3.1 C
United Kingdom
Sunday, March 8, 2026

More

    ਆ ਕਵਿਤਾ ਲਿਖੀਏ

    ਨਵਗੀਤ ਕੌਰ

    ਆ ਕਵਿਤਾ ਲਿਖੀਏ
    ਉਨ੍ਹਾ ਸੱਥਰਾਂ ਦੇ ਨਾਂ
    ਜਿਥੇ ਹੰਭ ਕੇ ਬੈਠ ਗਏ ਨੇ ਬੁੱਢੇ ਬਾਪ
    ਜਿੰਨ੍ਹਾਂ ਨੂੰ
    ਮੌਤ ਵਰਗਾ ਯਕੀਨ ਹੋ ਚੱਲਿਐ
    ਕਿ ਹੁਣ ਪਿਓ ਹੀ
    ਪੁੱਤਾਂ ਦੇ ਸਿਵੇ ਸੇਕਿਆ ਕਰਨਗੇ।
    ਘਰਾਂ ਦੀਆਂ ਤੰਗੀਆਂ ਖੂਹ ਬਣਨਗੀਆਂ
    ਤੇ ਉਸ ਵਿੱਚ ਗਰਕ ਜਾਵੇਗਾ
    ਹੌਲੀ ਹੌਲੀ ਸਾਰਾ ਬਾਗ ਪਰਿਵਾਰ।

    ਆ ਕਵਿਤਾ ਲਿਖੀਏ,
    ਉਨ੍ਹਾ ਬਾਲਾਂ ਦੇ ਨਾਂ
    ਜੋ ਰੂੜੀ ਦੇ ਢੇਰ ਤੇ ਖੇਡਦਿਆਂ
    ਅੰਬ ਦੀ ਗਿਟਕ
    ਹੱਥ ਆ ਜਾਣ ਤੇ
    ਇੰਜ ਉਛਲਦੇ ਨੇ
    ਜਿਵੇਂ ਕੋਲੰਬਸ ਨੂੰ ਲੱਭਿਆ ਸੀ
    ਅਮਰੀਕਾ, ਭਾਰਤ ਲੱਭਦਿਆਂ।

    ਆ ਕਵਿਤਾ ਲਿਖੀਏ,
    ਬਾਰੀਂ ਬਰਸੀ ਖੱਟਣ ਗਏ
    ਓਸ ਮਾਹੀ ਦੇ ਨਾਂ
    ਜਿਸਦੀ ਚੂੜੇ ਵਾਲੀ ਨੂੰ
    ਉਡੀਕ ਏ
    ਕਿ ਉਸਦਾ ਮਾਹੀ ਪਰਤੇਗਾ ਜ਼ਰੂਰ।
    ਪਰ ਉਹਨੂੰ ਨਹੀਂ ਪਤਾ
    ਕਿ ਘਰੇ ਤਾਬੂਤ ਪਰਤੇਗਾ।

    ਉਸ ਦੇ ਮਾਹੀ ਦੇ ਸਿਰ ਦਾ ਮੁੱਲ
    ਕਿਸੇ ਨੇ ਕੁਝ ਰੁਪਏ ਐਲਾਨਿਆ ਹੈ।

    ਆ ਕਵਿਤਾ ਲਿਖੀਏ!
    ਦਰਦੀਲੀਆਂ ਸਤਰਾਂ ਦਾ ਜ਼ਹਿਰ ਚੂਸਦੇ
    ਉਨ੍ਹਾਂ ਕੋਰੇ ਵਰਕਿਆਂ ਦੇ ਨਾਂ
    ਜਿੰਨ੍ਹਾਂ ਤੇ ਲਿਖੇ ਹਰਫ਼
    ਜਦ ਵੀ
    ਸੱਚ ਦਾ ਸੰਗ ਮਾਣਦੇ ਨੇ
    ਆਪਣੀ ਪੱਤ ਲੁਹਾ ਬਹਿੰਦੇ ਨੇ।
    ਬੇਰਹਿਮ ਸਮਿਆਂ ਵਿੱਚ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!