ਖੇਤੀ ਕਾਨੂੰਨ 2018 ਹੁਣ ਕਰੋਨਾ ਦੀ ਆੜ ਵਿੱਚ ਮੜਕੇ ਆਮ ਕਿਸਾਨਾਂ ਦੀਆਂ ਜਮੀਨਾਂ ਹਥਿਆ ਕੇ ਦੇਸੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਦੇ ਵੱਡੇ ਵੱਡੇ ਖੇਤੀ ਫਾਰਮ ਬਣਾਏ ਜਾਣਗੇ। ਜਿਲਾ ਆਗੂ ਅਜੇਪਾਲ ਸਿੰਘ ਤੇ ਸੁਰਜੀਤ ਸਿੰਘ ਕੋਠਾਗੁਰੂ ਨੇ ਐਲਾਨ ਕੀਤਾ ਕਿ 13 ਕਿਸਾਨ ਜਥੇਬੰਦੀਆਂ ਦੀ ਸਾਂਝੀ ਸਲਾਹ ਨਾਲ ਉਲੀਕੇ ਤਾਲਮੇਲਵੇਂ ਪ੍ਰੋਗਰਾਮ ਮੁਤਾਬਕ 20 ਤੋਂ 26 ਜੁਲਾਈ ਤੱਕ ਪੂਰੇ ਪੰਜਾਬ ਵਿੱਚ ਵੱਖ ਵੱਖ ਰੂਪਾਂ ਨਾਲ ਢੋਲ ਮਾਰਚ,ਜਾਗੋ ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜਦੇ ਹੋਏ ਹੋਰ ਬਦਲਵੇਂ ਢੰਗਾਂ ਨਾਲ ਸੰਘਰਸ਼ ਤਿੱਖੇ ਕਰਨ 27 ਜੁਲਾਈ ਨੂੰ ਭਾਜਪਾ ਅਕਾਲੀ ਮੰਤਰੀਆਂ ਅਤੇ ਆਗੂਆਂ ਦੇ ਘਰਾਂ ਵੱਲ ਰੋਸ ਮਾਰਚ ਕੀਤੇ ਜਾਣਗੇ। ਅੱਜ ਦੀ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਜੇਕਰ ਖੇਤੀ ਖੇਤਰ ਨਾਲ ਸੰਬੰਧਤ ਤਿੰਨ ਆਰਡੀਨੈਂਸ ਤੇ ਬਿਜਲੀ ਬਿੱਲ 2020 ਰੱਦ ਕਰਨ ਦੀਆਂ ਦੋਵੇਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਤਾਲਮੇਲਵਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।