3.5 C
United Kingdom
Sunday, March 8, 2026

More

    ਮਾਂ ਦੇ ਹੱਥਾਂ ਦੀ ਰੋਟੀ ਦਾ ਸਵਾਦ ਦਰਸਾਉਂਦਾ ਕਰਮਜੀਤ ਅਨਮੋਲ ਦਾ ਗੀਤ- “ਮਾਂ ਦੀ ਰੋਟੀ”

    ਗੀਤ ਦੀ ਗੱਲ ਕਰਦਿਆਂ

    ਡਾ. ਸੁਰਜੀਤ ਸਿੰਘ ਭਦੌੜ *

    ਰੋਟੀ ਮਨੁੱਖ ਦੀ  ਜਿਉਣ ਦੀ ਮੁੱਢਲੀ ਸਰੀਰਕ ਲੋੜ ਨਾਲ ਜੁੜਿਆ ਹੋਇਆ ਮੁੱਦਾ ਹੈ । ਰੋਟੀ ਪੰਜਾਬੀ ਸੱਭਿਆਚਾਰਕ ਸ਼ਬਦ ਹੈ, ਜੋ ਪੇਟ ਦੀ ਭੁੱਖ ਨੂੰ ਪ੍ਰੀਭਾਸ਼ਤ ਕਰਦਾ ਮਨੁੱਖ ਦੀ ਮਾਨਸਿਕ ਤ੍ਰਿਪਤੀ, ਅਪਣਤ ਅਤੇ ਸਾਂਝ ਨੂੰ ਪ੍ਰਦਰਸ਼ਤ ਕਰਦਾ ਹੈ । ਰੋਟੀ  ਦੀ  ਪ੍ਰੀਭਾਸ਼ਾ ਨੂੰ ਅਕਸਰ ਗਾਇਕਾਂ ਦੁਆਰਾ ਗਾਇਕੀ ਅਤੇ ਪੇਸ਼ਕਾਰੀ ਰਾਹੀਂ ਪੇਸ਼ ਕੀਤਾ ਜਾਂਦਾ ਹੈ ,ਪਰ ਇਸ ਗੀਤ ਵਿੱਚ ਰੋਟੀ ਤੋਂ ਅਗਾਂਹ ਮਾਂ ਦੇ ਹੱਥ ਚੋਂ ਪੱਕੀਆਂ ਰੋਟੀਆਂ ਦੇ ਜਾਇਕੇ ਵਿੱਚੋਂ ਰੋਟੀ ਨੂੰ ਵਰਨਿਤ ਕੀਤਾ ਹੈ ।  ਪੰਜਾਬੀਆਂ ਵਿੱਚ ਮਾਂ ਦੇ ਹੱਥਾਂ ਦੀਆਂ ਪਕਾਈਆਂ ਰੋਟੀਆਂ ਦਾ  ਸਵਾਦ ਹਮੇਸ਼ਾ ਇੱਕ ਵਿਸ਼ੇਸ ਮਾਨਸਿਕ ਤਸੱਲੀ ਰਹਿੰਦਾ ਹੈ । ਪਿਛਲੇ ਵਰੇ ਵੀ ਕੁਲਦੀਪ ਕੰਡਿਆਰਾ ਦਾ ਹੀ ਲਿਖਿਆ ਕਰਮਜੀਤ ਅਨਮੋਲ ਦੁਆਰਾ ਗਾਇਆ ਗੀਤ ” ਰੋਟੀ ” ” ਹਾਲ ਰੋਟੀਏ, ਨੀ ਦੁਹਾਈ ਰੋਟੀਏ ” ਬਹੁਤ ਪਸੰਦ ਕੀਤਾ ਗਿਆ ਸੀ ਪਰ ਅੱਜ ਹੀ ਇਸੇ ਕਲਮ ਅਤੇ ਇਸੇ ਆਵਾਜ ਦਾ ਰਿਲੀਜ ਹੋਇਆ ਨਵਾਂ ਗੀਤ ” ਮਾਂ ਦੀ ਰੋਟੀ ” ਖੂਭ ਚਰਚਿਤ ਹੋਇਆ ਹੈ । ਜਸ ਰਿਕਾਰਡਜ ਦੁਆਰਾ ਰਿਲੀਜ ਕੀਤਾ ਇਹ ਗੀਤ ” ਮਾਂ ਦੀ ਰੋਟੀ ” ਆਰ ਡੀ ਬੀਟ ਦੇ ਸੰਗੀਤ ਵਿੱਚ ਤਿਆਰ ਕੀਤਾ ਗਿਆ ਹੈ । ਸਥਾਪਿਤ ਗੀਤਕਾਰ ਕੁਲਦੀਪ ਕੰਡਿਆਰਾ ਦੁਆਰਾ ਲਿਖੇ ਬਹੁਤ ਹੀ ਖੂਬਸੂਰਤ ਬੋਲਾਂ ” ਜੁਗ ਜੁਗ ਜੱਗ ਉਤੇ ਜੀਅ ਮਾਏ ਮੇਰੀਏ, ਨੀ ਆਟੇ ਵਿੱਚ ਗੁੰਨਦੀ ਏ ਕੀ ਮਾਏ ਮੇਰੀਏ, ਤਸੱਲੀ ਤੇਰੇ ਹੱਥੋਂ ਖਾਧੇ ਬਾਅਦ ਕਾਹਤੋਂ ਹੁੰਦੀ ਏ, ਤੇਰੀ ਰੋਟੀ ਏਨੀ ਮਾਂ ਸਵਾਦ ਕਾਹਤੋਂ ਹੁੰਦੀ ਏ ” ਨੂੰ ਕਰਮਜੀਤ ਨੇ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤਾ ਹੈ । ਰੋਟੀ ਦੀ ਗੱਲ਼ ਵਿਚੋਂ ਇਸ ਗੀਤ ਰਾਹੀਂ ਮਾਂ ਦੇ ਬੱਚਿਆਂ ਲਈ ਪੂਰੀ ਜਿੰਦਗੀ ਕੀਤੇ ਅਥਾਹ ਪਿਆਰ ਅਤੇ ਕੁਰਬਾਨੀ ਦੇ ਜਜਬੇ ਨੂੰ ਪੇਸ਼ ਕੀਤਾ ਗਿਆ ਹੈ । ਮਾਂ ਵਰਗੀ ਜਿੰਨੀ ਮਿੱਠੀ ਆਵਾਜ ਵਿੱਚ ਕਰਮਜੀਤ ਨੇ ਗੀਤ ਨੂੰ ਗਾਇਆ ਹੈ,  ਉਸੇ ਤਰਜ ਤੇ  ਮਾਂ ਦੇ ਜਜਬੇ ਨੂੰ  ਫਿਲਮਾਂਕਣ ਜਰੀਏ ਬਾਖੂਬੀ ਦਰਸਾਇਆ ਗਿਆ ਹੈ । ਕਰਮਜੀਤ ਨੂੰ ਇਸ ਤਰਾਂ ਦੇ ਜਮੀਨੀ ਸਮਾਜਿਕ ਵਿਸ਼ਿਆਂ ਦੀਆਂ ਬਾਕਮਾਲ ਪੇਸ਼ਕਾਰੀਆਂ ਲਈ ਦਾਦ ਦੇਣੀ ਬਣਦੀ ਹੈ ਕਿਉਂਕਿ ਕਰਮਜੀਤ ਵਰਗਾ ਸਥਾਪਿਤ ਗਾਇਕ ਅਤੇ ਅਦਾਕਾਰ ਕਦੇ ਵੀ ਆਪਣੀ ਜਮੀਨੀ ਹਕੀਕਤ ਤੋਂ ਵੱਖ ਹੋਇਆ ਨਹੀਂ ਜਾਪਦਾ । ਪਹਿਲੇ ਦਿਨ ਤਿੰਨ ਲੱਖ ਲੋਕਾਂ ਦੁਆਰਾ ਇਸ ਗੀਤ ਨੂੰ ਸੁਨਣ ਦਾ ਰਿਕਾਰਡ ਇਹ ਦੱਸਣ ਲਈ ਕਾਫੀ ਹੈ ਕਿ ਅਨਮੋਲ ਦੇ ਸਮਾਜਿਕ ਅਤੇ ਸੱਭਿਆਚਾਰਕ ਗੀਤਾਂ ਦੀ ਦਰਸ਼ਕ ਬਾਹਾਂ ਫੈਲਾ ਕੇ ਉਡੀਕ ਕਰਦੇ ਹਨ ।

    *98884-88060

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!