ਕਾਲਾ ਸਿੰਘ ਸੈਣੀ
98767-20402
ਅੱਜ ਦੇ ਤਣਾਅ ਭਰੀ ਜ਼ਿੰਦਗੀ ਵਿੱਚੋਂ ਹੱਸਣਾ ਭਾਵੇਂ ਗਾਇਬ ਹੋ ਰਿਹਾ ਹੈ ਪਰ ਅਜਿਹੇ ਮਾਹੌਲ ‘ਚ ਹਾਸਿਆ ਦੀ ਪਟਾਰੀ ਬਣ ਲੋਕਾਂ ਦੇ ਢਿੱਡੀ ਪੀੜਾ ਪਾ ਰਿਹਾ ਹੈ ਬਠਿੰਡੇ ਵਾਲਾ ਰਛਪਾਲ ਪਾਲੀ। ਜਦੋਂ ਸੱਥਾਂ ਤੇ ਮਹਿਫਲਾਂ ਵਿੱਚ ਉੱਘੇ ਕਾਮੇਡੀਅਨ ਜਸਵਿੰਦਰ ਭੱਲਾ ਚਾਚਾ ਚਤਰ ਸਿੰਘ ਦੀ ਕਾਮੇਡੀ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਬਠਿੰਡੇ ਵਾਲੇ ਰਛਪਾਲ ਪਾਲੀ ਦਾ ਜਿਕਰ ਹੁੰਦਾ ਹੈ। ਜਸਵਿੰਦਰ ਭੱਲਾ ਦੇ ਸੁਪਰ ਹਿੱਟ ਛਣਕਾਟੇ ‘ ਛਣਕਾਟਾ 2005 ਜੜਤੇ ਕੋਕੋ ‘, ‘ ਛਣਕਾਟਾ 2006 ਕੱਢਤਿਆਂ ਕਸਰਾਂ ‘,’ ਛਣਕਾਟਾ 2007 ਕਰ ਤਾ ਕੁੰਡਾ ‘, ਅਤੇ ‘ ਛਣਕਾਟਾ 2009 ਮਿੱਠੇ ਪੋਚੇ ‘ ਵਿੱਚ ਰਛਪਾਲ ਪਾਲੀ ਦੀ ਮਿਆਰੀ ਕਾਮੇਡੀ ਦੀ ਝਲਕ ਮਿਲਦੀ ਹੈ। ਤਾਹੀਓਂ ਚਾਚਾ ਚਤਰ ਸਿੰਘ ਆਪਣੀਆਂ ਕੈਸੇਟਾਂ ਵਿੱਚ ਕਾਮੇਡੀ ਅੰਦਾਜ਼ ਨਾਲ ਕਹਿੰਦਾ ਹੈ ‘ ਦੱਸੀ ਬਈ ਬਠਿੰਡੇ ਵਾਲੇ ਰਛਪਾਲ ਪਾਲੀ.. ..। ‘ਜਸਵਿੰਦਰ ਭੱਲਾ ਦਾ ਸ਼ਾਗਿਰਦ ਪਾਲੀ ਸ਼ਬਦਾ ਦਾ ਜਾਦੂਗਰ ਹੈ। ਪਾਲੀ ਨੇ ਕਾਮੇਡੀ ਟੈਲੀ ਫਿਲਮ ‘ਬਿੱਲੀਆਂ ਵਿੱਚ ਬਾਂਦਰ’ ਦੇ ਕਾਮੇਡੀ ਗੀਤ ਤੇ ਬੋਲੀਆਂ ਵੀ ਲਿਖੀਆਂ ਹਨ। ਟੈਲੀ ਫਿਲਮ ‘ ਪੈ ਗਈ ਭਾਜੜ ‘ ਦੀ ਕਹਾਣੀ , ਜਤਿੰਦਰ ਗੋਭੀ ਵਾਲੇ ਦੀਆਂ ਦੋ ਕਾਮੇਡੀ ਟੈਲੀ ਫਿਲਮਾਂ ਦੀ ਕਹਾਣੀ ਤੇ ਗੀਤ ਲੋਕਾਂ ਨੂੰ ਹੱਸਣ ਦੀ ਆਦਤ ਪਾਉਂਦੇ ਹਨ। ਐਮ.ਐਚ.ਵਨ ਪੰਜਾਬੀ ਚੈਨਲ ਤੇ ਪ੍ਰਸਾਰਿਤ ਹੋਇਆ ਜਗਤਾਰ ਜੱਗੀ ਦਾ ਲੋਕਪ੍ਰਿਅਤਾ ਕਾਮੇਡੀ ਦਾ ਹਿੱਟ ਪ੍ਰੋਗਰਾਮ ‘ ਕਾਟੋ ਫੁੱਲਾਂ ਉਤੇ ‘ ਦੀਆਂ ਕਈ ਕਿਸ਼ਤਾਂ ਨੂੰ ਵੀ ਉਸ ਨੇ ਆਪਣੀ ਕਲਮ ‘ਚ ਪਰੋਇਆ ਹੈ। ਕਾਮੇਡੀ ਦੇ ਖੇਤਰ ‘ਚ ਅਮਿੱਟ ਪੈੜਾਂ ਪਾ ਰਿਹਾ ਰਛਪਾਲ ਪਾਲੀ ਸੱਭਿਆਚਾਰਕ ਗੀਤਾਂ ਦਾ ਵੀ ਰਚੇਤਾ ਹੈ।
ਬਤੌਰ ਗੀਤਕਾਰ ਪਾਲੀ ਨੇ ‘ ਮੈਨੂੰ ਪਿੰਡ ਦੇ ਮੋੜ ਤੇ ਲਾਹਦੇ ਵੇ ਜਾਵੇ ਲੰਮਿਆਂ ਰੂਟਾਂ ਤੇ ‘, ਗੀਤ ਗਾਇਕ ਕਪਤਾਨ ਕੰਮਾ ਤੇ ਪ੍ਰਵੀਨ ਭਾਰਟਾ ਨੇ ਰਿਕਾਰਡ ਕਰਵਾਇਆ। ਗਾਇਕ ਹੈਪੀ ਲੋਹਾਰਾ ਦੀ ਕੈਸੇਟ ‘ ਬਠਿੰਡਾ ਟੂ ਮੋਰਿੰਡਾ ‘, ਦੇ ਰਿਕਾਰਡ ਗੀਤ ਵੀ ਰਛਪਾਲ ਪਾਲੀ ਨੇ ਲਿਖੇ ਹਨ। ਪਾਲੀ ਦੇ ਗੀਤਾਂ ਨੂੰ ਗਾਇਕ ਜਗਪਾਲ ਸੇਰਾਂ , ਮਸ਼ਹੂਰ ਗਾਇਕ ਸੁਖਵਿੰਦਰ ਸੁੱਖੀ ਨੇ ‘ ਨਿੱਤ ਰੌਣਕਾਂ ਲੱਗਣ ਸਾਡੀ ਕਾਲਜ ਦੀ ਕੰਨਟੀਨ ਤੇ ‘, ਆਦਿ ਰਿਕਾਡਰ ਕਰਵਾਏ ਹਨ। ‘ ਸ਼ਹੀਦ ਬਾਬਾ ਜੀਵਨ ਸਿੰਘ ਜੀ ‘ ਨੂੰ ਸਮਰਪਿਤ ਐਲਬਮ ‘ ਅਣਖੀ ਯੋਧੇ ‘ , ਵਿੱਚਲੇ ਧਾਰਮਿਕ ਗੀਤਾਂ ਨੂੰ ਉਸ ਦੀ ਕਲਮ ਨੇ ਸਰਧਾਂ ਦੇ ਸਾਗਰ ਦੀ ਸਿਆਹੀ ਨਾਲ ਲਿਖੇ ਗੀਤ ਸਿੱਖ ਇਤਿਹਾਸ ਬਾਰੇ ਜਾਣੂੰ ਕਰਵਾਉਂਦੇ ਹਨ। ਪੰਜਾਬੀ ਫਿਲਮਾਂ ਲਈ ਕਲਮ ਵਾਹੁੰਦੇ ਹੋਏ ਰਛਪਾਲ ਪਾਲੀ ਨੇ ਕਈ ਪੰਜਾਬੀ ਫਿਲਮਾਂ ਜਿਨਾਂ ਵਿੱਚ ‘ ਲੱਕੀ ਦੀ ਲੱਕੀ ਸਟੋਰੀ ‘,’ ਮਰ ਗਏ ਓਏ ਲੋਕੋ’,’ ਕਬੱਡੀ ‘,’ ਚੱਕ ਦੇ ਫੱਟੇ ‘, ਆਦਿ ਫਿਲਮਾਂ ਦੇ ਲਿਖੇ ਤਕਿਆ ਕਲਾਮ ਉੱਘੇ ਕਾਮੇਡੀਅਨ ਜਸਵਿੰਦਰ ਭੱਲਾ ਵਲੋਂ ਆਪਣੇ ਕਾਮੇਡੀ ਅੰਦਾਜ਼ ‘ ਚ ਫਿਲਮੀਂ ਪਰਦੇ ਦੇ ਸ਼ਿੰਗਾਰ ਬਣੇ ਹਨ। ਉਸ ਦੇ ਚਰਚਿਤ ਤਕਿਆ ਕਲਾਮਾਂ ‘ ਚ ਮਸ਼ਹੂਰ ਹੋਏ ਤਕਿਆ ਕਲਾਮ ਦੀ ਇੱਕ ਝਲਕ ਇਸ ਤਰਾਂ ਹੈ ‘ ਆਂਡੇ ਮੋਗੇ ਦੇ,ਕੁੜ-ਕੁੜ ਮਲੋਟ , ਮੈਂ ਤਾਂ ਭੰਨਦੂ ਬੂੱਲਾਂ ਨਾਲ ਖਰੋਟ ‘, ਆਦਿ ਹਨ। ਅਦਾਕਾਰਾ ਉਪਾਸਨਾ ਸਿੰਘ ਦੀ ਬਤੌਰ ਨਿਰਮਾਤਾ ਨਿਰਦੇਸ਼ਕ ਆ ਰਹੀ ਪੰਜਾਬੀ ਫਿਲਮ ‘ ਯਾਰਾਂ ਦੀਆਂ ਪੋ ਬਾਰਾਂ ‘ ਦੇ ਵੀ ਪਾਲੀ ਨੇ ਕਾਮੇਡੀ ਡਾਇਲਾਗ ਲਿਖੇ ਹਨ। ਬਾਲੀਵੁੱਡ ਦੀਆਂ ਦਰਜ਼ਨਾਂ ਹੀ ਹਿੱਟ ਫਿਲਮਾਂ ਦੇ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਕੇ.ਸੀ.ਬੋਕਾਡੀਆ ਦੀ ਬਣ ਰਹੀ ਪੰਜਾਬੀ ਫਿਲਮ ‘ ਮੇਰੀ ਵਹੁਟੀ ਦਾ ਵਿਆਹ ‘ ਦੀ ਕਹਾਣੀ ‘ਚ ਪਾਲੀ ਨੇ ਆਪਣੀ ਕਾਮੇਡੀ ਦਾ ਰੰਗ ਰੰਗ ਭਰਿਆ ਹੈ। ਉਸ ਦਾ ਕਹਿਣਾ ਹੈ ਇਨਾਂ ਦੋਨਾਂ ਫਿਲਮਾਂ ਵਿੱਚਲੀ ਕਾਮੇਡੀ ਨਾਲ ਭਰੀ ਪਟਾਰੀ ਸਿਨੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਂਦੀ ਹੋਈ ਦਰਸ਼ਕਾਂ ਨੂੰ ਲੋਟ ਪੋਟ ਕਰੇਗੀ।