ਮਨਦੀਪ ਕੌਰ ਭੰਮਰਾ
ਰੱਬਾ ਅਸਾਂ ਨੇ ਯਾਦ ਤੇਰੀ ਵਿੱਚ ਬੂਟਾ ਲਾਇਆ,
ਆਸਾਂ ਦਾ ਬੂਰ ਪਿਆ ਫੁੱਲ ਸੂਹਾ ਮੁਸਕਾਇਆ,
ਚੰਦਨ ਨਗਰੀ ਅਤੇ ਵਾਟਿਕਾ ਫਿਰ ਮਹਿਕਾਈ,
ਜੋਬਨ ਰੁੱਤ ਦਾ ਨੂਰ ਚਾਰੇ ਪਾਸੀਂ ਰੁਸ਼ਨਾਇਆ।
ਮਹਿਕਾਂ ਦੇ ਵਣਜਾਰੇ ਤੇਰੇ ਵੰਝਲੀ ਵਰਗੇ ਬੋਲ,
ਖਣਕ ਖਣਕ ਕੇ ਵੰਗਾਂ ਦਿੱਤਾ ਰਾਜ਼ ਸਾਡਾ ਖੋਲ੍ਹ,
ਰੱਬ ਦੀ ਨਗਰੀ ਰਹੇ ਵਸੇਂਦੀ ਲੋਕੀਂ ਨੇ ਅਨਮੋਲ,
ਖੁਸ਼ੀ ਦਾ ਅਸੀਂ ਵਣਜ ਕਰਾਂਗੇ ਪਰ ਸਾਵਾਂ ਤੋਲ।
ਰੱਬਾ ਰੱਬਾ ਮੀਂਹ ਵਸਾ ਦੇ ਖੁਸ਼ੀਆਂ ਵਾਲ਼ਾ ਸੁੱਚਾ,
ਤੂੰ ਹੀ ਸਾਡਾ ਮਾਲਕ ਸਭ ਤੋਂ ਵੱਡਾ ਸਭ ਤੋਂ ਉੱਚਾ,
ਸਾਡਾ ਪਾਲਕ ਅਤੇ ਖਾਲਕ ਅਸੀਂ ਤੇਰੀ ਖਲਕਤ,
ਸਾਡਾ ਰਾਖਾ ਬੇਲੀ ਖਲਕਤ ਵਿੱਚ ਤੂੰ ਹੈਂ ਪਰੁੱਚਾ।
ਰਹਿਮਤ ਤੇਰੀ ਦੇ ਸਦਕੇ ਵਿੱਚ ਰਹਿਣਾ ਚਾਹੀਏ,
ਤੈਨੂੰ ਹਰਦਮ ਢੂੰਡਦੇ ਰਹੀਏ ਤੇ ਪਾਉਣਾ ਚਾਹੀਏ,
ਪਾਕ ਮੁਕੱਦਸ ਸੋਚਾਂ ਰੱਖੀਏ ਰੂਹ ਨੂੰ ਰੱਖੀਏ ਸੋਨਾ,
ਸੱਚੇ ਰੱਬ ਨੂੰ ਯਾਦ ਕਰਦਿਆਂ ਸਦਾ ਧਿਆਈਏ।
ਖੁਸ਼ਬੂ ਵਾਲ਼ੇ ਬੋਲਾਂ ਵਾਲ਼ੀ ਐਸੀ ਘਾੜਤ ਘੜੀਏ,
ਬਾਣੀ ਪੜ੍ਹੀਏ ਅੰਮ੍ਰਿਤ ਜਿਹੀ ਜਾਂ ਕਲਮਾਂ ਪੜ੍ਹੀਏ,
ਵਸਲੋਂ ਉਰੇ ਮੁਕਾਮ ਨਾ ਕੋਈ ਜਾਣਾ ਪਾਰ ਜ਼ਰੂਰੀ,
ਕੁੱਝ ਕਹੀਏ ਕੁੱਝ ਮੰਨੀਏ ਨਾ ਜ਼ਿੱਦਾਂ ਉੱਤੇ ਅੜੀਏ।
ਅੰਤਰ ਚਾਨਣ ਡੁੱਲ਼ ਡੁੱਲ਼ ਪੈਂਦਾ ਬਲਿਹਾਰੀ ਜਾਵਾਂ,
ਡਲ੍ਹਕੇ ਮੁੱਖੜਾ ਸੂਰਜ ਵਾਗੂੰ ਸੂਰਜ ਦਾ ਸਿਰਨਾਵਾਂ,
ਚਾਨਣ ਵੰਡਣ ਤੁਰੀਆਂ ਰਿਸ਼ਮਾਂ ਘਰਘਰ ਜਾਵਣ,
ਨੂਰੀ ਰਿਸ਼ਮਾਂ ਸੋਨ ਰੰਗੀਆਂ ਮੈਂ ਮੱਥੇ ਲਿਸ਼ਕਾਵਾਂ।
ਪਿਰਮ ਪਯਾਲਾ ਭਰਿਆ ਸੀ ਹੋਠਾਂ ਸੰਗ ਛੁਹਾ ਕੇ,
ਚਿੜੀਆਂ ਚਾਨਣ ਨਾਵ੍ਹਣ ਆਈਆਂ ਰੂਪ ਛੁਪਾ ਕੇ,
ਸੁਪਨਿਆਂ ਡੇਰਾ ਲਾਇਆ ਨੈਣਾਂ ਦੇ ਵਿੱਚ ਧਾਹ ਕੇ,
ਹੰਸਾਂ ਮੋਤੀ ਚੁਗਣਾ ਸਭ ਨੀਲ ਸਮੁੰਦਰ ਗਾਹ ਕੇ।
-ਮਨਦੀਪ ਕੌਰ ਭੰਮਰਾ