ਗੀਤ ਦੀ ਗੱਲ ਕਰਦਿਆਂ
ਡਾ. ਸੁਰਜੀਤ ਸਿੰਘ ਭਦੌੜ
ਕਰਮਜੀਤ ਅਨਮੋਲ ਪੰਜਾਬੀ ਗਾਇਕੀ ਅਤੇ ਪੰਜਾਬੀ ਫਿਲਮ ਇੰਡਸਟਰੀ ਦਾ ਸਥਾਪਿਤ ਨਾਮ ਹੈ । ਪੰਜਾਬੀ ਫਿਲਮਾਂ ਵਿੱਚ ਉਹਦੀ ਸਧਾਰਨ ਕਿਰਦਾਰਾਂ ਵਿੱਚ ਹਾਜਰੀ ਦਾ ਦਰਸ਼ਕਾਂ ਨੂੰ ਹਮੇਸ਼ਾਂ ਇੰਤਜਾਰ ਰਹਿੰਦਾ ਹੈ । ਪੰਜਾਬੀ ਫਿਲਮਾਂ ਵਿੱਚ ਕਰਮਜੀਤ ਆਪਣੇ ਕਿਰਦਾਰਾਂ ਵਾਂਗ ਖੁਦ ਇੱਕ ਸਧਾਰਨ ਅਤੇ ਜਮੀਨ ਨਾਲ ਜੁੜੀ ਵਿਅਕਤੀਤਵ ਦਾ ਮਾਲਿਕ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਣ ਦੇ ਕਾਰਨ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਕਬੂਲਦਿਆਂ ਅਕਸਰ ਉਹ ਸਮਾਜ ਦੇ ਮਸਲਿਆਂ ਤੇ ਕੇਂਦਰਤ ਗੀਤਾਂ ਦੀ ਪੇਸ਼ਕਾਰੀ ਨਾਲ ਸਮੇਂ ਸਮੇਂ ਤੇ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੁੰਦਾ ਰਹਿੰਦਾ ਹੈ । “ਹਾਲ ਰੋਟੀਏ ਨੀ ਦੁਹਾਈ ਰੋਟੀਏ” , “ ਵਾਸਤਾ ਏ ਤੈਨੂੰ ਰੱਬਾ ਤੇਰੇ ਸਾਰੇ ਨਾਵਾਂ ਦਾ ਨਾਲ ” ਅਰਦਾਸ, “ ਕੋਈ ਲੈ ਸਕਦਾ ਤਾਂ ਲੈ ਲੋ ਜੀ ਸਾਡਾ ਸਾਰਾ ਪਿੰਡ ਵਿਕਾਊ ਐ ” ਆਦਿ ਸਮਾਜਿਕ ਮਸਲਿਆਂ ਨੂੰ ਕਰਮਜੀਤ ਨੇ ਬੜੇ ਪ੍ਰਭਾਵਸ਼ਾਲੀ ਤਰੀਕੇ ਵਿੱਚ ਪੇਸ਼ ਕੀਤਾ ਹੈ । ਕਰਮਜੀਤ ਸ਼ਹੀਦਾਂ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ ਹੁਣ ਫੇਰ ਨਵੇਂ ਸਿੰਗਲ ਟਰੈਕ “ ਬੇਬੇ ਤੇਰਾ ਪੁੱਤ ” ਨਾਲ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਪੇਸ਼ ਹੈ । ਕਰਮਜੀਤ ਦਾ ਇਹ ਗੀਤ ਦੇਸ਼ ਲਈ ਸ਼ਹੀਦ ਹੋ ਰਹੇ ਸਮੂਹ ਸ਼ਹੀਦਾਂ ਨੂੰ ਸ਼ਰਧਾਜਲੀ ਹੈ । “ ਨਸ਼ੇ ਪੱਤੇ ਨਾਲ ਤਾਂ ਨੀਂ ਮਰਿਆ ਪੁੱਤ ਤੇਰਾ ਦੇਸ਼ ਲਈ ਸਹੀਦ ਹੋਇਆ ਏ ” ਵਰਗੇ ਵਧੀਆ ਸ਼ਬਦਾਂ ਨਾਲ ਪਰੋਇਆ ਇਹ ਗੀਤ ਕਰਮਜੀਤ ਨੇ ਬਹੁਤ ਹੀ ਸੰਜੀਦਗੀ ਨਾਲ ਗਾਇਆ ਹੈ । ਬਾਠ ਰਿਕਾਰਡਜ ਵੱਲੋਂ ਰਿਲੀਜ ਇਹ ਗੀਤ ਲਵਲੀ ਪਟਿਆਲਾ ਦੁਆਰਾ ਕਲਮਬੱਧ ਕੀਤਾ ਗਿਆ ਹੈ ਅਤੇ ਗੀਤ ਲਈ ਸੰਗੀਤ ਕਿਲ ਬੰਦਾ ਦੁਆਰਾ ਦਿੱਤਾ ਗਿਆ ਹੈ । ਗੀਤ ਇਸ ਕਰਕੇ ਵੀ ਪ੍ਰਭਾਵਸ਼ਾਲੀ ਲੱਗਦਾ ਹੈ ਕਿਉਂਕਿ ਗੀਤ ਦੇ ਫਿਲਮਾਂਕਣ ਵਿੱਚ ਬਹੁਤ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਅਤੇ ਸ਼ਹੀਦਾਂ ਨਾਲ ਸੰਬੰਧਤ ਵੀਡੀਓਗ੍ਰਾਫੀ ਨੂੰ ਤਰਤੀਬ ਨਾਲ ਸ਼ਾਮਲ ਕੀਤਾ ਗਿਆ ਹੈ । ਸੁਚੱਜੇ ਗੀਤਾਂ ਦੇ ਬਦਲੇ ਗੈਰ ਸਮਾਜਿਕ ਗੀਤਾਂ ਦੇ ਵਧੇਰੇ ਸਰੋਤੇ ਹੋਣ ਦੀ ਉਦਾਹਰਨ ਦੇਣ ਵਾਲੇ ਲੋਕਾਂ ਲਈ ਇਸ ਗੀਤ ਦਾ ਇਹ ਵੀ ਸਬਕ ਹੈ ਕਿ ਮਾਤਰ ਤਿੰਨ ਦਿਨ ਵਿੱਚ ਤਿੰਨ ਮਿਲੀਅਨ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਅਤੇ ਪਸੰਦ ਕੀਤਾ ਹੈ । ਇਸ ਤਰਾਂ ਦੇ ਗੀਤ ਇਹ ਸਪੱਸ਼ਟ ਕਰਦੇ ਹਨ ਕਿ ਉਸਾਰੂ ਗੀਤਾਂ ਦੇ ਸ਼ੌਕੀਨ ਸੱਭਿਅਕ ਅਤੇ ਮਿਆਰੀ ਗੀਤਾਂ ਨੂੰ ਜੀ ਆਇਆਂ ਕਹਿਣ ਨੂੰ ਤਿਆਰ ਨੇ । ਇਸ ਗੀਤ ਨਾਲ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਦਿਆਂ ਕਰਮਜੀਤ ਅਨਮੋਲ ਦੇ ਉਪਰਾਲੇ ਲਈ ਦਾਦ ਦੇਣੀ ਬਣਦੀ ਹੈ ।
*+91-98884-88060