-ਰਾਜਿੰਦਰ ਪਰਦੇਸੀ-
ਮੁਖੜਿਆਂ ‘ਤੇ ਨੂਰ ਰਿਹਾ ਨਾ ਉੱਡਿਆ ਰੰਗ ਗੁਲਾਬੀ
ਇਸ ਰੰਗਲੇ ਪੰਜਾਬ ਦੀ ਕਰ ‘ਤੀ ਨਸ਼ਿਆਂ ਨੇ ਬਰਬਾਦੀ
ਜੋ ਮੁੱਛਾਂ ਨੂੰ ਵੱਟ ਚੜ੍ਹਾ ਕੇ ਡੌਲ਼ੇ ਸੀ ਫਰਕਾਂਦੇ,
ਉਹ ਹੁਣ ਡੌਲ਼ਿਆਂ ‘ਤੇ ਅੱਜਕਲ੍ਹ ਨਸ਼ਿਆਂ ਦੇ ਟੀਕੇ ਲਾਂਦੇ
ਡਿੱਕੋ ਡੋਲੇ ਖਾਂਦੇ ਰਹਿੰਦੇ ਹੋਏ ਰਹਿਣ ਸ਼ਰਾਬੀ,
ਇਸ ਰੰਗਲੇ ਪੰਜਾਬ ਦੀ ਕਰ ‘ਤੀ ਨਸ਼ਿਆਂ ਨੇ ਬਰਬਾਦੀ
ਤਿੰਨ-ਤਿੰਨ ਤੋਂ ਵੱਧ ਇਕ ਮੋਟਰਸਾਇਕਲ ‘ਤੇ ਕਾਲਜ ਆਉਂਦੇ,
ਕੰਟੀਨਾਂ ‘ਤੇ ਬਹਿ ਕੇ ਫਿਰ ਚਰਸਾਂ ਦੇ ਸੂਟੇ ਲਾਉਂਦੇ।
ਭੈਣਾਂ ਨੂੰ ਵੀ ਹੀਰਾਂ ਦੱਸਣ ਜਦ ਹੋ ਜਾਣ ਉਨਾਭੀ,
ਮੁਖੜਿਆਂ ‘ਤੇ ਨੂਰ ਰਿਹਾ ਨਾ ਉਡਿਆ ਰੰਗ ਗੁਲਾਬੀ
ਭੈਣ ਦੀ ਚੁੰਨੀ ਬਦਲੇ ਜੋ ਸੀ ਦਿੰਦੇ ਗੁੱਟ ਉਤਾਰ,
ਉਹ ਗੁੱਟ ਹੀ ਹੁਣ ਝੱਲ ਨਈਂ ਸਕਦੇ ਰੱਖੜੀਆਂ ਦਾ ਭਾਰ
ਸਾਂਝਾਂ ਦੇ ਛੱਪੜ ਤੇ ਤਰਦੀ ਨਸ਼ਿਆਂ ਦੀ ਮੁਰਗਾਬੀ
ਮੁਖੜਿਆਂ ‘ਤੇ ਨੂਰ ਰਿਹਾ ਨਾ ਉਡਿਆ ਰੰਗ ਗੁਲਾਬੀ
ਪੁੱਤ ਲਡਿੱਕੇ ਮਾਵਾਂ ਦੇ ਸਿਵਿਆਂ ਨੂੰ ਤੁਰਦੇ ਜਾਂਦੇ,
ਭੱਕੀਆਂ ਅਤੇ ਸਮੈਕਾਂ ਦੇ ਵਿਊਪਾਰੀ ਦਨ-ਦਨਾਂਦੇ
ਨਸ਼ਿਆਂ ਦੀ ਗੱਡੀ ਦੀ ਨੇਤਾ ਦੇ ਖੀਸੇ ਵਿਚ ਚਾਬੀ,
ਇਸ ਰੰਗਲੇ ਪੰਜਾਬ ਦੀ ਕਰ ‘ਤੀ ਨਸ਼ਿਆਂ ਨੇ ਬਰਬਾਦੀ
ਜੇ ਨਾ ਰੋਕੇ ਇਸ ਧਰਤੀ ਤੋਂ ਨਸ਼ਿਆਂ ਦੇ ਦਰਿਆਂ,
ਫਿਰ ਸਿਸਕੇਗਾ ਹਰ ਇਕ ਮਾਂ ਦਾ ਅਗਨੀ ਬਾਝ ਸਿਵਾ
‘ਪਰਦੇਸੀ’ ਤਾਰੇ ਸੌਂ ਜਾਣੇ ਜੇ ਨਾ ਦੁਨੀਆ ਜਾਗੀ
ਇਸ ਰੰਗਲੇ ਪੰਜਾਬ ਦੀ ਕਰ ‘ਤੀ ਨਸ਼ਿਆਂ ਨੇ ਬਰਬਾਦੀ
ਮੁਖੜਿਆਂ ‘ਤੇ ਨੂਰ ਰਿਹਾ ਨਾ ਉੱਡੀਆ ਰੰਗ ਗੁਲਾਬੀ
ਇਸ ਰੰਗਲੇ ਪੰਜਾਬ ਦੀ ਕਰ ‘ਤੀ ਨਸ਼ਿਆਂ ਨੇ ਬਰਬਾਦੀ
35B / 168 ਦਸ਼ਮੇਸ਼ ਨਗਰ, ਡਾਕ : ਦਕੋਹਾ, ਜਲੰਧਰ
ਈ ਮੇਲ – rajinder.pardesi7@gmail.com
ਮੋਬਾਇਲ +91 9780213351