17.5 C
United Kingdom
Monday, September 7, 2026

More

    ਸ਼ਹੀਦ ਗੁਰਤੇਜ ਸਿੰਘ ਦੀ ਅੰਤਿਮ ਅਰਦਾਸ ਮੌਕੇ ਮੰਤਰੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ

    ਅਸ਼ੋਕ ਵਰਮਾ
    ਮਾਨਸਾ, 26 ਜੂਨ । ਜ਼ਿਲਾ ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਨੌਜਵਾਨ ਸ਼ਹੀਦ ਗੁਰਤੇਜ ਸਿੰਘ ਜੋ ਕਿ ਪਿਛਲੇ ਦਿਨੀਂ ਲਦਾਖ਼ ਸੈਕਟਰ ਸਥਿਤ ਗਲਵਾਨ ਘਾਟੀ ਵਿਚ ਚੀਨ ਦੇ ਖਿਲਾਫ ਲੜਾਈ ਦੌਰਾਨ ਸ਼ਹੀਦ ਹੋ ਗਏ ਸਨ, ਦੀ ਅੰਤਿਮ ਅਰਦਾਸ ਮੌਕੇ ਅੱਜ ਸ਼ਹੀਦ ਦੇ ਪਿੰਡ ਵਿਖੇ ਵਿੱਤ ਮੰਤਰੀ ਪੰਜਾਬ ਸ੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਦੌਰਾਨ ਮੰਤਰੀ ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਇਸ ਮੌਕੇ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਅਤੇ ਉਸ ਦੇ ਸਕੇ ਸਬੰਧੀਆਂ ਨਾਲ ਦੁੱਖ ਸਾਂਝਾ ਕਰਨ ਲਈ ਸ਼ਹੀਦ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਆਏ ਹਨ। ਉਨਾਂ ਕਿਹਾ ਕਿ ਸ਼ਹੀਦ ਦੀ ਇਹ ਸ਼ਹਾਦਤ ਲਾਸਾਨੀ ਹੈ ਜੋ ਕਿ ਪਰਿਵਾਰ ਲਈ ਅਤੇ ਪੂਰੇ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ।
               ਉਨਾਂ ਕਿਹਾ ਕਿ ਸਾਨੂੰ ਅਜਿਹੇ ਯੋਧਿਆਂ ਤੇ ਮਾਣ ਰਹੇਗਾ ਜੋ ਸਮਾਜ ਅਤੇ ਦੇਸ਼ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਡਿਊਟੀ ਨਿਭਾਉਂਦੇ ਹਨ ਅਤੇ ਦੇਸ਼ ਦੀ ਸੇਵਾ ਕਰਦਿਆਂ ਕੁਰਬਾਨ ਹੋ ਜਾਂਦੇ ਹਨ। ਉਨਾਂ ਪਰਿਵਾਰ ਲਈ ਸਰਕਾਰ ਦੀ ਤਰਫੋਂ 50 ਲੱਖ ਰੁਪਏ, ਸਰਕਾਰੀ ਨੌਕਰੀ ਅਤੇ ਪਿੰਡ ਦੇ ਵਿਕਾਸ ਲਈ 25 ਲੱਖ ਰੁਪਏ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਗੁਰਤੇਜ ਸਿੰਘ ਦੇ ਨਾਮ ਤੇ ਰੱਖਿਆ ਗਿਆ ਹੈ ਅਤੇ ਸਕੂਲ ਅੰਦਰ ਇਕ ਲਾਇਬ੍ਰੇਰੀ ਵੀ ਸ਼ਹੀਦ ਦੀ ਯਾਦ ਵਿਚ ਸਥਾਪਿਤ ਕੀਤੀ ਗਈ ਹੈ।ਪਿੰਡ ਵਾਸੀਆਂ ਨੇ ਇਸ ਮੌਕੇ ਸ੍ਰੀ ਮਨਪ੍ਰੀਤ ਬਾਦਲ ਪਾਸੋਂ ਪਿੰਡ ਦੀ ਸੜਕ ਅਤੇ ਟਿਊਬਵੈੱਲ ਦੀ ਮੰਗੀ ਕੀਤੀ, ਜਿਸ ਨੂੰ ਜਲਦ ਪੂਰਾ ਕਰਨ ਦਾ ਸ੍ਰੀ ਬਾਦਲ ਵੱਲੋਂ ਯਕੀਨ ਦਿਵਾਇਆ ਗਿਆ।
    ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸ਼ਹੀਦ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੌਰਾਨ ਪਰਿਵਾਰ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਉਨਾਂ ਦੇ ਸਪੁੱਤਰ ਦੀ ਸ਼ਹਾਦਤ ਅਤਿਅੰਤ ਕੀਮਤੀ ਹੈ। ਸ਼ਹੀਦ ਗੁਰਤੇਜ ਸਿੰਘ ਨੇ ਇਹ ਸ਼ਹਾਦਤ ਦੇ ਕੇ ਇਸ ਇਲਾਕੇ, ਇਸ ਪਿੰਡ ਨੂੰ, ਮਾਨਸਾ ਜ਼ਿਲੇ ਨੂੰ, ਪੰਜਾਬ ਰਾਜ ਅਤੇ ਪੂਰੇ ਦੇਸ਼ ਨੂੰ ਮਾਣ ਬਖ਼ਸ਼ਿਆ ਹੈ। ਪੂਰੇ ਦੇਸ਼ ਉਸ ਨੌਜਵਾਨ ਦੀ ਸ਼ਹਾਦਤ ਨੂੰ ਸਜ਼ਦਾ ਕਰਦਾ ਹੈ। ਗੁਰਤੇਜ ਸਿੰਘ ਸਿਰਫ ਉਨਾਂ ਦਾ ਹੀ ਨਹੀਂ ਸਗੋਂ ਸਾਰੇ ਪੰਜਾਬ ਅਤੇ ਦੇਸ਼ ਦਾ ਸਪੁੱਤਰ ਹੈ। ਪੰਜਾਬ ਸਰਕਾਰ ਉਸ ਦੇ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿਚ ਹਮੇਸ਼ਾ ਨਾਲ ਖੜੀ ਹੈ। ਪੰਜਾਬ ਸਰਕਾਰ ਤਰਫ਼ੋਂ ਸ੍ਰੀ ਕਾਂਗੜ ਨੇ ਸ਼ਹੀਦ ਦੇ ਪਰਿਵਾਰ ਨੂੰ 2.5 ਲੱਖ ਰੁਪਏ ਦੇ ਦੋ ਚੈੱਕ (5 ਲੱਖ ਰੁਪਏ) ਮਾਤਾ ਪ੍ਰਕਾਸ਼ ਕੌਰ ਅਤੇ ਪਿਤਾ ਵਿਰਸਾ ਸਿੰਘ ਨੂੰ ਭੇਂਟ ਕੀਤੇ।
              ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਨੇ ਸ਼ਹੀਦ ਗੁਰਤੇਜ ਸਿੰਘ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੁੰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ ਸ਼ਹੀਦ ਨੌਜਵਾਨ ਨੇ ਆਪਣੀ ਬਹਾਦਰੀ ਅਤੇ ਜਜ਼ਬੇ ਨਾਲ ਇਸ ਦੇਸ਼ ਦੇ ਲੇਖੇ ਆਪਣੀ ਜਾਨ ਲਾਈ ਹੈ। ਉਨਾਂ ਕਿਹਾ ਕਿ ਸ਼ਹੀਦਾਂ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਹਰ ਤਰਾਂ ਨਾਲ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਖੜਾ ਹੈ।ਐਸਐਸਪੀ ਡਾ ਨਰਿੰਦਰ ਭਾਰਗਵ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਦੀ ਤਰਫੋਂ ਉਹ ਸ਼ਹੀਦ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ ਹਨ । ਸ਼ਹੀਦ ਨੌਜਵਾਨ ਨੂੰ ਸਿਜ਼ਦਾ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਪੁਲਿਸ ਸ਼ਹੀਦ ਦੇ ਪਰਿਵਾਰ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਲਈ ਹਮੇਸ਼ਾ ਵਚਨਬੱਧ ਰਹੇਗੀ।
    ਐਮ.ਐਲ.ਏ. ਬੁਢਲਾਡਾ ਸ੍ਰੀ ਬੁੱਧ ਰਾਮ, ਐਮ.ਐਲ.ਏ. ਮਾਨਸਾ ਸ੍ਰੀ ਨਾਜਰ ਸਿੰਘ ਮਾਨਸ਼ਾਹੀਆ ਅਤੇ ਐਮ.ਐਲ.ਏ. ਗਿੱਦੜਬਾਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੁਆਰਾ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ, ਐਸ.ਡੀ.ਐਮ. ਬੁਢਲਾਡਾ ਸ੍ਰੀ ਸਾਗਰ ਸੇਤੀਆ, ਕਾਂਗਰਸ ਲੀਡਰ ਸ੍ਰੀ ਅਜੀਤ ਇੰਦਰ ਸਿੰਘ ਮੋਫ਼ਰ, ਰਣਜੀਤ ਕੌਰ ਭੱਟੀ, ਮੰਜੂ ਬਾਂਸਲ ਅਤੇ ਵਾਇਸ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਸ੍ਰੀ ਰਾਮ ਸਿੰਘ ਸਰਦੂਲਗੜ ਮੌਜੂਦ ਸਨ। ਚੇਅਰਮੇਨ ਜ਼ਿਲਾ ਯੋਜਨਾ ਬੋਰਡ ਸ੍ਰੀ ਪ੍ਰੇਮ ਮਿੱਤਲ ਦੁਆਰਾ ਸ਼ੋਕ ਸਮਾਚਾਰ ਭੇਜ ਕੇ ਪਰਿਵਾਰ ਨਾਲ ਦੁੱਖ ਜ਼ਾਹਰ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!