9.6 C
United Kingdom
Monday, May 20, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (6)

    ਕਾਂਡ 6

    ਸਵੇਰੇ ਪਹੁ ਦੇ ਫ਼ੁਟਾਲੇ ਨਾਲ਼ ਗੱਡੀ ਦਿੱਲੀ ਪਹੁੰਚੀ।

    ਨਿੱਕਾ-ਮੋਟਾ ਸਮਾਨ ਚੁੱਕ ਕੇ ਉਹ ਥੱਲੇ ਉੱਤਰ ਆਏ ਅਤੇ ਸਟੇਸ਼ਨ ‘ਤੇ ਹੀ ਡੇਰਾ ਲਾ ਲਿਆ। ਉਹਨਾਂ ਨੂੰ ਕੋਈ ਵੀ ਪਤਾ ਨਹੀਂ ਸੀ ਕਿ ਕਿੱਧਰ ਜਾਣਾ ਸੀ? ਉਹਨਾਂ ਦੀ ਕੋਈ ਮੰਜ਼ਿਲ ਨਹੀਂ ਸੀ, ਕੋਈ ਟਿਕਾਣਾ ਨਹੀਂ ਸੀ। ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਨੇ ਜਾਣਾ ਕਿੱਥੇ ਸੀ..? ਉਹ ਤਾਂ ਦੁਨੀਆਂ ਦੇ ਸਤਾਏ, ਹਾਲਾਤਾਂ ਦੇ ਧੱਕੇ, ਸੁੱਕੇ ਪੱਤੇ ਵਾਂਗ ਉਡਦੇ ਦਿੱਲੀ ਆ ਪਹੁੰਚੇ ਸਨ। ਵੈਸੇ ਘਰੋਂ ਪੈਰ ਪੱਟ ਕੇ ਇੱਕ ਵਾਰ ਤਾਂ ਹਰ ਕੋਈ ਪਛਤਾਵਾ ਕਰਦਾ ਹੀ ਹੈ, ਕਿਉਂਕਿ ਉਸ ਲਈ ਘਰ ਦੇ ਦਰਵਾਜੇ ਹਮੇਸ਼ਾ ਲਈ ‘ਬੰਦ’ ਹੋ ਜਾਂਦੇ ਹਨ! ਅਗਰ ਅਗਲਾ ਬੇਸ਼ਰਮ ਜਿਹਾ ਬਣ ਕੇ, ਜਾਂ ਆਪਣੀ ਜ਼ਮੀਰ ਦਾ ਗਲ਼ ਘੁੱਟ ਕੇ ਮੁੜ ਉਸ ਘਰ ਵਿਚ ਪੈਰ ਪਾਉਂਦਾ ਵੀ ਹੈ, ਤਾਂ ਸਮਾਜ ਦੀ ਫ਼ਿਤਰਤ ਨਹੀਂ ਟਿਕਣ ਦਿੰਦੀ ਅਤੇ ਅਗਲਾ ਖ਼ੁਦਕਸ਼ੀ ਕਰਨ ਤੱਕ ਪਹੁੰਚ ਜਾਂਦਾ ਹੈ।

    -“ਹੁਣ ਅੱਗੇ ਕੀ ਪ੍ਰੋਗਰਾਮ ਐਂ..? ਹੁਣ ਅੱਗੇ ਕਿੱਥੇ ਜਾਣੈਂ…?” ਜੰਗੀਰੋ ਨੇ ਨੇਕੇ ਨੂੰ ਪੁੱਛਿਆ। ਥਕਾਵਟ ਅਤੇ ਬੱਚਿਆਂ ਦੇ ਵਿਛੋੜੇ ਨੇ ਉਸ ਦੇ ਤਨ-ਮਨ ਦਾ ਕੱਦੂਕਸ਼ ਕੀਤਾ ਪਿਆ ਸੀ।

    ਪਰ ਉਹ ਨੇਕੇ ਦੀ ਸੱਚੀ-ਸੁੱਚੀ ਮੁਹੱਬਤ ਨੂੰ ਵੀ ਤਿਲਾਂਜਲੀ ਨਹੀਂ ਦੇ ਸਕਦੀ ਸੀ। ਪਰ ਸਭ ਤੋਂ ਵੱਡਾ ‘ਝੋਰਾ’ ਉਸ ਨੂੰ ਇਹ ਲੱਗਿਆ ਹੋਇਆ ਸੀ ਲੋਕ ਉਸ ਨੂੰ ‘ਬਦਕਾਰ’ ਅਤੇ ‘ਬਦਚਲਣ’ ਆਖਣਗੇ! ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਬਦਚਲਣ ਉਹ ਹੁੰਦੀ ਹੈ, ਜੋ ਪੈਸੇ ਅਤੇ ਸੁਆਰਥ ਲਈ ਇੱਜ਼ਤ ਦਾ ਸੌਦਾ ਕਰੇ! ਬਦਚਲਣ ਉਹ ਹੁੰਦੀ ਹੈ, ਜੋ ਇੱਕ ਨਾਲ਼ ਸਬਰ ਨਾ ਕਰ ਸਕੇ ਅਤੇ ਵਾਰ-ਵਾਰ ਬੰਦੇ ਬਦਲਣ ਵਾਲ਼ੀ ਬਿਰਤੀ ਰੱਖੇ! ਬਾਹਰੋਂ ਉਹ ਲੋਕਾਂ ਦੀ ਪ੍ਰਵਾਹ ਨਾ ਕਰਨ ਦਾ ‘ਦਿਖਾਵਾ’ ਕਰ ਰਹੀ ਸੀ, ਜਦ ਕਿ ਅੰਦਰੋ-ਅੰਦਰੀ ਲੋਕਾਂ ਦਾ ਖ਼ੌਫ਼ ਉਸ ਨੂੰ ਜਾੜ੍ਹ ਦੇ ਕੀੜੇ ਵਾਂਗ ਖਾ ਰਿਹਾ ਸੀ!

    -“ਜਿੱਥੇ ਰੱਬ ਲੈ ਚੱਲੂ…!” ਨੇਕੇ ਨੇ ਖੁੱਸਿਆ ਜਿਹਾ ਉੱਤਰ ਦਿੱਤਾ। ਉਸ ਦੇ ਬੋਲਾਂ ਵਿਚ ਨਿਰਾਸ਼ਾ ਪ੍ਰਤੱਖ ਝਲਕੀ ਸੀ।

    ਅਜੇ ਉਹਨਾਂ ਨੇ ਦੁਪਿਹਰ ਦੀ ਰੋਟੀ ਖਾ ਕੇ ਢਿੱਡ ਨੂੰ ਝੁਲਕਾ ਜਿਹਾ ਹੀ ਦਿੱਤਾ ਸੀ ਕਿ ਰੇਲਵੇ ਸਟੇਸ਼ਨ ‘ਤੇ ਘੜਮੱਸ ਮੱਚ ਗਿਆ। ਲੋਕ ਬਾਹਰ ਨਾਹਰੇ ਮਾਰ ਰਹੇ ਸਨ। ਪਰ ਕਿਸੇ ਨੂੰ ਬਹੁਤੀ ਕੋਈ ਸਮਝ ਨਾ ਪਈ। ਪਰ ਪਲ-ਪਲ ਲੋਕਾਂ ਦਾ ਇਕੱਠ ਵਧ ਰਿਹਾ ਸੀ ਅਤੇ ਨਾਹਰੇ ਉੱਚੇ ਹੋ ਰਹੇ ਸਨ। ਲੋਕਾਂ ਦੇ ਹੱਥਾਂ ਵਿਚ ਕੁਛ ਲਿਖ ਕੇ ਫ਼ੜਿਆ ਹੋਇਆ ਸੀ, ਜਿਸ ਨੂੰ ਅੰਗੂਠਾ ਛਾਪ, ਅਨਪੜ੍ਹ ਨੇਕਾ ਪੜ੍ਹ ਨਹੀਂ ਸਕਦਾ ਸੀ।

    -“ਇਹ ਕੀ ਮਾਜਰੈ ਬਾਈ…?” ਨੇਕੇ ਨੇ ਸਟੇਸ਼ਨ ‘ਤੇ ਬੈਠੇ ਨਾਲ਼ ਦੇ ਬੰਦੇ ਨੂੰ ਪੁੱਛਿਆ।

    -“ਦਿੱਲੀ ਵਿਚ ਇੱਕ ਕੁੜੀ ਨਾਲ਼ ਬਲਾਤਕਾਰ ਹੋ ਗਿਆ, ਇਹ ਲੋਕ ਉਹਨਾਂ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਵਿਖਾਵਾ ਕਰਦੇ ਐ…!” ਉਸ ਨੇ ਸੰਖੇਪ ਗੱਲ ਦੱਸੀ।

    -“ਅੱਛਾ…! ਕਦੋਂ ਦੀ ਗੱਲ ਐ…?”

    -“ਰਾਤ ਦੀ ਗੱਲ ਐ…!”

    …ਅਸਲ ਵਿਚ ਸਰਦ ਰਾਤ ਵਿਚ ਰਾਤ ਨੌਂ ਵਜੇ ਮੈਡੀਕਲ ਦੀ ਇੱਕ ਵਿਦਿਆਰਥਣ ਮੀਨਾਂ ਆਪਣੇ ਦੋਸਤ ਨਾਲ਼ ਫ਼ਿਲਮ ਦੇਖ ਕੇ ਆ ਰਹੀ ਸੀ। ਜਦ ਉਹ ਮਾਲ ਸਿਨੇਮਾ ਵਿਚੋਂ ਨਿਕਲ਼ ਬੱਸ ਸਟੈਂਡ ‘ਤੇ ਆ ਕੇ ਬੱਸ ਦੀ ਉਡੀਕ ਵਿਚ ਰੁਕੇ ਤਾਂ ਉਥੇ ਇੱਕ ਕਾਲ਼ੇ ਸ਼ੀਸ਼ਿਆਂ ਵਾਲ਼ੀ ਅਤੇ ਪਰਦੇ ਲੱਗੀ ਬੱਸ ਆ ਕੇ ਰੁਕੀ ਅਤੇ ਦੋਨੋਂ ਉਸ ਵਿਚ ਚੜ੍ਹ ਗਏ।

    -“ਕਹਾਂ ਜਾਨਾ ਹੈ…?” ਇੱਕ ਸਤਮਾਂਹੇਂ ਜਿਹੇ ਡਰਾਈਵਰ ਨੇ ਮੀਨਾਂ ਦੇ ਸਰੀਰ ਦੀ ਨਸ਼ਈ ਅੱਖਾਂ ਨਾਲ਼ ਤਲਾਸ਼ੀ ਲੈਂਦਿਆਂ ਪੁੱਛਿਆ।

    -“ਸਫ਼ਦਰਜੰਗ਼…!” ਮੀਨਾਂ ਦੇ ਦੋਸਤ ਨੇ ਵੀਹ ਦਾ ਨੋਟ ਅੱਗੇ ਕਰਦਿਆਂ ਉੱਤਰ ਦਿੱਤਾ ਤਾਂ ਡਰਾਈਵਰ ਨੇ ਦੋ ਟਿਕਟਾਂ ਕੱਟ ਕੇ ਉਸ ਦੇ ਹੱਥ ਫ਼ੜਾ ਦਿੱਤੀਆਂ ਅਤੇ ਬੱਸ ਤੋਰ ਲਈ।

    ਬੱਸ ਵਿਚ ਕੁੱਲ ਛੇ ਮਰਦਾਨਾ ਸਵਾਰੀਆਂ ਹੀ ਸਨ।

    ਮੀਨਾਂ ਅਤੇ ਉਸ ਦਾ ਦੋਸਤ ਵੀ ਸੀਟਾਂ ਮੱਲ ਕੇ ਬੈਠ ਗਏ।

    ਅਜੇ ਬੱਸ ਪੰਦਰਾਂ ਕੁ ਮਿੰਟ ਹੀ ਚੱਲੀ ਸੀ ਕਿ ਬੱਸ ਵਿਚ ਬੈਠੇ ਨੌਜਵਾਨਾਂ ਨੇ ਮੀਨਾਂ ਨਾਲ਼ ਪਹਿਲਾਂ ਛੇੜਛਾੜ ਅਤੇ ਫ਼ਿਰ ਬਦਸਲੂਕੀ ਸ਼ੁਰੂ ਕਰ ਦਿੱਤੀ।

    -“ਕੈਸੀ ਰਾਂਡ ਏ ਯਾਰ…!” ਇੱਕ ਕਰੂਪ ਜਿਹੇ ਚਿਹਰੇ ਵਾਲ਼ਾ ਬੋਲਿਆ।

    -“ਕੈਸਾ ਬੋਲ ਰਹੇ ਓ ਜਨਾਬ…!” ਮੀਨਾਂ ਦਾ ਦੋਸਤ ਬੋਲਿਆ।

    -“ਮੈਂ ਜੈਸਾ ਚਾਹੂੰ, ਵੈਸਾ ਬੋਲੂੰਗਾ, ਤੂਨੇ ਕਿਆ ਲੇਨਾ ਹੈ ਰੇ…?”

    -“ਆਪ ਕੇ ਘਰ ਕੋਈ ਮਾਂ-ਬਹਿਨ ਨਹੀਂ…?” ਮੀਨਾਂ ਦਾ ਦੋਸਤ ਵੱਟ ਖਾ ਗਿਆ।

    -“ਮੇਰੇ ਘਰ ਮਾਂ-ਬਹਿਨ…? ਤੂ ਪੂਛਨੇ ਵਾਲਾ ਕੌਨ ਹੈ ਰੇ, ਹਰਾਮਜ਼ਾਦੇ…?” ਉਸ ਨੇ ਮੀਨਾਂ ਦੇ ਦੋਸਤ ਦੇ ਸਿਰ ਵਿਚ ਲੋਹੇ ਦੀ ਰਾਡ ਦਾ ਵਾਰ ਕੀਤਾ ਤਾਂ ਉਹ ਇੱਕ ਪਾਸੇ ਹੋ ਕੇ ਆਪਣਾ ਬਚਾਓ ਕਰ ਗਿਆ। ਲੋਹੇ ਦੀ ਰਾਡ ਸ਼ੀਸ਼ੇ ਵਿਚ ਵੱਜੀ ਅਤੇ ਸ਼ੀਸ਼ਾ ਬੁਰੀ ਤਰ੍ਹਾਂ ਚਕਨਾਚੂਰ ਹੋ ਕੇ ਖਿਲਰ ਗਿਆ। ਮੀਨਾਂ ਇਸ ਹਿਮਾਕਤੀ ਧਾਵੇ ਨੂੰ ਦੇਖ ਕੇ ਸੁੰਨ ਰਹਿ ਗਈ ਅਤੇ ਕੁਕੜੀ ਵਾਂਗ ਸੁੰਗੜ ਕੇ ਇੱਕ ਪਾਸੇ ਲੱਗ ਕੇ ਖੜ੍ਹ ਗਈ। ਉਹ ਉਸ ਗੁੰਡੇ ਦਾ ਸਲੂਕ ਦੇਖ ਕੇ ਘਬਰਾ ਹੀ ਐਨਾਂ ਗਈ ਸੀ ਕਿ ਉਸ ਨੂੰ ਕੁਝ ਸੁੱਝ ਹੀ ਨਹੀਂ ਸੀ ਰਿਹਾ ਅਤੇ ਉਸ ਦਾ ਸਰੀਰ ‘ਥਰ-ਥਰ’ ਕੰਬੀ ਜਾ ਰਿਹਾ ਸੀ। ਮੀਨਾਂ ਅਤੇ ਉਸ ਦੇ ਦੋਸਤ ਦੀ ਹੈਰਾਨੀ ਦੀ ਹੱਦ ਤਾਂ ਓਦੋਂ ਸਿਖਰ ਪਾਰ ਕਰ ਗਈ, ਜਦ ਉਸ ਨੇ ਦੇਖਿਆ ਕਿ ਬਾਕੀ ਦੇ ਬੰਦੇ ਵੀ ਉਸ ਲੋਹੇ ਦੀ ਰਾਡ ਵਾਲ਼ੇ ਗੁੰਡੇ ਦੀ ਹਮਾਇਤ ਵਿਚ ਆ ਖੜ੍ਹੇ ਹੋਏ।

    -“ਅਬ ਬੋਲ ਅਰੇ ਬਹਨ ਚੋਦ…? ਤੂ ਗੱਬਰ ਸਿੰਘ ਬਨਤਾ ਹੈ ਨ੍ਹਾਂ…? ਅਬ ਬੋਲ਼…?” ਉਹਨਾਂ ਨੇ ਰਲ਼ ਕੇ ਮੀਨਾਂ ਦੇ ਦੋਸਤ ਨੂੰ ਮੁੰਜ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ।

    ਮੀਨਾਂ ਨੇ ਬੁਰੀ ਤਰ੍ਹਾਂ ਚੀਕ ਰਹੀ ਸੀ।

    -“ਅਰੇ ਭਾਈ ਸਾਹਿਬ ਕੁਛ ਕੀਜੀਏ…! ਵੋਹ ਮੇਰੇ ਦੋਸਤ ਕੋ ਰੌਡ ਸੇ ਮਾਰ ਰਹੇ ਹੈਂ…! ਵੋ ਉਸ ਕੋ ਮਾਰ ਡਾਲੇਂਗੇ…! ਕੁਛ ਕੀਜੀਏ, ਪਲੀਜ਼…! ਗਾੜੀ ਰੋਕੀਏ ਔਰ ਪੁਲੀਸ ਕੋ ਬੁਲਾਈਏ…!” ਉਹ ਡਰਾਈਵਰ ਕੋਲ਼ ਖੜ੍ਹੀ ਵਿਰਲਾਪ ਕਰ ਰਹੀ ਸੀ।

    -“ਅਗਰ ਆਪ ਹਮਾਰੀ ਬਾਤ ਮਾਨੋਗੀ ਤੋ ਆਪ ਕੋ ਕੁਛ ਨਹੀਂ ਹੋ’ਗਾ…!” ਜੱਜ ਬਣੇ ਡਰਾਈਵਰ ਨੇ ਬੜੇ ਰਹੱਸਮਈ ਤਰੀਕੇ ਨਾਲ਼ ਆਖਿਆ ਤਾਂ ਮੀਨਾਂ ਦੇ ਸਾਹ ਦਿਮਾਗ ਨੂੰ ਚੜ੍ਹ ਗਏ। ਉਸ ਨੂੰ ਹੁਣ ਮਹਿਸੂਸ ਨਹੀਂ, ਪ੍ਰਪੱਕ ਯਕੀਨ ਹੋ ਗਿਆ ਸੀ ਕਿ ਉਹ ਦੋਨੋਂ ਕਿਸੇ ਖ਼ਤਰਨਾਕ ਗਰੋਹ ਦੇ ਧੱਕੇ ਚੜ੍ਹ ਗਏ ਸਨ, ਜਿੱਥੇ ਅੱਜ ਖ਼ੈਰ ਨਹੀਂ ਸੀ। ਬੱਸ ਦੇ ਸ਼ੀਸ਼ੇ ਕਾਲ਼ੇ ਸਨ। ਅੰਦਰ ਦੀਆਂ ਲਾਈਟਾਂ ਬੰਦ ਹੋਣ ਕਾਰਨ ਬਾਹਰੋਂ ਅੰਦਰ ਕੁਛ ਦਿਸਣਾ ਮੁਸ਼ਕਿਲ ਹੀ ਨਹੀਂ, ਅਸੰਭਿਵ ਸੀ ਅਤੇ ਪਿਛਲੇ ਸ਼ੀਸ਼ੇ ‘ਤੇ ਪਰਦੇ ਲੱਗੇ ਹੋਏ ਸਨ।

    ਗਰੋਹ ਦੇ ਗੁੰਡਿਆਂ ਨੇ ਮੀਨਾਂ ਦੇ ਦੋਸਤ ਨੂੰ ਲਹੂ-ਲੁਹਾਣ ਕਰ ਕੇ ਇੱਕ ਪਾਸੇ ਸੁੱਟ ਦਿੱਤਾ।

    ਉਹ ਬੁਰੀ ਤਰ੍ਹਾਂ ਫ਼ੱਟੜ ਹੋਇਆ, ਬੇਹੋਸ਼ ਪਿਆ ਸੀ।

    -“ਅਰੇ ਭਾਈ ਸਾਹਿਬ, ਬੱਸ ਰੋਕੀਏ ਪਲੀਜ਼, ਇਸ ਕੋ ਡਾਕਟਰੀ ਸਹਾਇਤਾ ਕੀ ਜ਼ਰੂਰਤ ਹੈ, ਨਹੀਂ ਤੋ ਯੇਹ ਮਰ ਜਾਏਗਾ…! ਮੈਂ ਮੈਡੀਕਲ ਕੀ ਸਟੂਡੈਂਟ ਹੂੰ…!” ਮੀਨਾਂ ਘਬਰਾਈ ਚੀਕ ਚਿਹਾੜਾ ਪਾ ਰਹੀ ਸੀ।

    -“ਅੱਛਾ…? ਆਪ ਮੈਡੀਕਲ ਸਟੂਡੈਂਟ ਹੈਂ…? ਤੋ ਲੀਜੀਏ, ਪਲੀਜ਼ ਮੇਰਾ ਇਲਾਜ਼ ਕੀਜੀਏ…!” ਉਹ ਬਦਕਾਰ ਬੰਦਾ ਆਪਣੀ ਪੈਂਟ ਖੋਲ੍ਹ ਕੇ, ਮੀਨਾਂ ਅੱਗੇ ਖੜ੍ਹ ਗਿਆ ਤਾਂ ਬਾਕੀ ਸਾਰੇ ਜਿੰਨ ਵਾਂਗ ਹੱਸੇ।

    -“ਕਮਜ਼ਾਤ ਸਾਲੀ…! ਮੈਡੀਕਲ ਕਾ ਡਰਾਵਾ ਦੇਤੀ ਹੈ…? ਇਧਰ ਆਓ…!” ਦੂਜੇ ਨੇ ਜ਼ਾਲਮਾਨਾ ਤਰੀਕੇ ਨਾਲ਼ ਵਾਲ਼ਾਂ ਤੋਂ ਫ਼ੜ ਕੇ ਮੀਨਾਂ ਨੂੰ ਬੱਕਰੇ ਵਾਂਗ ਢਾਹ ਲਿਆ ਅਤੇ ਕੱਪੜੇ ਪਾੜ ਕੇ ਦੂਰ ਸੁੱਟ ਦਿੱਤੇ।

    ਜਦ ਸਤੀ-ਸਵਿੱਤਰੀ ਮੀਨਾਂ ਦੀ ਭਿਆਨਕ ਚੀਕ ਨਿਕਲ਼ੀ ਤਾਂ ਬਾਕੀ ਗੁੰਡਿਆਂ ਦਾ ਪਸ਼ੂ-ਬਿਰਤੀ ਹਾਸਾ

    ਹੋਰ ਵੀ ਉੱਚਾ ਹੋ ਗਿਆ, “ਲੋ, ਇਸ ਕੀ ਤੋ ਸੁਹਾਗ ਰਾਤ ਹੋ ਗਈ…!” ਕੁੜੀ ਦੇ ਅੰਦਰੋਂ ਖ਼ੂਨ ਦਾ ਫ਼ੁਆਰਾ ਇੱਕ ਦਮ ਖ਼ਾਲ਼ ਬਣ ਵਹਿ ਤੁਰਿਆ ਸੀ। ਗੁੰਡਾ ਗਰੋਹ ਦਾਰੂ ਪੀਂਦਾ, ਚੀਕ ਚਿਹਾੜਾ ਪਾਉਂਦਾ ਹੱਸ ਰਿਹਾ ਸੀ।

    ਮੀਨਾਂ ਖ਼ੂਨ ਨਾਲ਼ ਲੱਥ-ਪੱਥ ਸੀ।

    ਨਿਰਬਲ ਅਤੇ ਬੇਵੱਸ ਚੀਕਦੀ ਮੀਨਾਂ ਡਰਾਈਵਰ ਨੂੰ ਮੱਦਦ ਲਈ ਹਾਕਾਂ ਮਾਰ ਰਹੀ ਸੀ। ਪਰ ਉਸ ਅਬਲਾ ਦੀ ਸੁਣਨੀ ਕਿਸ ਨੇ ਸੀ…? ਕਿਸ ਨੇ ਬਹੁੜਨਾ ਸੀ…?

    ਕਾਰੇ ਵਾਲ਼ੀ ਬੱਸ ਦਿੱਲੀ ਦੀਆਂ ਸੜਕਾਂ ‘ਤੇ ਸ਼ਰੇਆਮ ਘੁੰਮ ਰਹੀ ਸੀ, ਜਿਸ ਵਿਚ ਇੱਕ ਸਤੀ-ਸਵਿੱਤਰੀ ਕੁੜੀ ਨੂੰ ਚਾਰ ਦਰਿੰਦਿਆਂ ਵੱਲੋਂ ਬੱਕਰੇ ਵਾਂਗ ‘ਕੋਹਿਆ’ ਜਾ ਰਿਹਾ ਸੀ।

    ਚਾਰ ਬੰਦਿਆਂ ਵੱਲੋਂ ਉਸ ਨੂੰ ਕਰੀਬ ਦੋ ਘੰਟੇ ‘ਹਲਾਲ’ ਕੀਤਾ ਜਾਂਦਾ ਰਿਹਾ। ਕਿਣਕਾ-ਕਿਣਕਾ ਜ਼ਿਬਾਹ ਕਰਨ ਤੋਂ ਬਾਅਦ ਇੱਕ ਹੈਵਾਨ ਬਿਰਤੀ ਵਾਲ਼ੇ ਦੈਂਤ ਨੇ ਕੁੜੀ ਦੇ ਅੰਦਰ ਲੋਹੇ ਦੀ ਰਾਡ ਬੜੀ ਬੇਕਿਰਕੀ ਨਾਲ਼ ਫੇਰੀ।

    ਕੁੜੀ ਦੀ ਹਾਲਤ ਮੁਰਦਾ ਹੋ ਚੁੱਕੀ ਸੀ।

    ਉਸ ਅੰਦਰੋਂ ਖ਼ੂਨ ਤੁਪਕਾ-ਤੁਪਕਾ ਬਣ ਡੁੱਲ੍ਹ ਗਿਆ ਸੀ।

    ਜਾਨਵਰਾਂ ਵਾਂਗ ਬਲਾਤਕਾਰ ਕਰਨ ਅਤੇ ਕੁੜੀ ਅੰਦਰ ਰਾਡ ਫੇਰਨ ਤੋਂ ਬਾਅਦ ਗੁੰਡਿਆਂ ਨੇ ਮੀਨਾਂ ਅਤੇ ਉਸ ਦੇ ਦੋਸਤ ਨੂੰ ਅਰਧ ਨਗਨ ਹਾਲਤ ‘ਚ ਸ਼ਰੇਆਮ ਸੜਕ ‘ਤੇ ਸੁੱਟ ਦਿੱਤਾ। ਸੜਕ ‘ਤੇ ਸੁੱਟਣ ਤੋਂ ਪਹਿਲਾਂ ਉਹਨਾਂ ਨੇ ਬੱਸ ਨੂੰ ਤਿੰਨ ਵਾਰ ‘ਫ਼ਲਾਈ-ਓਵਰ’ ‘ਤੇ ਘੁੰਮਾਇਆ ਸੀ।

    ਲੋਕ ਉਹਨਾਂ ਨੂੰ ਜ਼ਖ਼ਮੀ ਹੋਇਆਂ ਨੂੰ ਦੇਖ-ਦੇਖ ਲੰਘ ਰਹੇ ਸਨ, ਪਰ ਕਿਸੇ ਨੇ ਉਹਨਾਂ ਦੀ ਮੱਦਦ ਕਰਨ ਦੀ ਹਿੰਮਤ ਤੱਕ ਨਹੀਂ ਕੀਤੀ ਸੀ।

    ਵਾਰ-ਵਾਰ ਪੁਲੀਸ ਨੂੰ ਫ਼ੋਨ ਕਰਨ Ḕਤੇ ਲੱਗਭਗ ਅੱਧੀ ਰਾਤ ਨੂੰ ਪੁਲੀਸ ਬਹੁੜੀ ਅਤੇ ਲਹੂ ਨਾਲ਼ ਗੜੁੱਚ ਕੁੜੀ ਅਤੇ ਉਸ ਦੇ ਦੋਸਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਚਾਰ ਘੰਟੇ ਲਾ ਕੇ ਮੀਨਾਂ ਦੇ ਪੇਟ ਦੀ ‘ਸਰਜਰੀ’ ਕੀਤੀ। ਅੰਦਰ ਰਾਡ ਫੇਰਨ ਕਾਰਨ ਉਸ ਦੀਆਂ ਅੰਤੜੀਆਂ, ਖ਼ੂਨ ਦੀਆਂ ਨਾੜੀਆਂ ਅਤੇ ਗੁਪਤ ਅੰਗ ‘ਤੇ ਡੂੰਘੇ ਘਾਓ ਸਨ। ਇਸ ਡੂੰਘੇ ਸਦਮੇਂ ਕਾਰਨ ਉਹ ਤਣਾਓ ਵਿਚ ਸੀ ਅਤੇ ਡਾਕਟਰਾਂ ਨੇ ਉਸ ਨੂੰ ‘ਵੈਂਟੀਲੇਟਰ’ ‘ਤੇ ਰੱਖਿਆ ਹੋਇਆ ਸੀ।

    -“ਮੈਂ ਬੀਸ ਸਾਲ ਸੇ ਡਾਕਟਰੀ ਕਿੱਤੇ ਮੇ ਹੂੰ, ਲੇਕਿਨ ਇਨ ਬੀਸ ਸਾਲੋਂ ਮੇ ਐਸਾ ਵਹਿਸ਼ੀ ਕੇਸ ਕਭੀ ਨਹੀਂ ਦੇਖਾ…!” ਵੱਡਾ ਡਾਕਟਰ ਨਾਲ਼ ਦੇ ਡਾਕਟਰ ਨੂੰ ਆਖ ਰਿਹਾ ਸੀ।

    -“ਡਾਕਟਰ ਸਾਹਿਬ, ਦਿੱਲੀ ਦੇਸ਼ ਕੀ ਰਾਜਧਾਨੀ ਹੋਨੇ ਕੇ ਇਲਾਵਾ ਯਹਾਂ ਦੁਨੀਆਂ ਕੇ ਕਿਤਨੇ ਦੇਸ਼ੋਂ ਕੇ ਦੂਤਘਰ ਹੈਂ, ਔਰ ਬੜੇ ਬੜੇ ਦਫ਼ਤਰੋਂ ਕਾ ਕੇਂਦਰ ਹੋਨੇ ਕੇ ਕਾਰਨ ਯਹਾਂ ਕੇ ਸੁਰੱਖਿਆ ਪ੍ਰਬੰਧ ਚਾਕ-ਚੌਬੰਧ ਹੋਨੇ ਕੀ ਆਸ ਕੀ ਜਾਤੀ ਹੈ, ਲੇਕਿਨ ਬਾਜ਼ੀ ਉਸ ਕੇ ਬਿਲਕੁਲ ਉਲਟ ਹੈ…! ਜਿਤਨ ਕਰਾਈਮ ਦਿੱਲੀ ਮੇਂ ਹੈ, ਸ਼ਾਇਦ ਹੀ ਕਹੀਂ ਹੋ…?” ਦੂਜਾ ਡਾਕਟਰ ਬੋਲਿਆ ਤਾਂ ਦੋਨਾਂ ਕੋਲ਼ ਨਿਰਾਸ਼ਾ ਵਿਚ ਸਿਰ ਹਿਲਾਉਣ ਤੋਂ ਬਿਨਾ ਕੋਈ ਚਾਰਾ

    ਨਹੀਂ ਸੀ।

    ਪੂਰੀ ਦਿੱਲੀ ਹੀ ਨਹੀਂ, ਪੂਰੇ ਹਿੰਦੋਸਤਾਨ ਵਿਚ ਹੰਗਾਮਾਂ ਮੱਚ ਗਿਆ ਸੀ ਅਤੇ ਇਸ ਕੇਸ ਦੀ ਚਰਚਾ ਪੂਰੀ ਦੁਨੀਆਂ ਵਿਚ ਹੋਈ ਸੀ। ਜਨਤਾ ਟਿੱਡੀ ਦਲ ਵਾਂਗ ਸੜਕਾਂ ‘ਤੇ ਉਤਰ ਆਈ ਸੀ ਅਤੇ ਪ੍ਰਸ਼ਾਸਨ ਖ਼ਿਲਾਫ਼ ਵਿਖਾਵੇ ਸ਼ੁਰੂ ਹੋ ਗਏ ਸਨ।

    ਚਾਹੇ ਬਿਨਾ ਦੇਰੀ ਕੀਤਿਆਂ ਚਾਰੇ ਵਹਿਸ਼ੀ ਬਲਾਤਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਚਾਰ ਕੁਤਾਹੀ ਕਰਨ ਵਾਲ਼ੇ ਪੁਲੀਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪਰ ਜਨਤਾ ਇਹ ਮੰਗ ਕਰ ਰਹੀ ਸੀ ਕਿ ਬਿਨਾਂ ਦੇਰੀ ਕੀਤਿਆਂ ਦੋਸ਼ੀਆਂ ‘ਤੇ ‘ਫ਼ਾਸਟ ਟਰੈਕ ਕੋਰਟ’ ‘ਚ ਕੇਸ ਚਲਾਇਆ ਜਾਵੇ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ‘ਸਖ਼ਤ’ ਸਜ਼ਾ ਦਿੱਤੀ ਜਾਵੇ। ਕੁਝ ਤਾਂ ਇਸ ਵਹਿਸ਼ੀ ਬਲਾਤਕਾਰ ਦੇ ਦੋਸ਼ੀਆਂ ਲਈ ਫ਼ਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਸਨ। ਪਾਰਲੀਮੈਂਟ ਨੇ ਇੱਕ-ਜੁੱਟ ਹੋ ਕੇ ਸਮੂਹਿਕ ਬਲਾਤਕਾਰ ਦੀ ਘਟਨਾ ‘ਤੇ ਅਫ਼ਸੋਸ ਕੀਤਾ ਅਤੇ ਰੋਸ ਪ੍ਰਗਟਾਇਆ ਸੀ, ਜਦ ਕਿ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਅਤੇ ਇਸ ਘਟਨਾ ਦੇ ਮੁਕੱਦਮੇ ਲਈ ਫ਼ਾਸਟ ਟਰੈਕ ਕੋਰਟ ਕਾਇਮ ਕਰਨ ਅਤੇ ਕੁਤਾਹੀ ਵਰਤਣ ਵਾਲ਼ੇ ਪੁਲੀਸ ਕਰਮੀਆਂ ਖ਼ਿਲਾਫ਼ ਢੁਕਵੀਂ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ!

    ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਮੈਂਬਰਾਂ ਨੇ ਕੌਮੀ ਰਾਜਧਾਨੀ ਵਿਚ ਬਲਾਤਕਾਰ ਦੀਆਂ ਘਟਨਾਵਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਕੁਝ ਮੈਂਬਰਾਂ ਨੇ ਅਜਿਹੇ ਅਪਰਾਧ ਕਰਨ ਵਾਲ਼ਿਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਵੀ ਰੱਖੀ। ਹਾਲਾਂ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਮੈਂਬਰਾਂ ਦੇ ਵਿਚਾਰਾਂ ਨਾਲ਼ ਸਹਿਮਤੀ ਪ੍ਰਗਟ ਕਰਦਿਆਂ ਰਾਜਧਾਨੀ ਵਿਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਪੁਲੀਸ ਦੀ ਗਸ਼ਤ ਵਧਾਉਣ ਜਿਹੇ ਕਦਮ ਚੁੱਕਣ ਦਾ ਐਲਾਨ ਕਰ ਕਰ ਦਿੱਤਾ ਸੀ।

    -“ਕਿੱਥੋਂ ਆਏ ਐਂ, ਭਾਊ…?” ਇੱਕ ਪੰਜਾਬੀ ਬੰਦਾ ਆ ਕੇ ਨੇਕੇ ਕੋਲ਼ ਬੈਠ ਗਿਆ।

    -“ਪੰਜਾਬ ਤੋਂ…!”

    -“ਕਿਹੜਾ ਜਿਲ੍ਹਾ…?”

    -“ਜਿਲ੍ਹਾ ਮੋਗਾ…! ਤੇ ਥੋਡਾ…?”

    -“ਉੱਤਰਾਂ ਤੇ ਮੈਂ ਅੰਬਰਸਰੀਆ ਵਾਂ, ਪਰ ਰਿਹਾ ਦਿੱਲੀ ‘ਚ ਈ ਆਂ ਬਹੁਤਾ…!”

    -“ਹੁਣ ਕਿੱਧਰ ਨੂੰ…? ਅੰਬਰਸਰ ਨੂੰ…?”

    -“ਜਾਣਾ ਤਾਂ ਅੰਬਰਸਰ ਈ ਏ, ਪਰ ਟਰੇਨ ਆਊ ਤਦ ਜਾਵਾਂਗੇ ਨ੍ਹਾਂ…?” ਉਹ ਦੁਖੀਆਂ ਵਾਂਗ ਬੋਲਿਆ।

    -“ਇਹ ਵੀ ਠੀਕ ਐ…!”

    -“ਮੈਨੂੰ ਇੱਕ ਗੱਲ ਦੀ ਸਮਝ ਨਹੀਂ ਜੇ ਆਈ, ਭਾਅ…!”

    -“ਕਿਹੜੀ ਦੀ…?”

    -“ਹਿੰਦੋਸਤਾਨ ਦਾ ਸਾਲ਼ਾ ਕਾਨੂੰਨ ਈ ਕੁੱਤਾ ਜੇ…!”

    -“ਉਹ ਕਿਵੇਂ…?”

    -“ਗੱਲ ਇਹ ਨਹੀਂ ਕਿ ਮੈਨੂੰ ਏਸ ਬਲਾਤਕਾਰ ਹੋਈ ਲੜਕੀ ਨਾਲ਼ ਹਮਦਰਦੀ ਨਹੀਂ ਜੇ, ਬਹੁਤ ਹਮਦਰਦੀ ਜੇ ਏਸ ਬੱਚੀ ਨਾਲ਼…! ਉਸ ਬੀਬੀ ਦੇ ਪ੍ਰੀਵਾਰ ਨਾਲ਼ ਵੀ ਡਾਢੀ ਹਮਦਰਦੀ ਜੇ…! ਜੇ ਏਸ ਦੇ ਬਲਾਤਕਾਰੀ ਮੈਨੂੰ ਦੇ ਦੇਣ, ਮੈਂ ਉੱਤਰਾਂ ਈ ਕੱਚੇ ਪਿਆ ਚਬਾ ਜਾਵਾਂ..! ਪਰ ਗੱਲ ਅਸਲ ਭਾਅ ਇਹ ਜੇ, ਕਿ ਅੱਜ ਇੱਕ ਬੱਚੀ ਨਾਲ ਦਿੱਲੀ ਵਿਚ ਬਲਾਤਕਾਰ ਹੋਇਆ ਤੇ ਸਾਰੇ ਹਿੰਦੋਸਤਾਨ ਨੇ ਮੁੜ ਪੜਛੱਤੀ ਸਿਰ ‘ਤੇ ਚੁੱਕ ਲਈ, ਥਾਂ-ਥਾਂ, ਜਗਾਹ-ਜਗਾਹ ਮੁਜ਼ਾਹਰੇ ਪਏ ਹੋ ਰਹੇ ਨੇ…! ਅੱਗਾਂ ਪਈਆਂ ਲੱਗ ਰਹੀਆਂ ਨੇ ਤੇ ਭੰਨ ਤੋੜ ਕੀਤੀ ਜਾ ਰਹੀ ਏ…! ਸੰਤਰੀ ਤੋਂ ਲੈ ਕੇ ਮੰਤਰੀ ਤੱਕ ਅਫ਼ਸੋਸ ਜਤਾ ਰਹੇ ਨੇ…!”

    -“ਦੇਖ’ਲਾ…!”

    -“ਪਰ ਦੇਸ਼ ਦੀ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ, 1984 ‘ਚ ਸਿੱਖਾਂ ਦੀਆਂ ਸੈਂਕੜੇ ਬੱਚੀਆਂ ਦੇ ਬਲਾਤਕਾਰ ਪਏ ਹੋਏ, ਕਿਸੇ ਨੇ ਅੱਜ ਤੱਕ ਇੱਕ ਹੰਝੂ ਨਹੀਂ ਜੇ ਕੇਰਿਆ, ਵਿਖਾਵਾ ਜਾਂ ਸਿਆਪਾ ਤਾਂ ਕੀ ਕਰਨਾ ਸੀ, ਇਸ ਗੱਲ ਦਾ ਮੈਨੂੰ ਮੁੜ-ਮੁੜ ਡਾਢਾ ਰੰਜ ਆਈ ਜਾ ਰਿਆ ਏ, ਭਾਅ…!”

    -“ਪੰਜਾਬ ਨੂੰ ਗੱਡੀ ਕਿੰਨੇ ਵਜੇ ਜਾਊ…?” ਨੇਕੇ ਨੇ ਪੁੱਛਿਆ।

    -“ਉੱਤਰਾਂ ਤੇ ਸ਼ਾਮੀ ਛੇ ਵਜੇ ਦਾ ਟਾਈਮ ਈ, ਪਰ ਚੱਲੂ ਪਤਾ ਨੀ ਕਿਹੜੇ ਵਜੇ…? ਦਿੱਲੀ ਦੇ ਹਾਲਾਤ ਤੁਸਾਂ ਦੇਖ ਈ ਲਏ ਨੇ, ਸਾਰਾ ਕੁਛ ਬੰਦ ਪਿਆ ਈ…!” ਭਾਊ ਹੱਸ ਪਿਆ।

    ਨੇਕੇ ਨੇ ਖਿੱਲਰਿਆ ਸਮਾਨ ਬੰਨ੍ਹਣਾਂ ਸ਼ੁਰੂ ਕਰ ਦਿੱਤਾ।

    -“ਚੱਲ, ਤਿਆਰ ਹੋ…!” ਨੇਕੇ ਨੇ ਜੰਗੀਰੋ ਨੂੰ ਕਿਹਾ।

    -“ਕਿਉਂ…? ਹੁਣ ਕਿੱਧਰ ਜਾਣੈ…?”

    -“ਆਪਾਂ ਆਪਣੇ ਪੰਜਾਬ ਨੂੰ ਈ ਕੂਚ ਕਰਨੈ…!”

    -“ਕਿਉਂ…? ਹੁਣ ਐਡੀ ਕੀ ‘ਨ੍ਹੇਰੀ ਆ ਗਈ…? ਕਦੇ ਮਰ ਚਿੜੀਏ, ਕਦੇ ਜਿਉਂ ਚਿੜੀਏ, ਫ਼ੇਰ ਪੰਜਾਬ ਨੂੰ ਮੂੰਹ ਚੱਕ ਲਿਆ…?” ਜੰਗੀਰੋ ਖਿਝੀ ਬੈਠੀ ਸੀ।

    -“ਇਹ ਭੈੜ੍ਹੀ ਦਿੱਲੀ, ਜਿਹੜੀ ਐਨੇ ਲੋਕਾਂ ਨੂੰ ‘ਨਸਾਫ਼ ਨੀ ਦੇ ਸਕੀ, ਓਥੇ ਆਪਾਂ ਨੂੰ ਕਿੱਥੇ ਢੋਰਾ ਦਿਊ…? ਚੱਲ਼..! ਚੰਗਾ, ਤੇ ਚਾਹੇ ਮਾੜੈ, ਪੰਜਾਬ ਤਾਂ ਆਪਣਾ ਪੰਜਾਬ ਈ ਐ…! ਏਥੇ ਨੀ ਰਹਿਣਾ ਕੁਲਿਹਣੀ ਦਿੱਲੀ ‘ਚ…! ਚੱਲ ਕਰ ‘ਕੱਠਾ ਆਪਣਾ ਜੁੱਲੀ ਬਿਸਤਰਾ, ਜੋ ਹੋਊ, ਦੇਖੀ ਜਾਊਗੀ, ਪਰ ਰਹਿਣਾ ਆਬਦੇ ਪੰਜਾਬ ‘ਚ ਈ ਐ…! ਸਿਆਣੇ ਆਖਦੇ ਐ; ਆਬਦਾ ਮਾਰੂ, ਛਾਵੇਂ ਸਿੱਟੂ, ਦਿੱਲੀ ‘ਚ ਆਪਣਾ ਕੌਣ ਐਂ…? ਮਰ ਗਏ ਤਾਂ ਕਿਸੇ ਨੇ ਅੱਖ ਵੀ ਗਿੱਲੀ ਨੀ ਕਰਨੀ, ਕੁੱਤੇ ਮਾਂਗੂੰ ਧੂਹ ਕੇ ਖ਼ਤਾਨੀਂ ਸਿੱਟ ਦੇਣਗੇ, ਸਾਲ਼ੀ ਗਤੀ ਵੀ ਨੀ ਹੋਣੀ…! ਚੱਲ ਤੁਰ, ਪੰਜਾਬ ਈ ਮੁੜ ਚੱਲ, ਦੇਖੀ ਜਾਊ ਜੋ ਹੋਊ, ਕੋਈ ਨੀ ਕੰਧ ਡਿੱਗਦੀ ਉੱਤੇ ਆਪਣੇ…! ਭੈਣ ਕੋਲ਼ ਚੱਲਾਂਗੇ, ਛੋਟੋ ਕੋਲ਼ੇ…! ਜੋ ਸੁਖ ਛੱਜੂ ਦੇ ਚੁਬਾਰੇ, ਓਹ ਬਲਖ ਨਾ ਬੁਖਾਰੇ…! ਚੱਲ ਉਠ ਖੜ੍ਹੀ ਹੋ…!”

    ਜੰਗੀਰੋ ਵੀ ਉਸ ਨੂੰ ਕਮਲ਼ ਜਿਹਾ ਮਾਰਦਾ ਦੇਖ ਉਠ ਖੜ੍ਹੀ।

    -“ਮੈਂ ਪਿਸ਼ਾਬ ਕਰਨੈ…!” ਉਸ ਨੇ ਨੇਕੇ ਦੇ ਕੰਨ ‘ਚ ਕਿਹਾ।

    -“ਮੇਰੇ ਘਰਾਂਆਲ਼ੀ ਨੇ ਛਰਲ੍ਹਾ ਗਜਾਉਣੈ, ਉਹ ਜੁਗਾੜ ਜਿਆ ਕਿੱਥੇ ਐ…?” ਨੇਕੇ ਨੇ ਭਾਊ ਨੂੰ ਪੁੱਛਿਆ।

    -“ਔਹ ਸਾਹਮਣੇ ਬਾਥਰੂਮ ਐਂ, ਭਰਜਾਈ ਜੀ…! ਜਾ ਆਓ…! ਗਜਾਓ ਛਰਲ੍ਹਾ…! ਲਾਓ ਰੰਗ ਭਾਗ਼…!”

    -“ਇਹ ਪਹਿਲੀ ਵਾਰ ਦਿੱਲੀ ਆਈ ਐ, ਚੱਲ ਆਪਾਂ ਨਾਲ਼ ਚੱਲਦੇ ਐਂ ਯਾਰææ!”

    -“ਮੈਂ ਅੰਦਰ ਜਾ ਕੇ ਕੁੱਟ ਖਾਣੀ ਜੇ, ਭਾਅ…? ਇਹ ਭੱਈਏ ਜੇ ਤਾਂ ਚਿੰਬੜ ਵੀ ਤੀਹ-ਪੈਂਤੀ ਜਾਂਦੇ ਜੇ…!”

    -“ਓਏ ਅੰਦਰ ਨੀ ਖਸਮਾਂ…! ਆਪਾਂ ਬਾਹਰ ਖੜ੍ਹ ਜਾਵਾਂਗੇ…!”

    -“ਤੇ ਹੋਰ ਆਪਾਂ ਭਰਜਾਈ ਨੂੰ ਬੱਚੇ ਵਾਂਗ ਸੀਟ੍ਹੀ ਮਾਰ ਕੇ ‘ਸੁੱਸੂ’ ਥੋੜ੍ਹੋ ਕਰਵਾਣਾ ਜੇ…!” ਭਾਊ ਹੱਸ ਪਿਆ।

    ਦੋਨੋ ਜੰਗੀਰੋ ਦੇ ਨਾਲ਼ ਤੁਰ ਪਏ।

    -“ਸਾਡੇ ਇੱਕ ਗੁਆਂਢੀ ਦਾ ਮੁੰਡਾ ਮਾਰਿਆ ਗਿਆ, ਦਿੱਲੀ ਦੰਗਿਆਂ ‘ਚ…!” ਜੰਗੀਰੋ ਦੇ ਅੰਦਰ ਜਾਣ ਤੋਂ ਬਾਅਦ ਭਾਊ ਨੇ ਗੱਲ ਤੋਰੀ।

    -“ਓਹ-ਹੋਅ…!”

    -“ਰੱਬ ਵੱਲੋਂ ਉਹਦਾ ਪਿਉ ਓਦੋਂ ਕਿਤੇ ਪੰਜਾਬ ਕਿਸੇ ਕੰਮ ਗਿਆ ਹੋਇਆ ਸੀ, ਤੇ ਉਹਦਾ ਮੁੰਡਾ ਓਹਦੇ ਬਾਅਦ ਮਾਰਿਆ ਗਿਆ…! ‘ਕੱਲਾ-‘ਕੱਲਾ ਓਹਦਾ ਪੁੱਤ ਸੀ, ਤੇ ਸੀ ਵੀ ਸੋਹਣਾ ਸੁਨੱਖਾ…! ਜਦੋਂ ਉਹਦੇ ਪਿਉ ਨੂੰ ਪਤਾ ਲੱਗਿਆ ਤਾਂ ਭਾਅ ਉਹ ਬੰਦਾ ਕਮਲ਼ਾ ਹੋਣ ਵਾਲ਼ਾ ਹੋ ਗਿਆ, ਉਹ ਕਿਸੇ ਕਾਲਿਜ ‘ਚ ਪ੍ਰੋਫ਼ੈਸਰ ਸੀ, ਤੇ ਓਸ ਨੇ ਇੱਕ ਚਿੱਠੀ ਲਿਖੀ ਸੀ, ਆਪਦੇ ਮਰੇ ਪੁੱਤ ਨੂੰ…! ਸਾਡੇ ਮੁਹੱਲੇ ਵਾਲ਼ਿਆਂ ਨੇ ਉਹ ਚਿੱਠੀ ਫ਼ੋਟੋ ਕਾਪੀ ਕਰ ਕੇ ਵੰਡੀ ਸੀ, ਸ਼ਾਮੀਂ ਤੈਨੂੰ ਗੱਡੀ ‘ਚ ਪੜ੍ਹ ਕੇ ਸੁਣਾਊਂਗਾ, ਪੜ੍ਹ ਕੇ ਮੁੜ ਲੇਰ ਪਈ ਨਿਕਲ਼ਦੀ ਏ ਭਾਅ…! ਐਨਾਂ ਦਰਦ ਉਸ ਚਿੱਠੀ ‘ਚ, ਛੱਡ ਗੱਲ ਦੇਹ…!”

    -“ਦਰਦ ਤਾਂ ਹੋਣਾ ਈ ਐਂ…!”

    ਜੰਗੀਰੋ ਬਾਹਰ ਆ ਗਈ।

    ਆਥਣੇ ਜਦ ਉਹ ਟਰੇਨ ਵਿਚ ਬੈਠੇ ਤਾਂ ਭਾਊ ਨੇ ਚਿੱਠੀ ਨੇਕੇ ਦੇ ਅੱਗੇ ਕਰ ਦਿੱਤੀ।

    ਚਿੱਠੀ ਦੇਖ ਕੇ ਨੇਕਾ ਹੱਸ ਪਿਆ।

    -“ਮੈਂ ਪੜ੍ਹਿਆ ਹੁੰਦਾ ਤਾਂ ਕਿਤੇ ਪਟਵਾਰੀ ਨਾ ਲੱਗਿਆ ਬੈਠਾ ਹੁੰਦਾ…? ਮੇਰੇ ਆਸਤੇ ਤਾਂ ਕਾਲ਼ੇ ਅੱਖਰ ਮੱਝ ਬਰਾਬਰ ਈ ਨੇ, ਭਾਊ..! ਤੂੰ ਈ ਪੜ੍ਹ ਕੇ ਸੁਣਾ ਦੇ ਬਾਈ ਬਣਕੇ…!” ਨੇਕਾ ਹੱਸ ਪਿਆ।

    -“ਲੈ, ਕਿਹੜੀ ਗੱਲ ਈ ਭਾਅ…? ਨ੍ਹੋ ਚਿੰਤਾ…! ਮੈਂ ਸੁਣਾ ਦਿੰਨਾਂ…! ਭਰਜਾਈ ਤੁਸਾਂ ਵੀ ਸੁਣਨਾਂ, ਇੱਕ ਪ੍ਰੋਫ਼ੈਸਰ ਦਾ ਜੁਆਨ ਇਕਲੌਤਾ ਲੜਕਾ ਦਿੱਲੀ ਦੰਗਿਆਂ ‘ਚ ਮਾਰਤਾ ਗਿਆ ਸੀ ਪਾਪੀਆਂ ਨੇ, ਓਸ ਦੇ ਬਾਪ ਨੇ ਉਸ ਮਰੇ ਪੁੱਤਰ ਨੂੰ ਖ਼ਤ ਪਿਆ ਲਿਖਿਆ ਸੀ…! ਧਿਆਨ ਨਾਲ਼ ਸੁਨਣਾ…!” ਤੇ ਭਾਊ ਨੇ ਚਿੱਠੀ ਪੜ੍ਹ ਕੇ ਸੁਣਾਉਣੀ ਸ਼ੁਰੂ ਕਰ ਦਿੱਤੀ।…

    -“ਪਿਆਰੇ ਪੁੱਤਰ ਜੀਤੂ!”

    -“ਘੁੱਟ-ਘੁੱਟ ਕੇ ਪਿਆਰ ਭਰੀ ਗਲਵਕੜੀ!”

    -“ਜਦੋਂ ਤੋਂ ਮੈਂ ਤੈਨੂੰ ਦਿੱਲੀ ਦੰਗਿਆਂ ਵਿਚ ਗੁਆਇਆ ਹੈ, ਪੀੜ ਅਤੇ ਅਵਿਸ਼ਵਾਸ ਮੈਨੂੰ ਦਿਨ ਰਾਤ ਹਲਾਲ ਕਰਦੇ ਹਨ…। ਪਰ ਜ਼ਿੰਦਗੀ ਤਾਂ ਕਿਵੇਂ ਨਾ ਕਿਵੇਂ ਬਸਰ ਕਰਨੀ ਹੀ ਹੋਈ…? ਆਪਣੀ ਇੱਛਾ ‘ਤੇ ਮਰ ਤਾਂ ਬੰਦਾ ਸਕਦਾ ਨਹੀਂ ਅਤੇ ਨਾ ਹੀ ਤੁਰ ਗਿਆਂ ਨਾਲ਼ ਬੰਦਾ ਤੁਰ ਸਕਦਾ ਹੈ। ਘਰ ਵਿਚ ਤੁਰਦਾ ਫ਼ਿਰਦਾ ਜਦੋਂ ਮੈਂ ਤੇਰੀਆਂ ਫੋਟੋ ਤੇ ਕੱਪੜੇ ਦੇਖਦਾ ਹਾਂ ਤਾਂ ਦਿਲ ‘ਚੋਂ ਲਹੂ ਡੁੱਲ੍ਹਣ ਲੱਗਦਾ ਹੈ…। ਅਸਲ ਪੀੜ ਤਾਂ ਮੇਰੇ ਸਿਰ ਨੂੰ ਓਦੋਂ ਚੜ੍ਹਦੀ ਹੈ, ਜਦ ਮੈਂ ਤੇਰਾ ‘ਜਿੰਮ’ ਦੇਖਦਾ ਹਾਂ, ਜਿੱਥੇ ਤੂੰ ਆਪਣਾ ਸਰੀਰ ਕਮਾਉਣ ਅਤੇ ਸੁਡੌਲ ਬਣਾਉਣ ਲਈ ਦਿਨ-ਰਾਤ ਮਿਹਨਤ ਕਰਦਾ ਸੀ…। … ਕਿ ਇਤਨਾਂ ਕੁਝ ਕਰ-ਕਰਾ ਕੇ ਵੀ ਤੂੰ ਕਿੰਨੀ ਜਲਦੀ ‘ਤੁਰ’ ਗਿਆ, ਜਾਂ ਧਾੜਵੀ ਜ਼ਾਲਮਾਂ ਵੱਲੋਂ ‘ਤੋਰ ਦਿੱਤਾ’ ਗਿਆ…। ਓਸ ਤੋਂ ਵੀ ਵੱਡਾ ਸਦਮਾਂ ਮੇਰੇ ਲਈ ਇਹ ਸੀ ਕਿ ਜਦ ਮੈਂ ਤੇਰੇ ਬੜੇ ਸ਼ੌਕ ਨਾਲ਼ ਪਾਲ਼ੇ ਹੋਏ ਦੋ ਕੁੱਤਿਆਂ ਨੂੰ ਘਰੋਂ ਤੋਰਿਆ…। ਮੇਰਾ ਉਹਨਾਂ ਦੋਨਾਂ ਨੂੰ ਘਰੋਂ ਤੋਰਨ ਲਈ ਦਿਲ ਤਾਂ ਨਹੀਂ ਕਰਦਾ ਸੀ, ਪਰ ਮੈਂ ਹੁਣ ਸਿਹਤ ਵੱਲੋਂ ‘ਹਾਰ ਜਾਣ’ ਕਾਰਨ ਉਹਨਾਂ ਦੀ ਦੇਖ-ਭਾਲ਼ ਨਹੀਂ ਕਰ ਸਕਦਾ ਸੀ ਅਤੇ ਉਹ ਵੀ ਮੈਨੂੰ ਤੇਰੇ ਬਿਨਾਂ ਉਦਾਸ-ਉਦਾਸ, ਨਿਰਾਸ਼ ਅਤੇ ਓਦਰੇ ਨਜ਼ਰ ਆਉਂਦੇ ਸਨ…। ਉਹਨਾਂ ਦੀਆਂ ਅੱਖੀਆਂ ਵਿਚ ਅੱਥਰੂ ਮੈਂ ਇੱਕ ਵਾਰ ਨਹੀਂ, ਕਈ ਵਾਰ ਦੇਖੇ ਨੇ…! ਜਦ ਵੀ ਤੇਰੀ ਜੁੱਡੋ-ਕਰਾਟਿਆਂ ਵਿਚ ਜਿੱਤੀ ‘ਬਲੈਕ ਬੈੱਲਟ’ ਦੇਖਦਾ ਹਾਂ ਤਾਂ ਮੇਰੇ ਸੀਨੇ ਵਿਚੋਂ ਪੀੜ ਦਾ ਰੁੱਗ ਭਰਿਆ ਜਾਂਦਾ ਹੈ ਅਤੇ ਆਤਮਾਂ ਲਹੂ-ਲੁਹਾਣ ਹੋ ਜਾਂਦੀ ਹੈ। ਤੇਰੇ ਬਾਝੋਂ ਇਹ ਸਾਰਾ ਕੁਝ ਸੁੰਨਾਂ-ਸੁੰਨਾਂ, ਵੈਰਾਨ ਅਤੇ ਉੱਜੜਿਆ ਜਿਹਾ ਲੱਗਦਾ ਹੈ…।”

    -“ਮੇਰੇ ਪੁੱਤਰ, ਤੈਨੂੰ ਭਲੀ-ਭਾਂਤ ਪਤਾ ਹੈ ਕਿ ਤੇਰਾ ਬਾਪ ਤੈਨੂੰ ਕਿੰਨਾਂ ਪਿਆਰ ਕਰਦਾ ਹੈ, ਤੇ ਤੈਨੂੰ ਇਹ ਵੀ ਪਤਾ ਹੈ ਕਿ ਮੈਂ ਤੈਨੂੰ ਕਦੇ ਵੀ ਇਕੱਲਾ ਅਤੇ ਸੁੰਨਾਂ ਨਹੀਂ ਛੱਡੂੰਗਾ…। ਮੈਂ ਤੇਰੇ ਵਾਲ਼ੇ ਮਾਰਗ ਅਤੇ ਪਗਡੰਡੀ ‘ਤੇ ਹੀ ਚੱਲੂੰਗਾ, ਅਤੇ ਉਤਨੀ ਦੇਰ ਚੱਲੂੰਗਾ, ਜਿੰਨੀ ਦੇਰ ਤੂੰ ਮੈਨੂੰ ਮਿਲ਼ ਨਹੀਂ ਜਾਂਦਾ, ਭਾਵ ਮੈਂ ਆਪਣੀ ਮੌਤ ਦੇ ਦਿਨ, ਦਿਨ-ਬ-ਦਿਨ ਖਿੱਚ ਕੇ ਨਹੀਂ, ਘੜ੍ਹੀਸ ਕੇ ਨਜ਼ਦੀਕ ਕਰ ਰਿਹਾ ਹਾਂ…! ਚਾਹੇ ਆਪਣੇ ਦਿਲ ਵੱਖ-ਵੱਖ ਸਨ, ਪਰ ਧੜਕਦੇ ਤਾਂ ਇੱਕ ਸਾਰ ਹੀ ਸਨ…।”

    -“ਕਿਸੇ ਨੇ ਮੈਨੂੰ ਕਿਹਾ, “ਤੁਹਾਡਾ ਪੁੱਤਰ ਨਹੀਂ ਚਾਹੁੰਦਾ ਹੋਵੇਗਾ ਕਿ ਤੁਸੀਂ ਉਸ ਲਈ ਸਾਰੀ ਜ਼ਿੰਦਗੀ ਗਾਲ਼ ਦੇਵੋਂ, ਜਾਂ ਆਪਣੀ ਜ਼ਿੰਦਗੀ ਦੀ ਬਲੀ ਦੇ ਦੇਵੋਂ…!” ਤੇ ਇਸ ਦੇ ਉੱਤਰ ਵਜੋਂ ਮੈਂ ਕਿਹਾ ਸੀ, “ਇਹ ਕੋਈ ਬਲੀਦਾਨ ਨਹੀਂ ਹੋਊਗਾ, ਇਹ ਇੱਕ ਅਣਖ਼ ਅਤੇ ਮਾਣ, ਅਤੇ ਆਪਣੇ ਪਿਆਰੇ ਪੁੱਤਰ ਨੂੰ ਮਿਲਣ ਦਾ ਇੱਕ ਸਾਰਥਿਕ ਉਪਰਾਲਾ ਹੋਊਗਾ…!” ਮੈਂ ਉਹ ਕੁਝ ਕੀਤਾ, ਜੋ ਮੈਨੂੰ ਕਰਨਾ ਚਾਹੀਦਾ ਸੀ। ਹਾਲਾਂ ਕਿ ਮੈਨੂੰ ਪਤਾ ਸੀ ਕਿ ਮੇਰੀ ਮੌਤ ਨੂੰ ਇੱਕ ਤ੍ਰਾਸਦੀ ਵਜੋਂ ਹੀ ਦੇਖਿਆ ਜਾਵੇਗਾ…।”

    -“ਸਿਰਫ਼ ਮੈਂ ਹੀ ਜਾਣਦਾ ਹਾਂ ਕਿ ਤੇਰੇ ਵਿਛੜਨ ਤੋਂ ਬਾਅਦ ਮੇਰੇ ਕੋਲੋਂ ਕੀ ਕੁਝ ਖੁੱਸ ਗਿਆ ਅਤੇ ਮੇਰਾ ਕੀ ਕੁਝ ਬਰਬਾਦ ਹੋ ਗਿਆ…। ਮੈਨੂੰ ਪਤਾ ਹੈ ਕਿ ਤੂੰ ਕਦੇ ਵੀ ਨਹੀਂ ਚਾਹੁੰਦਾ ਹੋਵੇਂਗਾ ਕਿ ਮੈਂ ਕੋਈ ਮਾੜਾ ਕੰਮ ਕਰਾਂ ਜਾਂ ਆਪਣੀ ਜ਼ਿੰਦਗੀ ਦੀ ਆਹੂਤੀ ਦੇਵਾਂ…। ਚਾਹੇ ਇਸ ਆਹੂਤੀ ਨਾਲ਼ ਮੈਂ ਕੁਝ ਵੀ ਬਦਲ ਨਹੀਂ ਸਕੂੰਗਾ ਅਤੇ ਨਾ ਹੀ ਆਪਣਾ ਘਾਟਾ ਪੂਰਾ ਕਰ ਸਕੂੰਗਾ, ਪਰ ਪੁੱਤਰਾ…! ਇੱਕ ਪਿਤਾ, ਅਤੇ ਪਿਤਾ ਦੀ ਮੁਹੱਬਤ ਵਾਲ਼ਾ ਫ਼ੈਸਲਾ ‘ਮੇਰਾ’ ਹੈ…! ਤੂੰ ਮੇਰਾ ਪਿਆਰਾ-ਪਿਆਰਾ ਪੁੱਤਰ ਹੈਂ, ਜਿਸ ਨੇ ਹਮੇਸ਼ਾ ਚੰਗਾ ਕਰਮ ਹੀ ਕੀਤਾ ਅਤੇ ਇਸ ਲਈ ਤੈਨੂੰ ਮਾਣ-ਸਨਮਾਨ ਮਿਲਣਾ ਚਾਹੀਦਾ ਸੀ, ਨਾ ਕਿ ਰਾਜਨੀਤਕ ਘ੍ਰਿਣਾਂ ਵਿਚ ਤੈਨੂੰ ਖ਼ਤਮ ਕਰ ਦੇਣਾ ਚਾਹੀਦਾ ਸੀ…।”

    -“ਮੈਂ ਤੇਰੇ ਕੋਲ਼ ਓਥੇ ਆਉਂਗਾ, ਜਿੱਥੇ ਹੁਣ ਤੂੰ ਹੈਂ…। ਬਹੁਤ ਜਲਦੀ ਮਿਲੂੰਗਾ ਤੈਨੂੰ…! ਮੈਂ ਖ਼ੁਦ ਤੇਰੇ ਵਾਲ਼ੀ ਪਗਡੰਡੀ ‘ਤੇ ਨਿਕਲੂੰਗਾ ਅਤੇ ਤੇਰੀ ਭਾਲ਼ ਕਰੂੰਗਾ…। ਤੇਰੀ ਖੋਜ ਮੈਂ ਕਦੇ ਵੀ ਨਹੀਂ ਤਿਆਗੂੰਗਾ…। ਤੂੰ ਵੀ ਮੈਨੂੰ ਮਿਲਣ ਲਈ ਜੱਦੋਜਹਿਦ ਕਰ…! ਜੇ ਤੂੰ ਕਿਸੇ ਸਵਰਗ ਵਿਚ ਹੈਂ ਤਾਂ ਠੀਕ ਹੈ, ਪਰ ਜੇ ਇੱਥੇ ਕੋਈ ਸਵਰਗ-ਨਰਕ ਹੈ ਨਹੀਂ, ਅਤੇ ਸਿਰਫ਼ ਜੰਗਲੀਪਣ ਹੈ, ਤਾਂ ਮੈਂ ਓਸ ਜੰਗਲ ਵਿਚ ਵੀ ਜ਼ਰੂਰ ਦਾਖ਼ਲ ਹੋਵਾਂਗਾ, ਜਿੱਥੇ ਤੂੰ ਹੈਂ…।”

    -“ਦੋਵਾਂ ਪਾਸਿਆਂ ਤੋਂ, ਜਿੱਥੇ ਵੀ ਤੂੰ ਜਾਵੇਂਗਾ, ਇਸ ਰਸਤੇ ਜਾਂ ਦੂਜੇ ਰਸਤੇ, ਮੈਂ ਵੀ ਓਸੇ ਰਾਹ ਤੁਰੂੰਗਾ…। ਮੈਂ ਤੈਨੂੰ ਬਹੁਤ ਮੋਹ ਕਰਦਾ ਹਾਂ ਮੇਰੇ ਪੁੱਤਰ…! ਮੈਂ ਬੜੀ ਕੋਮਲਤਾ ਨਾਲ਼ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਮੇਰੀ ਮੱਦਦ ਕਰੇ ਕਿ ਮੈਂ ਛੇਤੀ ਤੇਰੇ ਪਾਸ ਪਹੁੰਚ ਸਕਾਂ…। ਜਿੱਥੇ ਮੈਂ ਤੈਨੂੰ ਮਹਿਸੂਸ ਕਰ ਸਕਾਂ, ਤੇਰੀ ਮੁਸਕੁਰਾਹਟ ਨੂੰ ਮਾਣ ਸਕਾਂ, ਤੈਨੂੰ ਬੋਲਦੇ ਨੂੰ ਸੁਣ ਸਕਾਂ, ਤੇਰੇ ਮੋਢੇ ਨਾਲ਼ ਮੋਢਾ ਜੋੜ ਕੇ ਤੁਰ ਸਕਾਂ ਅਤੇ ਅੱਗੇ ਵਾਂਗ ਤੈਨੂੰ ਘੁੱਟ ਕੇ ਗਲਵਕੜੀ ਵਿਚ ਲੈ ਸਕਾਂ ਅਤੇ ਤੇਰੀ ਘੁੱਟਣ ਦਾ ਨਿੱਘ ਮਾਣ ਸਕਾਂ…! ਪਰ, ਸਭ ਤੋਂ ਪਹਿਲਾਂ ਮੈਂ ਤੈਨੂੰ ਲੱਭਣਾਂ ਹੈ, ਬਾਕੀ ਗੱਲਾਂ ਬਾਅਦ ਦੀਆਂ ਹਨ…। ਤੈਨੂੰ ਬਹੁਤ ਮੋਹ ਕਰਦਾ ਹਾਂ, ਮੇਰੇ ਪੁੱਤਰ…!”

    -“ਲਿਖਤੁਮ – ਤੇਰਾ ਪਿਤਾ…!”

    ….ਖ਼ਤ ਪੜ੍ਹਦੇ ਭਾਊ ਦੀਆਂ ਅੱਖਾਂ ਨਮ ਸਨ ਅਤੇ ਜੰਗੀਰੋ ਇਸ ਖ਼ਤ ਨੂੰ ਸੁਣਦੀ ਰੋ ਰਹੀ ਸੀ। ਉਸ ਦੀਆਂ ਅੱਖਾਂ ਵਿਚੋਂ ਹੰਝੂ ‘ਪਰਲ-ਪਰਲ’ ਚੋਈ ਜਾ ਰਹੇ ਸਨ। ਮਾਹੌਲ ਕਾਫ਼ੀ ਗ਼ਮਗੀਨ ਬਣ ਗਿਆ ਸੀ। ਨੇਕਾ ਵੀ ਮਾਤਮ ਵਿਚ ਉਦਾਸ ਬੈਠਾ ਸੀ।

    -“ਫ਼ੇਰ ਉਹਦਾ ਕੀ ਬਣਿਆਂ…?” ਨੇਕੇ ਨੇ ਸੁਆਲ ਕੀਤਾ।

    -“ਹੋਣਾਂ ਕੀ ਸੀ, ਭਾਅ…?” ਭਾਊ ਨੇ ਲੰਮਾ ਹਾਉਕਾ ਲਿਆ, “ਬਿਮਾਰਾਂ ਵਾਲ਼ੀ ਹਾਲਤ ਤਾਂ ਓਸ ਦੀ ਪਹਿਲਾਂ ਹੀ ਸੀ…! ‘ਕੱਲੇ-‘ਕੱਲੇ ਪੁੱਤ ਨੂੰ ਗੁਆ ਕੇ ਕਮਲ਼ਾ ਹੋਇਆ ਪਿਆ ਸੀ…! ਇੱਕ ਦਿਨ ਦਿਲ ਦਾ ਐਸਾ ਦੌਰਾ ਪਿਆ, ਆਪਣੇ ਪੁੱਤਰ ਕੋਲ ਚਲਾ ਗਿਆ…!” ਤੇ ਭਾਊ ਨੇ ਲੰਮੀ ਚੁੱਪ ਧਾਰ ਲਈ।

    ਇੱਕ ਚੁੱਪ, ਇੱਕ ਵੈਰਾਨ ਉਦਾਸੀ ਛਾ ਗਈ ਸੀ।

    -“ਤੁਸੀਂ ਪੰਜਾਬ ਨੂੰ…? ਕਿਸੇ ਵਿਆਹ-ਸਾਹੇ ‘ਤੇ ਚੱਲੇ ਐਂ…?” ਕਾਫ਼ੀ ਦੇਰ ਬਾਅਦ ਨੇਕੇ ਨੇ ਭਾਊ ਦੀ ਉਦਾਸੀ ਤੋੜਨ ਲਈ ਗੱਲ ਦਾ ਰੁੱਖ ਬਦਲਿਆ।

    -“ਨਹੀਂ ਯਾਰ ਭਾਊ, ਕਾਹਨੂੰ ਵਿਆਹ ‘ਤੇ ਚੱਲਿਐਂ…! ਮੈਂ ਤਾਂ ਆਪਣੇ ਸਾਲੇ ਤੇ ਸਾਲ਼ੇਹਾਰ ਦਾ ਰਾਜ਼ੀਨਾਵਾਂ ਕਰਵਾਉਣ ਚੱਲਿਐਂ…! ਉਹਨਾਂ ‘ਚ ਗੜਬੜੀ ਜੀ ਚੱਲ ਰਹੀ ਏ…!” ਉਸ ਨੇ ਸੱਚੀ ਗੱਲ ਜ਼ਾਹਿਰ ਕੀਤੀ। ਵਲ਼-ਫ਼ੇਰ ਵਾਲ਼ਾ ਭਾਊ ਬਿਲਕੁਲ ਨਹੀਂ ਸੀ। ਸਿੱਧਾ ਸਾਧੂ ਸੁਭਾਅ ਬੰਦਾ ਸੀ।

    -“ਸੁੱਖ ਐ…?” ਭਾਊ ਦੀ ਖਿਝ ਜਿਹੀ ਕਾਰਨ ਨੇਕੇ ਨੂੰ ਹਾਸਾ ਆ ਗਿਆ।

    -“ਸਾਲੇਹਾਰ ਹੈਗੀ ਆ ਉੱਤਰਾਂ ਖੁੱਲ੍ਹੇ ਜੇ ਸੁਭਾਅ ਦੀ, ਠਰਕਣ ਜਿਹੀ…! ਦੰਦੀਆਂ ਜੀਆਂ ਕੱਢ ਕੇ ਅਗਲੇ ਨੂੰ ਖ਼ੁਸ਼ ਕਰਨ ਵਾਲ਼ੀ…! ਤੇ ਤੈਨੂੰ ਪਤੈ ਭਾਅ, ਬਈ ਆਬਦੀ ਤੀਮੀ ਕਿਸੇ ਨਾਲ਼ ਠਰਕ ਭੋਰੇ, ਜਾਂ ਇਸ਼ਕ ਮੁਸ਼ਕ ਦੀ ਬਾਤ ਕਰੇ, ਆਦਮੀ ਕਦੋਂ ਪਿਆ ਜਰਦੈ…?”

    -“ਨਹੀਂ ਜਰਦਾ ਬਾਈ…! ਕੋਈ ਨੀ ਜਰਦਾ…! ਕੋਈ ਦੂਜਾ ਬੰਦਾ ਆਬਦੀ ਤੀਮੀ ਨੂੰ ਬੁਲਾ ਵੀ ਜਾਵੇ, ਤਾਂ ਅਗਲੇ ਦਾ ਮਰਨ ਹੋ ਜਾਂਦੈ..!”

    -“ਮਾੜੇ ਤੋਂ ਮਾੜਾ ਬੰਦਾ ਵੀ ਨੀ ਜਰਦਾ…!”

    -“ਏਸ ਗੱਲ ਨੂੰ ਲੈ ਕੇ ਦੋਨਾਂ ‘ਚ ਪੈ ਗਿਆ ਰੌਲਾ, ਹੋਰ ਤਾਂ ਕਿਸੇ ਦੀ ਮੰਨਦੇ ਨੀ, ਮੇਰੀ ਮੰਨ ਲੈਂਦੇ ਐ…! ਮੈਂ ਸੋਚਿਆ ਕੰਜਰਾਂ ਦਾ ਘਰ ਵਸਦਾ ਰਹੇ, ਰਾਜ਼ੀਨਾਵਾਂ ਕਰਵਾਓ…!”

    -“ਜਰੂਰ ਚਾਹੀਦੈ ਬਾਈ…! ਬੰਦਾ ਈ ਬੰਦੇ ਦੀ ਦਾਰੂ ਐ…!”

    -“ਕਈ ਔਰਤਾਂ ਦਾ ਹੁੰਦੈ ਸੁਭਾਅ, ਜਣੇ-ਖਣੇ ਨਾਲ਼ ਅਟੀ-ਸਟੀ ਲਾਉਣੀ…! ਠਰਕ ਭੋਰਨਾ…!” ਨੇਕੇ ਦੇ ਨਾਲ਼ ਬੈਠੇ ਇੱਕ ਹੋਰ ਬੰਦੇ ਨੇ ਗੱਲ ਵਿਚ ਸਾਂਝ ਪਾਈ।

    -“ਨਹੀਂ ਭਾਊ…! ਨਾਲ਼ੇ ਤਾਂ ਸਹੁਰੀ ਗਲਤੀ ਕਰਦੀ ਐ ਤੇ ਨਾਲ਼ੇ ਫ਼ੇਰ ਮੰਨਦੀ ਵੀ ਨਹੀਂ…!”

    -“ਚੋਰ ਤੇ ਨਾਲ਼ੇ ਚਤਰਾਈ ਆਲ਼ੀ ਗੱਲ ਕਰਦੀ ਐ ਫ਼ੇਰ ਤਾਂ…!”

    -“ਇਹੀ ਗੱਲ ਮਾੜੀ ਐ ਨ੍ਹਾਂ…! ਨਾਲ਼ੇ ਘਤਿੱਤ ਕਰਨੀ ਤੇ ਨਾਲ਼ੇ ਪੈਰਾਂ ‘ਤੇ ਪਾਣੀ ਨਾ ਪੈਣ ਦੇਣਾ…! ਬਰਖ਼ੁਰਦਾਰ ਨੇ ਕਿਸੇ ਨਾਲ਼ ਬਾਤ-ਚੀਤ ਕਰਦੀ ਫ਼ੜ ਲਈ, ਉਹ ਇੱਕੋ ਗੱਲ ਆਖੀ ਜਾਂਦੀ ਐ, ਅਖੇ ਉਹ ਤਾਂ ਮੇਰਾ ਭਰਾ ਐ…! ਪਰ ਮੇਰੇ ਵਾਲ਼ਾ ਸਾਲ਼ਾ ਓਸ ‘ਭਰਾ’ ਨੂੰ ਜਾਣਦਾ ਤੱਕ ਨੀ…!” ਭਾਊ ਨਿਰਾਸ਼ਾ ਜਿਹੀ ਵਿਚ ਵੀ ਹੱਸ ਪਿਆ।

    -“ਭਰਾਵਾਂ ਦੀ ਖ਼ਾਤਰ ਤਾਂ ਸਾਹਿਬਾਂ ਨੇ ਆਪਣੇ ਸਾਹਾਂ ਦਾ ਸਾਂਝੀ, ਮਿਰਜ਼ਾ ਮਰਵਾ ਧਰਿਆ ਸੀ…!” ਓਹੀ ਬੰਦਾ ਫ਼ੇਰ ਬੋਲਿਆ।

    -“ਓਹ ਤਾਂ ਫ਼ੇਰ ਵੀ ਸਕੇ ਭਰਾ ਸੀ, ਨਹੀਂ ਤੁਸੀਂ ਤਾਂ ਆਪ ਸਿਆਣੇ ਐਂ ਬਈ ਹਾਥੀ ਦਾ ਕੱਟਾ ਕੀ ਲੱਗਦਾ ਹੁੰਦੈ…?”

    -“ਨਾਲ਼ੇ ਜਿਹੜਾ ਰੂਹ ਆਤਮਾਂ ਤੋਂ ਭਰਾ ਹੁੰਦੈ, ਓਹਦਾ ਤਾਂ ਦੱਸੇ ਤੋਂ ਬਿਨਾ ਈ ਤਿੰਨ ਮੀਲ ਤੋਂ ਪਤਾ ਲੱਗ ਜਾਂਦੈ, ਬਾਈ…!”

    -“ਔਰਤ ਕੋਲ਼ ਚਾਰ ਵੱਡੇ ਤੇ ਮੁੱਖ ਹਥਿਆਰ ਐ…!” ਓਸੇ ਬੰਦੇ ਨੇ ਗੱਲ ਅੱਗੇ ਤੋਰੀ।

    -“………………..।” ਸੁਆਲੀਆ ਚਿਹਰੇ ਸਾਰਿਆਂ ਨੇ ਉੱਪਰ ਚੁੱਕ ਲਏ।

    ਜੰਗੀਰੋ ਇੱਕ ਪਾਸੇ ਕਬੂਤਰ ਵਾਂਗ ਅੱਖਾਂ ਮੀਟੀ, ਊਂਘੀ ਜਾ ਰਹੀ ਸੀ।

    ਗੱਡੀ ਦੇ ਝੂਟੇ ਉਸ ਨੂੰ ਹੁਲਾਰੇ ਦੇ-ਦੇ ਕੇ ਨੀਂਦ ਲਿਆ ਰਹੇ ਸਨ।

    -“ਓਹ ਹਥਿਆਰ ਕਿਹੜੇ ਨੇ ਜੁਆਨ…? ਸ਼ਾਇਦ ਮੇਰੇ ਰਾਜ਼ੀਨਾਵੇਂ ‘ਚ ਕੰਮ ਆ ਜਾਣ…?” ਭਾਊ ਨੇ ਉੱਤਰ ਮੰਗਿਆ।

    -“ਪਹਿਲਾ ਹਥਿਆਰ ਤਾਂ ਇਹ ਐ ਬਈ ਜੇ ਔਰਤ ਕਿਸੇ ਗ਼ੈਰ ਮਰਦ ਨਾਲ਼ ਗੱਲ-ਬਾਤ ਕਰਦੀ ਫ਼ੜੀ ਜਾਵੇ, ਤਾਂ ਆਪਦੇ ਬੰਦੇ ਨੂੰ ਝੁਠਲਾਉਣ ਲਈ ਜਾਂ ਝੂਠਾ ਪਾਉਣ ਲਈ ਉੱਚੀ-ਉੱਚੀ ਰੌਲ਼ਾ ਪਾ ਕੇ ਦੁਹਾਈ ਦੇਣ ਲੱਗ ਪਊਗੀ, “ਲੈ, ਮੈਂ ਤਾਂ ਓਹਨੂੰ ਆਬਦੇ ਭਰਾਵਾਂ ਵਰਗਾ ਸਮਝਦੀ ਆਂ, ਉਹ ਤਾਂ ਮੈਨੂੰ ਆਬਦੇ ਭਰਾ ਵਰਗਾ ਲੱਗਦੈ, ਤੇ ਤੂੰ ਮੇਰੇ ‘ਤੇ ਆਹ ਦੂਸ਼ਣ ਠੋਕੀ ਜਾਨੈ…?” ਸੁਣ ਕੇ ਅਗਲੇ ਦੀ ਅੱਧੀ ਕੁ ਬੋਲਤੀ ਬੰਦ ਹੋ ਜਾਂਦੀ ਐ…!”

    -“ਪਰ ਭਰਾ ਤੇ ਭਰਾਵਾਂ ਵਰਗਾ ‘ਚ ਤਾਂ ਲੱਖਾਂ ਕੋਹਾਂ ਦਾ ਫ਼ਰਕ ਹੁੰਦੈ, ਬਾਈ…! ਗ਼ੈਰ ਬੰਦਾ ਸ਼ਾਇਦ ‘ਭਰਾਵਾਂ ਵਰਗਾ’ ਹੋ ਸਕਦੈ, ਪਰ ਭਰਾ ਨੀ ਹੋ ਸਕਦਾ…!”

    -“ਆਹੀ, ਹੂ-ਬ-ਹੂ ਗੱਲ ਸਾਡੇ ਵਾਲ਼ੇ ਭਾਊ ਨਾਲ਼ ਬੀਤੀ ਐ…! …ਅਗਲਾ ਹਥਿਆਰ ਕਿਹੜੈ…?”

    -“ਤੇ ਜੇ ਅਗਲੀ ਨੇ ਬੰਦੇ ਦਾ ਮੂੰਹ ਬਿਲਕੁਲ ਬੰਦ ਕਰਨੈ, ਮਤਲਬ ਪੱਕਾ ਈ ਸੀਮੈਂਟ ਦਾ ਥੋਬਾ ਲਾਉਣੈ, ਤਾਂ ਆਪਦੇ ਨਿਆਣੇ ਪੁੱਤ ਦਾ ਵੇਰਵਾ ਦਿਊਗੀ; “ਤੈਨੂੰ ਮੇਰੇ ‘ਤੇ ਸਾਰੀ ਉਮਰ ਇਤਬਾਰ ਨੀ ਆਇਆ, ਉਹ ਤਾਂ ਮੈਨੂੰ ਮੇਰੇ ਦੀਪੂ ਅਰਗੈ…!”

    -“ਪੁੱਛਣਾ ਹੋਵੇ, ਬਈ ਦੀਪੂ ‘ਵਰਗਾ’ ਈ ਐ ਨ੍ਹਾਂ…? ਦੀਪੂ ਤਾਂ ਨ੍ਹੀ…?”

    ਸੁਣ ਕੇ ਨੇਕਾ ਹੱਸ ਪਿਆ।

    -“ਤੀਜਾ ਹਥਿਆਰ ਐ, ਕਹੂਗੀ; ਇਹਦਾ ਮਤਲਬ ਐ ਥੋਨੂੰ ਮੇਰੇ ‘ਤੇ ਵਿਸ਼ਵਾਸ ਨੀ…? ਇਹ ਸੁਣ ਕੇ ਬੰਦਾ ਕੁੜ੍ਹਦਾ-ਮੱਚਦਾ ਚੁੱਪ ਹੋ ਜਾਂਦੈ…! ਤੇ ਉਹ ਵੀ ਏਸ ਕਰ ਕੇ ਚੁੱਪ ਹੁੰਦੈ, ਬਈ ਮੇਰਾ ਘਰ ਵਸਦਾ ਰਹੇ…!”

    -“ਤੇ ਚੌਥਾ ਕਿਹੜੈ…?”

    -“ਚੌਥਾ ਹਥਿਆਰ ਐ, ਹੰਝੂ…!”

    -“ਵਾਹ ਜੀ ਵਾਹ…! ਕਿਆ ਬਾਤਾਂ…!”

    -“ਜਦੋਂ ਸਾਰੇ ਹਥਿਆਰ ਫ਼ੇਲ੍ਹ ਹੋ ਜਾਣ, ਫ਼ੇਰ ਰੋਣ ਲੱਗ ਜਾਊਗੀ…! ਰੋਣਾ ਦੇਖ ਕੇ ਤਾਂ ਰਿਸ਼ੀਆਂ-ਮੁਨੀਆਂ ਦਾ ਹਿਰਦਾ ਪਿਘਲ ਜਾਂਦੈ, ਬੰਦਾ ਤਾਂ ਕਿਹੜੇ ਬਾਗ ਦੀ ਮੂਲ਼ੀ ਐ…?”

    -“ਮੈਨੂੰ ਭਰਾ ਆਲ਼ੀ ਗੱਲ ਤੋਂ ਚੇਤੇ ਆ ਗਿਆ…! ਬਈ ਜਿੰਨ੍ਹਾਂ ਨੂੰ ਇਹ ਭਰਾ ‘ਸਮਝਣ’ ਦੀ, ਜਾਂ ‘ਭਰਾ ਵਰਗਾ’ ਮੰਨਣ ਦੀ ਡੌਂਡੀ ਪਿੱਟਣ ਲੱਗ ਜਾਂਦੀਐਂ, ਇਹਨਾਂ ਨੂੰ ਪੁੱਛੇ, ਬਈ ਓਸ ਨੂੰ ਕਦੇ ਮੂੰਹ ‘ਚੋਂ ਭਰਾ ਕਿਹਾ ਵੀ ਐ…? ਜਾਂ ਓਸ ਕੰਜਰ ਨੇ ਤੇਰੇ ਵਾਸਤੇ ਕਦੇ ‘ਭੈਣ’ ਸ਼ਬਦ ਦੀ ਵਰਤੋਂ ਵੀ ਕੀਤੀ ਐ…?” ਨੇਕਾ ਖਿਝ ਗਿਆ ਸੀ।

    -“ਇਹ ਤਾਂ ਬੰਦੇ ਨੂੰ ਥੱਲੇ ਲਾਉਣ ਵਾਸਤੇ ਵਰਤਦੀਐਂ, ਬਾਈ…! ਨਹੀਂ ਗਧੇ ਦੀ ਗਾਂ ਕੀ ਲੱਗਦੀ ਹੁੰਦੀ ਐ…? ਅਗਲਾ ਪੁੱਛੇ ਬਈ ਤੇਰੇ ਭਰਾ ਜੀ ਨੇ ਕਦੇ ਰੱਖੜੀ ਬੰਨ੍ਹਵਾਈ ਐ…? ਆਇਐ ਕਦੇ ਤੇਰੇ ਤੋਂ ਰੱਖੜੀ ਬੰਨ੍ਹਵਾਉਣ…?”

    -“ਰੱਖੜੀ ਵੀ ਬਾਈ ਮੁਹੱਬਤ ਦੀ ਆੜ ਬਣਦੀ ਜਾਂਦੀ ਐ…! ਐਸ ਕਲ਼ਯੁਗ ਦੇ ਜ਼ਮਾਨੇ ‘ਚ ਰੱਖੜੀ ਵਾਲ਼ਾ ਭਰਾ ਵੀ ਜੇ ਕੋਈ ਹੋਇਆ, ਤਾਂ ਹਜਾਰਾਂ ‘ਚੋਂ ਇੱਕ ਹੀ ਹੋਊ…!”

    -“ਫ਼ੇਰ ਹੋਰ ਕਹਿਣਗੀਆਂ…!”

    -“ਉਹ ਕੀ…?”

    -“ਇੱਕ ਹੋਰ ਬਹਾਨਾ…! ਫ਼ੇਰ ਕਹਿਣਗੀਆਂ ਬਈ ਹਰ ਰਿਸ਼ਤਾ ਜ਼ਰੂਰੀ ਤਾਂ ਨਹੀਂ ਬਈ ਮੂੰਹੋਂ ਬੋਲਿਆ ਜਾਵੇ…? ਤੇ ਰਿਸ਼ਤਿਆਂ ਦੇ ਅੰਬਾਰ ਉਸਾਰੇ ਜਾਣ…!”

    -“ਫ਼ੇਰ ਤਾਂ ਮਾਂ ਨੂੰ ਮਾਂ ਵੀ ਨਾ ਕਹੋ…! ਤੇ ਸਕੇ ਭਰਾ ਨੂੰ ਭਰਾ ਕਿਉਂ ਕਹਿੰਦੀਐਂ…? ਉਹਨਾਂ ਨੂੰ ਵੀ ਮੂੰਗਫ਼ਲੀ ਕੌਰ ਜਾਂ ਬੇਰ ਸਿੰਘ ਈ ਆਖਣ ਲੱਗ ਪਓ…!”

    ਇੱਕ ਹਾਸਾ ਉਚਾ ਉਠਿਆ।

    -“ਰਿਸ਼ਤੇ ਬਣਾਉਣ ਵਾਲ਼ੇ ਤੇ ਪਹਿਚਾਣ ਦੇਣ ਵਾਲ਼ੇ ਮੂਰਖ਼ ਥੋੜ੍ਹੋ ਸੀ…? ਜੇ ਰਿਸ਼ਤਿਆਂ ਦੀ ਪਹਿਚਾਣ ਨਾ ਹੁੰਦੀ, ਜਾਂ ਇਉਂ ਕਹੋ ਕਿ ਜੇ ਕਿਸੇ ਨੇ ਰਿਸ਼ਤਿਆਂ ਨੂੰ ਪਹਿਚਾਣ ਨਾ ਦਿੱਤੀ ਹੁੰਦੀ, ਤਾਂ ਬੰਦੇ ਤੇ ਜਾਨਵਰ ‘ਚ ਕੀ ਫ਼ਰਕ ਰਹਿ ਜਾਂਦਾ…? ਮੁਸਲਮਾਨਾਂ ਦਾ ਸੂਰ ਦਾ ਮਾਸ ਨਾ ਖਾਣ ਦਾ ਵੱਡਾ ਕਾਰਨ ਕੀ ਐ…? ਉਹ ਸੂਰ ਨੂੰ ‘ਹਰਾਮ’ ਕਿਉਂ ਸਮਝਦੇ ਨੇ…?”

    -“ਤੂੰ ਈ ਦੱਸ, ਤੂੰ ਪੜ੍ਹਿਆ ਲਿਖਿਐਂ, ਜੁਆਨ…! ਅਸੀਂ ਤਾਂ ਮੂਰਖ਼ ਮੰਡਲੀ ਆਂ…!” ਭਾਊ ਹੱਸ ਪਿਆ।

    -“ਸੂਰ ਇੱਕੋ ਵਾੜੇ ‘ਚ ਤਾੜੇ ਹੁੰਦੇ ਐ, ਤੇ ਜਿਹੜਾ ਵੀ ਸੂਰ ਆਉਂਦੈ, ਵਾੜੇ ‘ਚ ਤਾੜੀ ਸੂਰੀ ‘ਤੇ ਆਪਣੀ ਹਵਸ ਪੂਰੀ ਕਰ ਲੈਂਦੈ, ਸੂਰੀ ਵੀ ਓਸ ਨੂੰ ਵਰਜਦੀ ਨੀ, ਜਾਂ ਹੀਲ ਹੁੱਜਤ ਨੀ ਕਰਦੀ ਤੇ ਬੱਚੇ ਜੰਮੀ ਜਾਂਦੀ ਐ…! ਉਹਨਾਂ ਦੇ ਰਿਸ਼ਤੇ ਦੀ ਕੋਈ ਪਛਾਣ ਨੀ ਰਹਿੰਦੀ, ਮਤਲਬ ਭਰਾ ਵੀ ਸੂਰੀ ‘ਤੇ ਹਵਸ ਪੂਰੀ ਕਰੀ ਜਾਂਦੈ ਤੇ ਕੁੱਖੋਂ ਜੰਮਿਆਂ ਬੱਚਾ ਵੀ…! ਉਹਨਾਂ ਦੇ ਰਿਸ਼ਤੇ ‘ਚ ਪਹਿਚਾਣ ਕੋਈ ਨੀ ਹੁੰਦੀ, ਰੋਲ਼-ਘਚੋਲ਼ਾ ਤੇ ਗੰਧਲ਼ਪੁਣਾ ਈ ਹੁੰਦੈ…!

    ਏਸ ਲਈ ਮੁਸਲਮਾਨ ਭਰਾ ਸੂਰ ਨੂੰ ਹਰਾਮ ਗਿਣਦੇ ਨੇ…! ਤੇ ਜੇ ਬੰਦੇ ਦੇ ਰਿਸ਼ਤੇ ‘ਚ ਵੀ ਰਿਸ਼ਤੇ ਦੀ ਪਹਿਚਾਣ ਨਾ ਰਹੀ, ਜਾਂ ਰਿਸ਼ਤੇ ਦੀ ਪਹਿਚਾਣ ਨਾ ਬੋਲੀ, ਤਾਂ ਅਸੀਂ ਕੀ ਵੱਜਾਂਗੇ…? ਸਾਨੂੰ ਲੋਕ ਕਿਹੜੀ ਉਪਾਧੀ ਦੇਣਗੇ…? ਏਸ ਲਈ ਰਿਸ਼ਤਿਆਂ ਦੀ ਪਹਿਚਾਣ ਦੇਣੀ ਤੇ ਰਿਸ਼ਤਿਆਂ ਨੂੰ ਮੂੰਹੋਂ ਬੋਲਣਾ ਤਾਂ ਅਤੀਅੰਤ ਜ਼ਰੂਰੀ ਐ…! ਔਰਤ ਆਬਦੀ ਮਾਂ, ਜਾਂ ਬਾਪ ਨੂੰ ਬੇਬੇ-ਬਾਪੂ ਕਹਿਣ ਵੇਲ਼ੇ ਕਿਉਂ ਨਹੀਂ ਜਕਦੀ…? ਸਕੇ ਭਰਾ ਨੂੰ ਭਰਾ ਆਖਣ ਤੋਂ ਕਿਉਂ ਨਹੀਂ ਝਿਜਕਦੀ…? ਗ਼ੈਰ ਬੰਦੇ ਨੂੰ ਈ ‘ਭਰਾ ਵਰਗਾ’ ਕਹਿੰਦੀ ਐ ਤੇ ਠੋਕ-ਵਜਾ ਕੇ ਭਰਾ ਕਹਿਣ ਤੋਂ ਕਿਉਂ ਥਿੜਕਦੀ ਐ…? ਕਿਉਂਕਿ ਉਹ ਰਿਸ਼ਤਾ ਠੋਸ ਤੇ ਨਿੱਗਰ ਨਹੀਂ, ਰਿਸ਼ਤਿਆਂ ਦਾ ਕੋਈ ਅਕਸ ਨੀ, ਰਿਸ਼ਤੇ ਪਾਕ-ਪਵਿੱਤਰ ਨਹੀਂ, ਕੁਛ ਛੁਪਾਉਣ ਜਾਂ ਕੁਛ ਢਕਣ ਲਈ ਘੜ੍ਹੇ ਹੋਏ ਐ, ਬਣਾਉਟੀ ਐ…! ਓਸ ਅਖੌਤੀ ਰਿਸ਼ਤੇ ਦੀ ਕੋਈ ਬੁਨਿਆਦ ਨਹੀਂ, ਸਿਰ-ਪੈਰ ਨਹੀਂ, ਓਸ ਰਿਸ਼ਤੇ ਵਿਚ ਕਿਤੇ ਨਾ ਕਿਤੇ ਕੋਈ ‘ਕਾਣ’ ਐਂ…! ਉਹ ਰਿਸ਼ਤਾ ਕਿਤੇ ਨਾ ਕਿਤੇ ਵਿਵਰਜਤ ਹੈ, ਤੇ ਜਾਂ ਕਹੋ ਉਹ ਰਿਸ਼ਤਾ ਠਰਕ ਭੋਰਨ ਦਾ ਸੌਖਾ ਤੇ ਆਸਾਨ ਜ਼ਰੀਆ ਐ, ਤੇ ‘ਭਰਾ’ ਓਸ ਵਿਚ ਇੱਕ ਬਹੁਤ ਵੱਡਾ ‘ਬਹਾਨਾ’ ਐ…! ਤੇ ਨਹੀਂ ਜੇ ਅਸੀਂ ਸੁੱਚੇ-ਸੱਚੇ ਤੇ ਦੁੱਧ ਧੋਤੇ ਹਾਂ ਤਾਂ ਅਸੀਂ ਦੁਨੀਆਂ ਸਾਹਮਣੇ ਠੋਕ-ਵਜਾ ਕੇ ਓਸ ਰਿਸ਼ਤੇ ਦੀ ਪਹਿਚਾਣ ਬੋਲਾਂਗੇ, ਨਾ ਕਿ ਉਸ ਦੀ ਪਹਿਚਾਣ ਛੁਪਾਵਾਂਗੇ, ਜਾਂ ਰਿਸ਼ਤੇ ਦਾ ਨਾਂ ਬੋਲਣ ਲੱਗੇ ਬੇਹੂਦੇ ਢਕੌਂਜ ਜਾਂ ਬਹਾਨੇ ਮਾਰਾਂਗੇ…!”

    -“ਅਗਲੀ ਨੂੰ ਕਹੇ ਕਿ ਅੱਜ ਤੋਂ ਇਸ ਨੂੰ ਸਾਰੀ ਦੁਨੀਆਂ ਦੇ ਸਾਹਮਣੇ ਭਰਾ ਕਿਹਾ ਕਰ..! ਰਿੱਝੀ ਖੀਰ ਸਭ ਦੇ ਸਾਹਮਣੇ ਆ ਜਾਊ..! ਜੇ ਮਨ ‘ਚ ਕਾਣ ਹੋਊ, ਕਦੇ ਨੀ ਆਖਦੀ…! ਜਾਂ ਕਹਿਣ ‘ਤੇ ਖਿਝੂਗੀ…!”

    -“ਨਾਲ਼ੇ ਅਗਲਾ ਅਖਵਾਉਣ ਵਾਲ਼ਾ ਟੱਪ ਉਠੂ, ਬਈ ਮੈਂ ਤੇਰਾ ਭਰਾ ਕਦੋਂ ਕੁ ਤੋਂ ਲੱਗਣ ਲੱਗ ਪਿਆ…?”

    -“ਇਹ ਤਾਂ ਬੰਦੇ ਨੂੰ ਖੂੰਜੇ ਲਾਉਣ ਦੇ ਸਟੰਟ ਐ, ਬਾਈ…!”

    -“ਨਾਲ਼ੇ ਜੇ ਰਿਸ਼ਤਿਆਂ ਦੇ ਅੰਬਾਰ ਨਹੀਂ ਉਸਾਰਨੇ ਤਾਂ ਏਸ ਭਰਾ ਵਾਲ਼ੇ ਰਿਸ਼ਤੇ ਦੀ ਆੜ ਦਾ ਆਸਰਾ ਫ਼ੇਰ ਕਿਉਂ ਲਿਆ ਜਾਂਦੈ…? ਕੋਈ ਹੋਰ ਰਿਸ਼ਤਾ ਵੀ ਘੜ੍ਹਿਆ ਜਾ ਸਕਦੈ…?”

    -“ਗੱਲ ਤਾਂ ਓਦੋਂ ਵਿਗੜਦੀ ਐ, ਜਦੋਂ ਗ਼ੈਰ ਬੰਦੇ ਨੂੰ ‘ਭਰਾ-ਭਰਾ’ ਦੀ ਰਟ ਲਾਈ ਜਾਣੀ ਤੇ ਆਬਦੇ ਬੰਦੇ ਨੂੰ ਦੋਸ਼ੀ ਕਰਾਰ ਦੇਈ ਜਾਣਾ…! ਅਗਲਾ ਸੋਚਦੈ ਬਈ ਮੈਨੂੰ ਝੂਠਾ ਗਰਦਾਨ ਕੇ ਅਗਲੇ ਦਾ ਪੱਖ ਲੈਂਦੀ ਐ ਤਾਂ ਕਿਉਂ ਲੈਂਦੀ ਐ…? ਉਹ ਬਿਗਾਨਾ ਬੰਦਾ ਚੰਗਾ, ਤੇ ਮੈਂ ਮਾੜਾ…? ਕਿਉਂ…??”

    -“ਨਾਲ਼ੇ ਜੀਹਨੂੰ ਇਹ ‘ਭਰਾ ਵਰਗਾ’ ਹੋਣ ਦਾ ਦਾਅਵਾ ਕਰਦੀਐਂ, ਓਸ ਨਾਲ਼ ਭੈਣ-ਭਰਾ ਨਾਤੇ ਦਾ ਦੂਰ ਦਾ ਵੀ ਵਾਸਤਾ ਨੀ ਹੁੰਦਾ, ਅਗਲੀ ਨੂੰ ਵੀ ਪਤਾ ਹੁੰਦੈ ਕਿ ਮੈਂ ਸਰਾਸਰ ਝੂਠ ਕੁਫ਼ਰ ਤੋਲੀ ਜਾ ਰਹੀ ਹਾਂ, ਜਦ ਕਿ ਮਨ ਵਿਚ ‘ਕੁਛ ਹੋਰ’ ਹੁੰਦੈ…! ਜਿੰਨਾਂ ਕਿਸੇ ਰਿਸ਼ਤੇ ‘ਤੇ ਜੋਰ ਦੇ ਕੇ ਆਖਦੀਐਂ, ਓਨਾਂ ਈ ਉਹ ਰਿਸ਼ਤਾ ਝੂਠਾ ਹੁੰਦੈ..!”

    -“ਫ਼ਿੱਟਣੀਆਂ ਦੀ ਫ਼ੇਟ ਤਾਂ ਗੱਲ ਓਥੋਂ ਈ ਬਣਦੀ ਐ…!”

    -“ਅਸਲ ਰੌਲ਼ਾ ਤਾਂ ਖੜ੍ਹਾ ਈ ਓਥੋਂ ਹੁੰਦੈ…! ਜਦੋਂ ‘ਭਰਾ ਜੀ’ ਨੂੰ ਸੱਚਾ ਤੇ ਖ਼ਸਮ ਨੂੰ ਝੂਠਾ ਸਾਬਤ ਕਰਨ ਲਈ ਅੱਡੀ-ਚੋਟੀ ਦਾ ਜੋਰ ਲਾ ਦਿੰਦੀਐਂ…! …ਤੇ ਜਦੋਂ ਉੱਜੜ ਜਾਂਦੀਐਂ, ਤਾਂ ‘ਭਰਾ ਜੀ’ ਵਸਾਉਣ ਵੀ ਨੀ ਆਉਂਦੇ…! ਜਦੋਂ ਉੱਜੜੀ ਦੀ ਕੋਈ ਬਾਂਹ ਫ਼ੜਨ ਵਾਲ਼ਾ ਨੀ ਹੁੰਦਾ, ਫ਼ੇਰ ਬੈਠੀ ਪਛਤਾਉਂਦੀ ਐ ਕਿ ਆਹ ਕੀ ਕਰ ਲਿਆ…? ਫ਼ੇਰ ‘ਕੱਲੀ ਬੈਠ ਕੇ ਰੋਂਦੀ ਐ ਮਾੜੇ ਕਰਮਾਂ ਨੂੰ…!”

    -“ਜਦੋਂ ਸਾਰਾ ਕੰਮ ਚੌੜ ਚੌਪੱਟ ਹੋ ਜਾਂਦੈ, ਫ਼ੇਰ ਕਹਿਣਗੀਆਂ; ਅਈ-ਲੈ ਭੈਣੇ, ਮੈਨੂੰ ਕੀ ਪਤਾ ਸੀ…?”

    -“ਮੈਂ ਕਿਹਾ ਸੀ…!” ਭਾਊ ਬੋਲਿਆ।

    -“ਮੈਂ ਕਿਹਾ ਤੇਰੀ ਧੀ ਸੁੱਖ ਨਾਲ਼ ਜੁਆਨ ਐਂ, ਵਿਆਹ ‘ਤੇ ਪਤਾ ਲੱਗ ਜਾਊਗਾ ਕਿ ਤੇਰਾ ‘ਭਰਾ’ ਕਿੰਨਾਂ ਕੁ ‘ਮਾਮਾ ਜੀ’ ਬਣ ਕੇ ਆਉਂਦੈ…!”

    -“ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨੀ ਹੁੰਦੀ…!”

    -“ਜਿਹੜੀ ਗੱਲ ਨਿੱਤਰ ਕੇ ਸਾਹਮਣੇ ਈ ਆ ਜਾਣੀ ਐਂ, ਓਸ ਨੂੰ ਰਿੜਕਣਾ ਕਾਹਦੇ ਲਈ…? ਅਖੇ ਬਾਈ ਵਾਲ਼ ਕਿੱਡੇ-ਕਿੱਡੇ ਕੁ ਨੇ…? ਕਹਿੰਦਾ ਬਾਈ ਸਿਆਂ ਟਿਕ ਕੇ ਬੈਠ, ਸਾਹਮਣੇ ਈ ਆ ਡਿੱਗਣੇ ਐਂ…!”

    -“ਠਰਕੀ ਭਮੱਕੜ ਕਦੇ ਜੁਆਕਾਂ ਦੇ ਮਾਮੇ ਬਣੇ ਐਂ…? ਇਹ ਤਾਂ ਦੁਨੀਆਂ ਦੀਆਂ ਅੱਖਾਂ ‘ਚ ਘੱਟਾ ਪਾਉਣ ਆਲ਼ੀ ਗੱਲ ਐ, ਬਾਈ…! ਠਰਕੀ ਬੰਦਾ ਕਦੇ ਭਰਾ ਨੀ ਅਖਵਾਊਗਾ…! ਸਗੋਂ ਅਗਲੀ ਨੂੰ ਟੁੱਟ ਕੇ ਪਊਗਾ, ਬਈ ਮੈਂ ਤੇਰਾ ਭਰਾ ਕਦੋਂ ਕੁ ਦਾ ਬਣ ਗਿਆ…? ਜਾਂ ਕਿਵੇਂ ਲੱਗਿਆ…?”

    -“ਅਗਲੀ ਦਾ ਘਰ ਪੱਟ ਕੇ ਅਗਲਾ ਔਹ ਜਾਂਦੈ…!”

    -“ਦੁਨੀਆਂ ਐਨੀ ਕਮਲ਼ੀ ਵੀ ਨਹੀਂ, ਭਾਊ…! ਉਹ ਤਾਂ ਉੱਤਰਾਂ ਈ ‘ਗਾੜੀ-‘ਗਾੜੀ ਤੁਰਦੀ, ਸਭ ਨੂੰ ਪਿੱਛੇ ਛੱਡਦੀ ਜਾਂਦੀ ਐ…!”

    -“ਕਿਸੇ ਨੇ ਐਵੇਂ ਨੀ ਕਿਹਾ ਬਾਈ ਜੀ…!”

    -“ਕੀ…?”

    -“ਜਿਵੇਂ ਚਾਨਣ ਦੀ ਕੀਮਤ ਦਾ ਪਤਾ ਲੱਗਦੈ, ਸੂਰਜ ਗ੍ਰਹਿਣ ਤੋਂ ਬਾਅਦ…! ਤਬਾਹੀ ਦਾ ਅੰਦਾਜ਼ਾ ਹੁੰਦੈ, ਹੜ੍ਹ ਵਹਿਣ ਤੋਂ ਬਾਅਦ…! ਕਮੀਨੇ ਬਲਾਤਕਾਰ ਕਰਦੇ ਨੇ, ਭੈਣ ਕਹਿਣ ਤੋਂ ਬਾਅਦ…! ਤੇ ਮੂਰਖ਼ ਨੂੰ ਸੋਝੀ ਆਉਂਦੀ ਐ, ਸਭ-ਕੁਛ ਗੁਆ ਲੈਣ ਤੋਂ ਬਾਅਦ..!”

    -“ਵਾਹ ਜੀ ਵਾਹ…! ਕਿਆ ਬਾਤ ਐ…!” ਭਾਊ ਉਸ ਨੂੰ ਜੱਫ਼ੀ ਪਾਉਣ ਵਾਲ਼ਾ ਹੋਇਆ ਪਿਆ ਸੀ।

    ਗੱਲਾਂ ਬਾਤਾਂ ਕਰਦੇ ਸਵੇਰੇ ਛੇ ਵਜੇ ਉਹ ਅੰਮ੍ਰਿਤਸਰ ਆ ਗਏ।

    ਜੰਗੀਰੋ ਨੇ ਵੀ ਆਪਣੀ ਨੀਂਦ ਲਾਹ ਲਈ ਸੀ।

    PUNJ DARYA

    Leave a Reply

    Latest Posts

    error: Content is protected !!