
ਅਸ਼ੋਕ ਵਰਮਾ
ਬਠਿੰਡਾ, 1 ਜੁਲਾਈ ਬਠਿੰਡਾ ਥਰਮਲ ਵੇਚਣ ਦੇ ਮਾਮਲੇ ਸਬੰਧੀ ਉੱਠੀ ਵਿਰੋਧ ਦੀ ਚੰਗਿਆੜੀ ਅੱਜ ਇੱਕ ਕਿਸਾਨ ਦੀ ਮੌਤ ਮਗਰੋਂ ਭਾਂਬੜ ਬਣ ਗਈ।ਇਹ ਕਿਸਾਨ ਥਰਮਲ ਬਚਾਉਣ ਲਈ ਮਰਨ ਵਰਤ ਤੇ ਬੈਠਣ ਲਈ ਆਇਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਕੋਲੋਂ ਕਿਸਾਨ ਯੂਨੀਅਨ ਦਾ ਇੱਕ ਝੰਡਾ ਵੀ ਮਿਲਿਆ ਹੈ ਉਸ ਕੋਲ ਇੱਕ ਗੱਤੇ ਦਾ ਬੈਨਰ ਵੀ ਸੀ ਜਿਸ ਉੱਪਰ ਥਰਮਲ ਨੂੰ ਵੇਚਣ ਤੋਂ ਰੋਕਣ ਲਈ ਆਪਣੀ ਜਾਨ ਕੁਰਬਾਨ ਕਰਨ ਬਾਰੇ ਲਿਖਿਆ ਹੋਇਆ ਸੀ

ਵੇਰਵਿਆਂ ਮੁਤਾਬਿਕ ਜ਼ਿਲ•ਾ ਸੰਗਰੂਰ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਕਿਸਾਨ ਜੋਗਿੰਦਰ ਸਿੰਘ ਮੋਟਰਸਾਈਕਲ ‘ਤੇ ਆ ਕੇ ਥਰਮਲ ਗੇਟ ਦੇ ਬਾਹਰ ਆ ਕੇ ਬੈਠ ਗਿਆ ਜਿਸਦੀ ਕੁੱਝ ਸਮੇਂ ਮਗਰੋਂ ਹੀ ਮੌਤ ਹੋ ਗਈ। ਥਾਣਾ ਥਰਮਲ ਦੀ ਪੁਲਿਸ ਨੇ ਸਮਾਜ ਸੇਵੀ ਸੰਸਥਾ ਸਹਾਰਾ ਦੇ ਸਹਿਯੋਗ ਨਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪਿੰਡ ਚੀਮਾ ਤੋਂ ਹਸਪਤਾਲ ਪੁੱਜੇ ਮ੍ਰਿਤਕ ਦੇ ਨੇੜਲਿਆਂ ਨੇ ਦੱਸਿਆ ਕਿ ਉਹ ਕਹਿੰਦਾ ਰਹਿੰਦਾ ਸੀ ਕਿ ਜੇ ਕੋਈ ਵਿਅਕਤੀ ਮਰ ਜਾਵੇ ਤਾਂ ਥਰਮਲ ਪਲਾਂਟ ਬਚ ਜਾਊਗਾ ਤੇ ਥਰਮਲ ਬਚਾਉਣ ਦਾ ਹੀ ਜ਼ਿਕਰ ਕਰਦਾ ਰਹਿੰਦਾ ਸੀ। ਤੇਲ ਕੀਮਤਾਂ ‘ਚ ਵਾਧੇ ਖਿਲਾਫ਼ ਕੱਲ• ਪੰਜਾਬ ਭਰ ‘ਚ ਕਿਸਾਨਾਂ ਵੱਲੋਂ ਲਗਾਏ ਧਰਨੇ ‘ਚ ਵੀ ਜੋਗਿੰਦਰ ਸਿੰਘ ਸ਼ਾਮਿਲ ਹੋਇਆ ਸੀ । ਧਰਨੇ ਮਗਰੋਂ ਉਹ ਇੱਕ ਵਾਰ ਘਰ ਵੀ ਗਿਆ ਸੀ ।

ਮਿਰਤਕ ਦੀ ਉਮਰ ਕਰੀਬ 55 ਕੁ ਸਾਲ ਸੀ ਮ੍ਰਿਤਕ ਦੇ ਛੋਟੇ ਭਰਾ ਨੇ ਦੱਸਿਆ ਕਿ ਜੋਗਿੰਦਰ ਸਿੰਘ ਉਸ ਤੋਂ ਵੱਡਾ ਸੀ ਤੇ ਉਨ•ਾਂ ਕੋਲ ਚਾਰ-ਚਾਰ ਏਕੜ ਜ਼ਮੀਨ ਸੀ । ਮ੍ਰਿਤਕ ਦੇ ਇਕਲੌਤਾ ਪੁੱਤਰ ਹੈ ਜੋ ਸ਼ਾਦੀਸ਼ੁਦਾ ਹੈ । ਕਿਸਾਨ ਦੀ ਮੌਤ ਦੀ ਖਬਰ ਸੁਣਦਿਆ ਕਿਸਾਨ ਜੱਥੇਬੰਦੀਆ ਵੀ ਸਿਵਲ ਹਸਪਤਾਲ ਬਠਿੰਡਾ ਪੁੱਜੀਆ। ਹਸਪਤਾਲ ਪੁੱਜੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਿੰਕਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਦਰਸ਼ਨ ਸਿੰਘ ਕੋਟਫੱਤਾ ਆਦਿ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੇ ਨਿੱਜੀ ਹਿੱਤਾ ਲਈ ਲੋਕਾਂ ਦੀਆ ਭਾਵਨਾਵਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਕਿਉਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਅਤੇ ਨਾਲ ਲੱਗਦੇ ਇਲਾਕਾ ਵਾਸੀਆਂ ਦੀਆ ਭਾਵਨਾਵਾ ਨਾਲ ਜੁੜਿਆ ਹੈ। ਥਰਮਲ ਪਲਾਂਟ ਦੇ ਬਣਨ ਨਾਲ ਹੀ ਟਿੱਬਿਆ ਦੇ ਸ਼ਹਿਰ ਵਜੋ ਜਾਣਿਆ ਜਾਂਦਾ ਬਠਿੰਡਾ ਸ਼ਹਿਰ ਨਾ ਸਿਰਫ ਪੰਜਾਬ ਬਲਕਿ ਦੇਸ਼ ਦੇ ਮੋਹਰੀ ਸ਼ਹਿਰਾ ਵਿੱਚ ਸ਼ੁਮਾਰ ਹੋ ਗਿਆ ਸੀ।

ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜੋਗਿੰਦਰ ਸਿੰਘ ਦੀ ਕੁਰਬਾਨੀ ਅਜਾਂਈ ਨਹੀ ਜਾਣ ਦਿੱਤੀ ਜਾਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਥਰਮਲ ਪਲਾਂਟ ਨੂੰ ਬਚਾਉਣ ਲਈ ਵੱਡੇ ਤੋਂ ਵੱਡਾ ਸੰਘਰਸ਼ ਕਰੇਗਾ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਜੋਗਿੰਦਰ ਸਿੰਘ ਦੀ ਕੁਰਬਾਨੀ ਤੇ ਲੋਕਾਂ ਦੀਆ ਭਾਵਨਾਵਾ ਦੀ ਕਦਰ ਕਰਦਿਆ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ ਤੇ ਤੁਰੰਤ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਕਿਸਾਨ ਯੂਨੀਅਨ ਦੇ ਆਗੂਆਂ ਤੇ ਪਰਿਵਾਰ ਦੀ ਸਹਿਮਤੀ ਨਾਲ ਜਸਵਿੰਦਰ ਸਿੰਘ ਦੀ ਯਾਦਗਾਰ ਬਣਾਈ ਜਾਵੇਗੀ। ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਦੀ ਗੁਰਸੇਵਕ ਸਿੰਘ ਸੰਧੂ ਪ੍ਰਧਾਨ ਥਰਮਲ ਫੈਡਰੇਸ਼ਨ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਆਖਿਆ ਗਿਆ ਕਿ ਜੋਗਿੰਦਰ ਸਿੰਘ ਥਰਮਲ ਬਠਿੰਡਾ ਦੇ ਮੁੱਖ ਗੇਟ ਤੇ ਥਰਮਲ ਬਠਿੰਡਾ ਨੂੰ ਬੰਦ ਕਰਨ ਵਿਰੁੱਧ ਮਰਨ ਵਰਤ ਤੇ ਬੈਠਣ ਲਈ ਆ ਕੇ ਬੈਠਾ ਸੀ ਤੇ ਅਚਾਨਕ ਸਿਹਤ ਵਿਗੜਨ ਕਰਕੇ ਉਸਦੀ ਮੌਤ ਹੋ ਗਈ। ਉਨ•ਾਂ ਉਸਦੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਆਪਣੇ ਫੈਸਲੇ ਤੇ ਨਜਰਸ਼ਾਨੀ ਕਰਕੇ ਥਰਮਲ ਪਲਾਂਟ ਬਠਿੰਡਾ ਨੂੰ ਮੁੜ ਚਾਲੂ ਕਰਨਾ ਚਾਹੀਦਾ ਹੈ।

ਥਾਣਾ ਥਰਮਲ ਦੇ ਮੁਖੀ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮ੍ਰਿਤਕ ਜੋਗਿੰਦਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ‘ਚ ਪਹੁੰਚਾਈ ਗਈ ਹੈ । ਉਨ•ਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਤ ਲਈ ਕੈਪਟਨ ਸਰਕਾਰ ਜਿੰਮੇਵਾਰ : ਜੀਦਾ
ਆਮ ਆਦਮੀ ਪਾਰਟੀ ਜਿਲਾ ਬਠਿੰਡਾ ਦੇ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਥਰਮਲ ਬੰਦ ਕਰਨ ਦੇ ਰੋਸ ਵਜੋਂ ਧਰਨਾ ਦੇਣ ਪੁੱਜੇ ਕਿਸਾਨ ਯੂਨੀਅਨ ਦੇ ਬਜ਼ੁਰਗ ਆਗੂ ਜਗਿੰਦਰ ਸਿੰਘ ਦੀ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਕਿਸਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਆਪਣੀ ਮੰਗ ਮਨਵਾਉਣ ਲਈ ਧਰਨਾ ਲਾਇਆ ਸੀ ਜਿਸ ਦੌਰਾਨ ਉਸਦੀ ਮੌਤ ਹੋ ਗਈ । ਉਨ•ਾਂ ਕਿਹਾ ਕਿ ਇਸ ਮੌਤ ਲਈ ਕੈਪਟਨ ਸਰਕਾਰ ਜਿੰਮੇਵਾਰ ਹੈ । ਉਨ•ਾਂ ਕਿਹਾ ਕਿ ਇਹ ਥਰਮਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਦਿਹਾੜੇ ਮੌਕੇ ਨੂੰ ਸਮਰਪਿਤ ਹੋਣ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਹੈ।