ਨਸ਼ੇ ਦੀ ਉਵਰਡੋਜ ਨਾਲ ਕਸਬਾ ਮਹਿਲ ਕਲਾਂ ਦੇ ਨੋਜਵਾਨ ਦੀ ਮੌਤ
ਮਹਿਲਕਲਾਂ 29ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਚਿੱਟੇ ਦਾ ਨਸ਼ਾ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ ।ਆਏ ਦਿਨ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਣ ਦੇ ਸਮਾਚਾਰ ਮਿਲਦੇ ਰਹਿੰਦੇ ਹਨ । ਕਸਬਾ ਮਹਿਲਕਲਾਂ ਦੇ ਨੌਜਵਾਨ ਗਗਨਦੀਪ ਸਿੰਘ(26) ਪੁੱਤਰ ਸੁਖਦੇਵ ਸਿੰਘ ਬੀਤੀ ਸ਼ਾਮ ਜਦੋਂ ਆਪਣੇ ਘਰ ਆਇਆ ਤਾਂ ਕੁਝ ਸਮੇਂ ਬਾਅਦ ਬੇਹੋਸ਼ ਹੋ ਕੇ ਡਿੱਗ ਪਿਆ, 6 ਵਜੇ ਦੇ ਕਰੀਬ ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ,ਪਰਿਵਾਰਕ ਮੈਂਬਰਾਂ ਵਲੋਂ ਨੌਜਵਾਨ ਦੀ ਬਾਂਹ ਲੱਗੀ ਸਰਿੰਜ ਵੀ ਖੁਦ ਕੱਢੀ ਗਈ। ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ 2 6 ਸਾਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਛੋਟੀ ਭੈਣ ਅਮਰੀਕਾ ਵਿੱਚ ਸੈਟਲ ਹੈ। ਮ੍ਰਿਤਕ ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ, ਉਸ ਵਲੋਂ ਪਿਛਲੇ ਸਮੇਂ ਦੌਰਾਨ ਨਾਮਵਾਰ ਗਾਇਕਾ ਗੁਰਲੇਜ ਅਖਤਰ ਦੇ ਨਾਲ ਗਾਇਆ ਗੀਤ “ਜੀਜਾ ਜੀ” ਅਤੇ “ਚਿੱਟੇ ਵਾਲੀ ਲਾਈਨ”, “ਚੱਕਵੀ ਮੰਡੀਰ” ਗੀਤ ਯੂ ਟਿਊਬ ਲਿੰਕ ‘ਤੇ ਕਾਫੀ ਹਿੱਟ ਹੋਏ ਸਨ ।ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਹੁਣ ਤੱਕ ਇਕ ਕਰੋੜ ਤੋਂ ਉਪਰ ਦਾ ਚਿੱਟਾ ਪੀਣ ਤੋਂ ਇਲਾਵਾ ਵਿਦੇਸ਼ ਜਾਣ ਅਤੇ ਗਾਇਕੀ ਦੇ ਚੱਕਰ ‘ਚ ਲੱਖਾਂ ਰੁਪਏ ਖਰਾਬ ਕਰ ਚੁੱਕਾ ਸੀ।