ਕਿੰਨੇ ਚੰਗੇ ਸਨ ਉਹ ਬਚਪਨ ਦੇ ਦਿਨ
ਲੁੱਕਣ ਮਿੱਚੀ ਖੇਡਣਾ ਯਾਰਾਂ ਦੇ ਨਾਲ
ਮੇਰੀ ਲੱਭਣ ਦੀ ਵਾਰੀ ਹੋਣੀ
ਸਭ ਨੇ ਲੁੱਕ ਜਾਣਾ
ਕਿਸੇ ਨੇ ਕੰਧੋਲੀ ਓਹਲੇ
ਕਿਸੇ ਨੇ ਛੱਤ ਤੇ
ਕਿਸੇ ਨੇ ਰਸੋਈ ਵਿੱਚ ਵੜ ਜਾਣਾ
ਤੇ ਕਿਸੇ ਨੇ ਆਪਣੀ ਮਾਂ ਦੀ ਚੁੰਨੀ ਵਿੱਚ
ਤੇ ਕਈ ਜਾ ਕੇ ਲੁੱਕ ਜਾਂਦੇ
ਛੋਟੇ ਘਰਾਂ ਵਿੱਚ ਰਹਿੰਦੇ
ਵੱਡੇ ਦਿਲ ਵਾਲੇ ਗੁਆਂਢੀਆਂ ਦੇ ਘਰ
ਮੈਂ ਲੱਭ ਲੱਭ ਥੱਕ ਜਾਣਾ
ਤੇ ਬੈਠ ਜਾਣਾ
ਮਸੋਸਿਆ ਜਿਹਾ ਮੂੰਹ ਲੈ ਕੇ
ਸਭ ਨੇ ਬਾਹਰ ਨਿਕਲਣਾ ਤੇ “ਥੱਪਾ”
ਕਰ ਦੇਣਾ
ਤੇ ਮੈਂ ਫਿਰ ਵਾਰੀ ਦੇਣ ਚਲੇ ਜਾਣਾ
ਅੱਜ ਵੀ ਮੇਰੇ ਯਾਰ ਲੁੱਕੇ ਬੈਠੇ ਨੇ
ਕੋਈ ਫਾਇਲਾਂ ਦੇ ਢੇਰ ਵਿੱਚ
ਕੋਈ ਜਾ ਕੇ ਲੁੱਕ ਗਿਆ ਹੈ ਵਿਦੇਸ਼ੀ ਜ਼ਮੀਨ ਤੇ
ਜੇ ਕੋਈ ਛੁੱਪ ਗਿਆ ਹੈ ਗਰੂਰ ਦੀ ਚਾਦਰ ਉਹਲੇ
ਤੇ ਕੋਈ ਯਾਰ ਫੱਸ ਗਿਆ ਨੇ
ਕੰਮਕਾਰ ਦੇ ਚੱਕਰਵਿਊ ਵਿੱਚ
ਤੇ ਅੱਜ ਫਿਰ ਮੈਂ ਤੁਹਾਨੂੰ ਲੱਭ ਕੇ ਥੱਕ ਚੁੱਕਾ ਹਾਂ
ਅੱਜ ਮੈਨੂੰ ਫਿਰ ਉਡੀਕ ਹੈ
ਤੁਹਾਡੇ “ਥੱਪੇ” ਦੀ
ਤੇ ਉਸ ਹਾਸੇ ਦੀ
ਜੋ ਗੁਆਚ ਗਿਆ ਹੈ
ਸਾਡੇ ਕੋਲੋਂ
ਮੈਨੂੰ ਫਿਰ ਉਡੀਕ ਹੈ।
ਸੁਰਿੰਦਰ ਸੱਚਦੇਵਾ
9501523300