ਮਨਦੀਪ ਕੌਰ ਭੰਮਰਾ
ਚੁਰਾਹੇ ਵਿੱਚ ਖੜ੍ਹੀ ਅੱਜ ਜ਼ਿੰਦਗੀ ਰਾਹ ਤਲਾਸ਼ੇ,
ਸਕੂਨ ਸਾਰਾ ਗੁੰਮ ਹੈ ਜ਼ਿੰਦਗੀ ਵਿੱਚ ਹਰ ਪਾਸੇ,
ਅਜਨਬੀ ਬਣੇ ਲੋਕ ਹਨ ਇੱਕ ਦੂਜੇ ਲਈ ਸਾਰੇ,
ਚਿਹਰੇ ਦਿਸ ਰਹੇ ਹਨ ਸਭ ਬੁੱਤਾਂ ਵਾਂਗ ਤਰਾਸ਼ੇ।
ਜੀਵਨ ਦੇ ਮੁੱਲ਼ਾਂ ਦੀ ਗੱਲ ਹੀ ਵਿਸਾਰ ਬੈਠੇ ਹਨ,
ਇੱਕ ਦੂਜੇ ਨਾਲ਼ ਹੈ ਲੜਨਾ ਬੱਸ ਧਾਰ ਬੈਠੇ ਹਨ,
ਮਾਨਸਿਕਤਾ ਜੰਗਲ਼ੀ ਜਿਹੀ ਬਣ ਗਈ ਹੈ ਅੱਜ,
ਸੱਭਿਅਤਾ ਭੁੱਲ ਕੇ ਹੋਣ ਲਈ ਖੁਆਰ ਬੈਠੇ ਹਨ।
ਧੜਿਆਂ, ਧਿਰਾਂ ਵਿੱਚ ਵੰਡੇ ਸਭ ਪੱਖ ਪੂਰਦੇ ਹਨ,
ਮਤਲਬਾਂ, ਗਰਜ਼ਾਂ, ਲੋੜਾਂ ਲਈ ਬੱਸ ਲੂਰ੍ਹਦੇ ਹਨ,
ਅੰਨ੍ਹਾ ਵੰਡੇ ਸੀਰਨੀ ਮੁੜਮੁੜ ਆਪਣਿਆਂ ਨੂੰ ਦੇਹ,
ਅਖਾਣ ਸੱਚਾ ਬਾਕੀਆਂ ਨੂੰ ਤਾਂ ਬੱਸ ਘੂਰਦੇ ਹਨ।
ਹਿਰਸਾਂ ਦੀ ਮੰਡੀ ਵਿੱਚ ਕੁੱਝ ਲੋਕ ਪਿਸ ਰਹੇ ਹਨ,
ਕਿਰਸਾਂ ‘ਚ ਜੀਵਨ ਜਿਉਂਦੇ ਲੋਕ ਮਿਟ ਰਹੇ ਹਨ,
ਜਿਸਮਾਂ ਦੀ ਮੰਡੀ ‘ਚ ਜਿਸਮ ਦੇ ਹੋ ਰਹੇ ਹਨ ਸੌਦੇ,
ਜਿਣਸਾਂ ਦੀ ਮੰਡੀ ਮਾੜੇ ਕਿਸਾਨ ਕਲ਼ਪ ਰਹੇ ਹਨ।
ਬਹੁੜੀਂ ਵੇ ਤਬੀਬਾ ਮੇਰੀ ਜਿੰਦ ਗਈ ਆ,ਆਖਦੇ,
ਰੱਬ ਨੂੰ ਧਿਆਉਂਦੇ ਲੋਕ ਇਹੀ ਕਹਿੰਦੇ ਨੇ ਜਾਪਦੇ,
ਲੋਕਾਂ ਦੇ ਜੀਵਨ ਬਦਤਰ ਤੋਂ ਬਦਤਰ ਹਨ ਹੋ ਗਏ,
ਕਿਸੇ ਨੂੰ ਕੌਣ ਸੰਭਾਲ਼ੇ ਖਾਨੇ ਖਰਾਬ ਹਨ ਆਪਦੇ।
ਆਦਮੀ ਨਾ ਅੱਜ ਦੂਜੇ ਆਦਮੀ ਦਾ ਮੁੱਲ ਜਾਣਦਾ,
ਸੋਚ ਵੱਖੋ ਵੱਖ ਸਭ ਦੀ ਕੌਣ ਇੱਕ ਦੂਜੇ ਦੇ ਹਾਣਦਾ,
ਮਤਲਬੀ ਦੁਨੀਆਂ ਵਿੱਚ ਜੋ ਲੋਕ ਘਿਰ ਗਏ ਹਨ,
ਜਿਉਣ ਆਪੋ ਅਪਣਾ ਰਿਸ਼ਤਾ ਨਾ ਕੋਈ ਮਾਣਦਾ।
ਮਾਨਵੀ ਮੁੱਲ਼ਾਂ ਦਾ ਜੀਵਨ ‘ਚ ਰਿਹਾ ਨਹੀਂ ਚਲਨ,
ਆਪੋਧਾਪੀ ਪਈ ਹੈ ਚੁਫ਼ੇਰੇ ਸਭ ਮਰਜ਼ੀਆਂ ਕਰਨ,
ਰੱਬ ਰਾਖਾ ਆਖਾਂ,ਜੇ ਮੰਨਣ ਨਾ ਕਈ ਰੱਬ ਤਾਈਂ,
ਗੁਰੂ ਨੂੰ ਕੋਈ ਨਾ ਮੰਨੇ ਸਭ ਬਣ ਗਏ ਸ਼ਰੀਕ ਹਨ।
-ਮਨਦੀਪ ਕੌਰ ਭੰਮਰਾ