
ਅਸ਼ੋਕ ਵਰਮਾ
ਬਠਿੰਡਾ,2 ਜੁਲਾਈ । ਪਿੰਡ ਕਾਲੵਝਰਾਣੀ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਸੱਦੇ ਤੇ ਇਕੱਠੇ ਹੋਏ ਭਾਰੀ ਗਿਣਤੀ ਪਿੰਡ ਵਾਸੀਆਂ ਨੇ ਜਿਲਾ ਪ੍ਧਾਨ ਮਿੱਠੂ ਸਿੰਘ ਘੁੱਦਾ ਅਤੇ ਜਿਲਾ ਕਮੇਟੀ ਮੈਂਬਰ ਭੋਲਾ ਸਿੰਘ ਕਾਲੵਝਰਾਣੀ ਦੀ ਅਗਵਾਈ ਹੇਠ ਡੀਜਲ ਪੈਟਰੋਲ ਦੀਆਂ ਨਿੱਤ ਵਧਦੀਆਂ ਕੀਮਤਾਂ ਖਿਲਾਫ਼ ਕੇਂਦਰੀ ਅਤੇ ਸੂਬਾਈ ਸਰਕਾਰਾਂ ਦਾ ਪੁਤਲਾ ਫੂਕਿਆ ਅਤੇ ਰੋਸ ਪ੍ਰਦਰਸ਼ਨ ਕੀਤਾ । ਮਜਦੂਰ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰੀ ਦੀ ਮੋਦੀ ਸਰਕਾਰ ਕੌਮਾਂਤਰੀ ਮੰਡੀ ਵਿੱਚੋਂ ਕੱਚਾ ਤੇਲ, 2014 ਦੇ ਮੁਕਾਬਲੇ ਅੱਜ 160 ਡਾਲਰ ਪ੍ਰਤੀ ਬੈਰਲ ਸਸਤਾ ਖ੍ਰੀਦ ਕੇ ਖਪਤਕਾਰਾਂ ਨੂੰ ਲੁੱਟਣ ਲਈ ਤਰਾਂ ਤਰਾਂ ਦੇ ਸੈੱਸ/ਟੈਕਸ ਅਤੇ ਐਕਸਾਈਜ਼ ਡਿਊਟੀ ਆਦਿ ਲਾਕੇ ਡੀਜਲ ਪੈਟਰੋਲ ਅਤਿ ਮਹਿੰਗੇ ਭਾਅ ਵੇਚ ਰਹੀ ਹੈ। ਉਨਾਂ ਕਿਹਾ ਕਿ ਮੌਜੂਦਾ ਕੌਮਾਂਤਰੀ ਭਾਅ ਮੁਤਾਬਕ ਪੈਟਰੋਲ ਦਾ ਰੇਟ 35 ਰੁਪਏ ਪ੍ਰਤੀ ਲੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਪਰ ਮੋਦੀ ਸਰਕਾਰ ਹਰ ਰੋਜ ਇਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੰਦੀ ਹੈ।
ਉਨਾਂ ਕਿਹਾ ਕਿ ਮੋਦੀ ਸਰਕਾਰ ਦੀ ਅੰਨੀ ਲੁੱਟ ਸਦਕਾ ਇਤਿਹਾਸ ਵਿੱਚ ਪਹਿਲੀ ਵਾਰ ਡੀਜਲ, ਪੈਟਰੋਲ ਨਾਲੋਂ ਮਹਿੰਗਾ ਖ੍ਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਸੱਦਾ ਦਿੱਤਾ ਕਿ ਉਹ ਉਕਤ ਨੀਤੀਆਂ ਖਿਲਾਫ਼ 8ਜੁਲਾਈ ਨੂੰ ਬਠਿੰਡਾ ਵਿਖੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਿੱਚ ਸ਼ਾਮਲ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਰੈਲੀ ਵਿੱਚ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ। ਇਸ ਮੌਕੇ ਸਥਾਨਕ ਆਗੂ ਕੁਲਦੀਪ ਕੌਰ, ਬਲਜੀਤ ਕੌਰ, ਛਿੰਦਰਪਾਲ ਕੌਰ, ਰਾਣੀ ਕੌਰ, ਇੰਦਰਜੀਤ ਕੌਰ, ਗਿਆਨ ਸਿੰਘ, ਭਗਵਾਨ ਸਿੰਘ, ਸਵਰਣ ਸਿੰਘ, ਛੋਟਾ ਸਿੰਘ ਵੀ ਮੌਜੂਦ ਸਨ। ਦਿਹਾਤੀ ਮਜ਼ਦੂਰ ਸਭਾ ਦੇ ਸੱਦੇ ਤੇ ਅਜਿਹੀਆਂ ਹੀ ਰੋਸ ਰੈਲੀਆਂ ਪਿੰਡ ਗਹਿਰੀ ਬੁੱਟਰ ਅਤੇ ਰੁਲਦੂ ਸਿੰਘ ਵਾਲਾ ਵਿਖੇ ਵੀ ਕੀਤੀਆਂ ਗਈਆਂ। ਮਜਦੂਰ ਆਗੂ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਪ੍ਕਾਸ਼ ਸਿੰਘ ਨੰਦਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਸੰਕਟ ’ਚ ਆਮ ਆਦਮੀ ਨੂੰ ਕੋਈ ਰਾਹਤ ਦੇਣ ਦੀ ਥਾਂ ਸਰਕਾਰਾਂ ਲੁੱਟਣ ਦੇ ਰਾਹ ਪੈ ਗਈਆਂ ਹਨ।