ਸਾਰੇ ਮਾਮਲੇ ਦੀ ਲੋਕ ਲੇਖਾ ਕਮੇਟੀ ਵਿਧਾਨ ਸਭਾ ਵੱਲੋਂ ਜਾਂਚ ਕਰਵਾਵਾਂਗੇ : ਵਿਧਾਇਕ ਪੰਡੋਰੀ
ਮਹਿਲ ਕਲਾਂ, 26 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਕਸਬਾ ਦੇ ਆਲੇ ਦੁਆਲੇ ਦੀਆਂ ਸੜਕਾਂ ਦੀ ਰਿਪੇਅਰ ਨੂੰ ਲੈ ਕੇ ਸਮੇਂ ਸਮੇਂ ਤੇ ਸਥਾਨਕ ਲੋਕਾਂ ਵਲੋ ਘਟੀਆ ਮਟੀਰੀਅਲ ਵਰਤਣ ਜਾਂ ਹੋਰ ਖਾਮੀਆਂ ਕਾਰਨ ਠੇਕੇਦਾਰਾਂ ਅਤੇ ਵਿਭਾਗ ਦੀ ਕਾਰਜਸ਼ੈਲੀ ਤੇ ਸਵਾਲੀਆ ਚਿਨ੍ਹ ਖੜ੍ਹੇ ਕੀਤੇ ਹਨ ।ਇਸੇ ਤਰ੍ਹਾਂ ਹੀ ਅੱਜ ਟਿੱਬਾ ਤੋਂ ਮਨਾਲ ਰੋਡ ਤੇ ਪ੍ਰੀਮਿਕਸ ਪਾਉਣ ਦਾ ਕੰਮ ਚੱਲ ਰਿਹਾ ਸੀ। ਪਿੰਡ ਟਿੱਬਾ ਦੇ ਨੌਜਵਾਨ ਆਗੂ ਜਸਵੀਰ ਸਿੰਘ ਜਵੰਧਾ ਨੇ ਪੂਰੀ ਸਫਾਈ ਨਾ ਕਰਨ ਕਰਕੇ ਅਤੇ ਰੇਤੇ ਉੱਪਰ ਹੀ ਪ੍ਰੀਮੈਕਸ ਪਾਉਣ ਤੇ ਇਤਰਾਜ਼ ਜ਼ਾਹਰ ਕੀਤਾ।ਜਿਸ ਕਰਕੇ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਗਰਾਮ ਪੰਚਾਇਤ ਦੇ ਨੁਮਾਇੰਦੇ ਪਹੁੰਚ ਗਏ। ਜਿਨ੍ਹਾਂ ਨੇ ਇਹ ਸਾਰਾ ਮਾਮਲਾ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਧਿਆਨ ਵਿੱਚ ਲਿਆਂਦਾ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਵੀ ਮੌਕੇ ਤੇ ਪਹੁੰਚ ਗਏ। ਵਿਧਾਇਕ ਪੰਡੋਰੀ ਨੇ ਅਧਿਕਾਰੀਆਂ ਨੂੰ ਪੂਰੀ ਪ੍ਰੀਮਿਕਸ ਨੂੰ ਪੁੱਟ ਕੇ ਪੂਰੀ ਤਰ੍ਹਾਂ ਸਫ਼ਾਈ ਕਰਨ ਉਪਰੰਤ ਪ੍ਰੀਮਿਕਸ ਪਾਉਣ ਦੀ ਹਦਾਇਤ ਦਿੱਤੀ। ਮੌਕੇ ਤੇ ਹੀ ਪ੍ਰੀਮਿਕਸ ਨੂੰ ਪੁੱਟ ਕੇ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।ਇਸ ਮੌਕੇ ਸੁਰਜੀਤ ਸਿੰਘ ਫੌਜੀ ਮੈਂਬਰ ਬਲਾਕ ਸੰਮਤੀ ,ਰਣਜੀਤ ਸਿੰਘ ਕਿਸਾਨ ਯੂਨੀਅਨ ਆਗੂ, ਅਮਨਦੀਪ ਸਿੰਘ ਪੰਚ, ਤਰਸੇਮ ਸਿੰਘ ਪੰਚ, ਹਰਵਿੰਦਰ ਸਿੰਘ ਬੱਗਾ, ਗੁਰਲਾਲ ਸਿੰਘ ਧਾਲੀਵਾਲ,ਨਿਰਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।
ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਵਿੱਚ ਸਾਰੇ ਮਾਮਲੇ ਦੀ ਜਾਂਚ ਕਰਵਾਵਾਂਗੇ: ਵਿਧਾਇਕ ਪੰਡੋਰੀ
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਾਰੇ ਮਾਮਲੇ ਦੀ ਜਾਂਚ ਲੋਕ ਲੇਖਾ ਕਮੇਟੀ ਵਿਧਾਨ ਸਭਾ ਵੱਲੋਂ ਕਰਵਾਈ ਜਾਵੇਗੀ ਤਾਂ ਕਿ ਲੋਕਾਂ ਦਾ ਟੈਕਸ ਦੇ ਰੂਪ ਵਿੱਚ ਦਿੱਤੇ ਪੈਸੇ ਦੀ ਦੁਰਵਰਤੋਂ ਨਾ ਹੋ ਸਕੇ।