16.9 C
United Kingdom
Sunday, June 7, 2026

More

    ਬੇਅਦਬੀ ਮਾਮਲੇ ‘ਚ ਡੇਰਾ ਸਿਰਸਾ ਮੁਖੀ ਦੀਆਂ ਮੁਸ਼ਕਿਲਾਂ ਵਧੀਆਂ

    ਫਰੀਦਕੋਟ (ਪੰਜ ਦਰਿਆ ਬਿਊਰੋ)

    ਪਿਛਲੀ ਅਕਾਲੀ ਸਰਕਾਰ ਵੇਲੇ ਵਾਪਰਿਆ ਬੇਅਦਬੀ ਮਾਮਲਾ ਸਾਲਾਂ ਬੱਧੀ ਲਟਕਦਾ ਆ ਰਿਹਾ ਹੋਣ ਤੋਂ ਬਾਅਦ ਮੁੜ ਗਰਮੀ ਫੜ੍ਹਦਾ ਨਜ਼ਰ ਆ ਰਿਹਾ ਹੈ। ਬੇਅਦਬੀ ਮਾਮਲੇ ਵਿਚ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਵਲੋਂ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਚਲਾਨ ਪੇਸ਼ ਕਰ ਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਡੇਰਾ ਨੈਸ਼ਨਲ ਕਮੇਟੀ ਦੇ 3 ਹੋਰ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਇਨ੍ਹਾਂ ਸਾਰਿਆਂ ਦਾ ਸਬੰਧ ਡੇਰਾ ਸਿਰਸਾ ਨਾਲ ਹੈ ਅਤੇ ਇਨ੍ਹਾਂ ਨੂੰ ਵੀ ਐੱਫ. ਆਈ. ਆਰ . 63 ਵਿਚ ਨਾਮਜ਼ਦ ਕੀਤਾ ਗਿਆ ਹੈ।

    ‘ਸਿਟ’ ਮੁਖੀ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਸਪੱਸ਼ਟ ਕੀਤਾ ਹੈ ਕਿ 3 ਦੇ ਵਾਰੰਟ ਹਾਸਲ ਕਰ ਲਏ ਗਏ ਹਨ, ਜਦਕਿ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ ਵਿਚੋਂ ਕਾਨੂੰਨ ਅਨੁਸਾਰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਗ੍ਰਿਫਤਾਰ ਕੀਤੇ ਗਏ 5 ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਨ ਸਬੰਧੀ ਉਨ੍ਹਾਂ ਨੂੰ ਡੇਰੇ ਦੇ ਉੱਚ ਆਗੂਆਂ ਦੇ ਫੋਨ ਆਉਂਦੇ ਰਹਿੰਦੇ ਸਨ।

    ਪਹਿਲਾਂ ਗ੍ਰਿਫਤਾਰ ਕੀਤੇ ਗਏ 5 ਡੇਰਾ ਪ੍ਰੇਮੀਆਂ ਨੂੰ ਅੱਜ 2 ਦਿਨ ਦਾ ਪੁਲਸ ਰਿਮਾਂਡ ਖਤਮ ਹੋ ਜਾਣ ਦੀ ਸੂਰਤ ਵਿਚ ਸਥਾਨਕ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਇਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਜੇਲ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਿਟ ਵਲੋਂ ਕੀਤੀ ਗਈ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਨ੍ਹਾਂ 5 ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਚੋਰੀ ਕਰ ਕੇ ਪਹਿਲਾਂ ਕੋਟਕਪੂਰਾ ਬਲਾਕ ਨਾਮ ਚਰਚਾ ਘਰ ਵਿਖੇ ਲਿਆਂਦਾ ਅਤੇ ਇਸ ਤੋਂ ਬਾਅਦ ਇਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪਿੰਡ ਸਿੱਖਾਂਵਾਲਾ ਨਿਵਾਸੀ ਇਕ ਵਿਅਕਤੀ ਦੇ ਘਰ ਵਿਚ ਲੁਕੋ ਕੇ ਰੱਖਿਆ। ਪੜਤਾਲ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਇਨ੍ਹਾਂ ਨੇ ਹੀ ਗੁਰੂਦੁਆਰਾ ਸਾਹਿਬ ਵਿਖੇ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲਾਏ ਅਤੇ ਫਿਰ ਬਰਗਾੜੀ ਦੀਆਂ ਗਲੀਆਂ ਵਿਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!