ਅਸ਼ੋਕ ਵਰਮਾ
ਬਠਿੰਡਾ,7ਜੁਲਾਈ । ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਨਵਜੀਵਨ ਸਿੰਘ, ਜਗਜੀਤ ਜੱਗੀ, ਅਮਨਦੀਪ ਬਾਵਾ, ਨਿਰਮਲ ਸਿੰਘ ਮੋਗਾ, ਲਵਦੀਪ ਸਿੰਘ ਜੰਗੀਆਣਾ ਵਫ਼ਦ ਦੇ ਰੂਪ ’’ਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲੇ ਅਤੇ ਆਪਣੀਆਂ ਮੰਗਾਂ ਤੇ ਮਸਲੇ ਰੱਖੇ। ਨੌਕਰੀ ਉਡੀਕਦਿਆਂ ਭਰਤੀ ਲਈ ਨਿਰਧਾਰਤ ਉਮਰ-ਹੱਦ ਲੰਘਾ ਚੁੱਕੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਉਂਦਿਆਂ ਆਗੂਆਂ ਨੇ ਕਿਹਾ ਉਮਰ-ਹੱਦ 37 ਤੋਂ 42 ਸਾਲ ਕਰਵਾਉਣ ਲਈ ਉਹ ਆਪਣੇ ਵੱਲੋਂ ਮੁੱਖ ਮੰਤਰੀ ਤੱਕ ਆਵਾਜ਼ ਪਹੁੰਚਾਉਣ। ਆਗੂਆਂ ਨੇ ਕਿਹਾ ਕਿ 17 ਜੁਲਾਈ ਨੂੰ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨਗੇ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵਧਾਈ ਦਾ ਪਾਤਰ ਹੈ ਕਿ ਸਰਕਾਰੀ ਸਕੂਲਾਂ ’ਚ ਕਰੀਬ 2.5 ਲੱਖ ਨਵੇਂ ਦਾਖਲੇ ਵਧੇ ਹਨ ਅਤੇ ਇਹ ਅੰਕੜਾ ਨਿੱਜੀ ਸਕੂਲਾਂ ਦੀਆਂ ਫੀਸਾਂ ਦੇ ਮਾਮਲੇ ਕਰਕੇ ਘੱਟੋ-ਘੱਟ 5 ਲੱਖ ਤੱਕ ਵਧਣ ਦੀ ਉਮੀਦ ਹੈ ।
ਉਨਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਬਾਰਡਰ-ਕੇਡਰ ਅਧੀਨ ਕੱਢੀਆਂ ਅਸਾਮੀਆਂ ’ਚ ਵਾਧਾ ਕਰਦਿਆਂ ਮਾਸਟਰ-ਕਾਡਰ ਦੀਆਂ 15,000 ਅਸਾਮੀਆਂ ’ਤੇ ਭਰਤੀ ਪੂਰੇ ਪੰਜਾਬ ਲਈ ਕੀਤੀ ਜਾਏ। ਸਮਾਜਿਕ ਸਿੱਖਿਆ ਦੀਆਂ ਘੱਟੋਂ-ਘੱਟ 3000, ਪੰਜਾਬੀ ਦੀਆਂ 2500, ਹਿੰਦੀ ਦੀਆਂ 2000, ਸੰਸਕਿ੍ਰਤ ਦੀਆਂ 1000, ਡਰਾਇੰਗ ਦੀਆਂ 1000 ਦੀਆਂ ਅਸਾਮੀਆਂ ਹਰ ਹਾਲਤ ’ਚ ਵਧਾਈਆਂ ਜਾਣ । ਭਰਤੀ ਲਈ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕੀਤੀ ਜਾਵੇ ਤਾਂ ਕਿ ਓਵਰਏਜ ਹੋ ਰਹੇ ਉਮੀਦਵਾਰਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ ਵਿੱਚ ਪੂਰਾ ਕੀਤਾ ਜਾਵੇ । ਉਨਾਂ ਦੱਸਿਆ ਕਿ ਬਾਰਡਰ ਏਰੀਆ ਤੇ ਜ਼ਿਲਾ ਕਾਡਰ ਬਣਾਉਣ ਦਾ ਤਜਰਬਾ ਪਹਿਲਾਂ ਪ੍ਰਾਇਮਰੀ ਅਸਾਮੀਆਂ ਲਈ ਕੀਤਾ ਗਿਆ ਸੀ ਪਰ ਇਸ ਦੇ ਸਾਰਥਕ ਸਿੱਟੇ ਨਹੀਂ ਨਿਕਲੇ ਇਸ ਲਈ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਉਨਾਂ ਆਖਿਆ ਕਿ ਇਹ ਫੈਸਲਾ ਤਿੰਨ ਸਾਲ ਦੇ ਪਰਖ ਕਾਲ ਦੌਰਾਨ ਨਵ ਨਿਯੁਕਤ ਅਧਿਆਪਕਾਂ ਦੇ ਆਰਥਿਕ ਅਤੇ ਮਾਨਸਿਕ ਸ਼ੋਸਣ ਹੋਵੇਗਾ । ਆਗੂਆਂ ਨੇ ਵਾਅਦੇ ਮੁਤਾਬਕ 2500/- ਰੁਪਏ ਬੇਰੁਜ਼ਗਾਰੀ ਭੱਤਾ ਦੇਣ ਅਤੇ ਨਿੱਜੀ ਸਕੂਲਾਂ ਨੂੰ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ।