9.6 C
United Kingdom
Monday, May 20, 2024

More

    ਜੱਗੀ ਕੁੱਸਾ ਦੇ ਨਾਵਲ “ਉੱਜੜ ਗਏ ਗਰਾਂ” ਦੀ ਗੱਲ ਕਰਦਿਆਂ…

    (ਨਾਵਲ)

    ਲੇਖਕ : ਸ਼ਿਵਚਰਨ ਜੱਗੀ ‘ਕੁੱਸਾ’

    ਪੰਨੇ : 189

    ਮੁੱਲ : 150 ਰੁਪਏ

    ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ

    “ਉੱਜੜ ਗਏ ਗਰਾਂ” ਸ਼ਿਵਚਰਨ ਜੱਗੀ “ਕੁੱਸਾ” ਦਾ ਚਰਚਿਤ ਨਾਵਲ ਹੈ। ਲਾਹੌਰ ਬੁੱਕ ਸ਼ਾਪ, ਲੁਧਿਆਣਾ ਵੱਲੋਂ ਛਾਪਿਆ ਨਾਵਲ ਆਪਣੇ ਆਪ ਵਿੱਚ ਇੱਕ ਵਿਲੱਖਣ ਪੇਸ਼ਕਾਰੀ ਕਰਦਾ ਹੈ। ਨਾਵਲ ਇੱਕ ਪੇਂਡੂ ਪਰਿਵਾਰ ਦੇ ਦੁਖਾਂਤ ਨਾਲ ਲਬਰੇਜ਼ ਆਪਣੀ ਕਹਾਣੀ ਬਿਆਨ ਕਰਦਾ ਅੱਗੇ ਵਧਦਾ ਹੈ। 1996 ਵਿੱਚ ਮੈਂ ਕੁਵੈਤ ਰਹਿੰਦਿਆਂ “ਜੱਗੀ ਕੁੱਸਾ” ਦੀ ਇਸ ਮਾਣਮੱਤੀ ਰਚਨਾ ਨੂੰ 14 ਵਾਰ ਪੜ੍ਹਿਆ, ਸਮਝਿਆ, ਫਿਰ ਰੀਵਿਊ ਕਰਕੇ ਅਖ਼ਬਾਰਾਂ ਨੂੰ ਵੀ ਭੇਜਿਆ। ਜੱਗੀ “ਕੁੱਸਾ” ਬਾਰੇ ਅਤੇ ਨਾਵਲਾਂ ਬਾਰੇ ਪਹਿਲਾਂ ਹੀ ਬੜਾ ਕੁਝ ਛਪ ਚੁੱਕਾ ਹੈ, ਏਨਾ ਕਿ ਜਿੰਨਾ ਜੱਗੀ ਨੇ ਖ਼ੁਦ ਲਿਖਿਆ, ਉਸ ਤੋਂ ਕਿਤੇ ਵੱਧ! ਇਹ ਨਾਵਲਕਾਰ ਲਈ ਇੱਕ ਬੜੇ ਹੀ ਅਦਬ ਵਾਲੀ ਗੱਲ ਹੈ। ਜੱਗੀ ਕੁੱਸਾ ਦਾ ਹਥਲਾ ਨਾਵਲ “ਉੱਜੜ ਗਏ ਗਰਾਂ” ਨਾਮਕਰਨ ਪੱਖੋਂ ਤੇ ਵਿਸ਼ੇ ਅਨੁਸਾਰ ਪੰਜਾਬੀ ਸਾਹਿਤ ਪ੍ਰੇਮੀਆਂ ਵਿੱਚ ਬੜਾ ਮਕਬੂਲ ਮੰਨਿਆ ਗਿਆ ਹੈ। ਨਾਵਲ ਵਿੱਚ ਛਪਿਆ ਸਮੁੱਚਾ ਘਟਨਾਕ੍ਰਮ, ਨਾਵਲ ਦੀ ਹੀਰੋ ਕੁਲਵਿੰਦਰ ਕੌਰ ਦੀ ਬੇਸਮਝੀ ਅਤੇ ਦੁਖਾਂਤਕ ਕੜੀ ਨਾਲ ਜੁੜਿਆ ਦਿਖਾਈ ਦਿੰਦਾ ਹੈ।

    ਕੁਲਵਿੰਦਰ, ਕਰਮ ਸਿੰਘ ਦੀ ਪਤਨੀ, ਹਰ ਕੌਰ ਦੀ ਨੂੰਹ ਅਤੇ ਤਿੰਨ ਧੀਆਂ ਦੀ ਮਾਂ ਹੈ। ਘਰ ਵਿੱਚ ਸਭ ਠੀਕ-ਠਾਕ ਚਲਦਾ ਹੈ। ਗਰੀਬੀ ਕਾਰਨ ਘਰ ਦੇ ਗੁਜ਼ਾਰੇ ਲਈ ਕਰਮਾ ਲੁਧਿਆਣੇ ਕਿਸੇ ਫੈਕਟਰੀ ਵਿੱਚ ਕੰਮ ਕਰਨ ਜਾ ਲੱਗਦਾ ਹੈ। ਘਰ ਦਾ ਮਾੜਾ-ਮੋਟਾ ਧੰਦਾ ਉਸ ਦਾ ਬਿਮਾਰ ਬਾਪ ਸੰਭਾਲਦਾ ਹੈ ਪਰ ਕੁਝ ਸਮੇਂ ਬਾਅਦ ਹੀ ਕਰਮੇ ਦਾ ਬਾਪ ਚੜ੍ਹਾਈ ਕਰ ਜਾਂਦਾ ਹੈ। ਘਰ ਦਾ ਮਾਹੌਲ ਫਿਰ ਥਿੜਕਦਾ ਹੈ ਪਰ ਕਰਮਾ ਫਿਰ ਲੁਧਿਆਣੇ ਚਲਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਹੀ ਕਰਮੇ ਦੇ ਸਾਲ਼ੇ ਦੇ ਸਾਲ਼ੇ ਬਿੱਲੂ ਦਾ ਘਰ ਵਿੱਚ ਆਉਣਾ-ਜਾਣਾ ਬਣ ਜਾਂਦਾ ਹੈ। ਇੱਥੋਂ ਹੀ ਬਣਦੇ ਹਨ ਬਿੱਲੂ ਤੇ ਕੁਲਵਿੰਦਰ ਦੇ ਨਾਜਾਇਜ਼ ਸਬੰਧ, ਜਿਹੜੇ ਅੱਗੇ ਚੱਲ ਕੇ ਬਣਦੇ ਹਨ ਇਸ ਪਰਿਵਾਰ ਲਈ ਮੁਸੀਬਤ ਤੇ ਉਜਾੜੇ ਦੇ ਮੰਜ਼ਰ! ਸਿਆਣਿਆਂ ਦੇ ਕਥਨ ਹਨ, “ਇਸ਼ਕ ਮੁਸ਼ਕ ਤੇ ਖੰਘ ਨਾ ਲੁਕਦੇ – ਲੁਕੇ ਨਾ ਤੇਰੀ ਯਾਰੀ!”

    ਕਿਹਾ ਜਾਂਦਾ ਹੈ ਕਿ ਸਮਾਜ ਵਿੱਚ ਸ਼ਰੀਕੇ ਵਰਗਾ ਸੁਖ ਵੀ ਨਹੀਂ, ਪਰ ਇਹਦੇ ਵਰਗਾ ਦੁੱਖ ਵੀ ਨਹੀਂ, ਜਦ ਘਰਾਂ ਵਿੱਚ “ਪਾਟਕ” ਪੈਂਦੇ ਹਨ। ਸ਼ਰੀਕੇ ਵਿੱਚੋਂ ਕਰਮੇ ਦਾ ਭਰਾ ਲੱਗਦਾ ਨਾਵਲ ਵਿਚਲਾ ਇੱਕ ਕਰੂਰ ਪਾਤਰ “ਨੇਰ੍ਹੀ” ਆਪਣੀ ਲਾਗਬਾਜ਼ੀ ਕੱਢਣ ਲਈ ਇਸ ਪਰਿਵਾਰ ਦੀਆਂ ਮੁਸ਼ਕਿਲਾਂ ਵਿੱਚ ਏਨਾ ਵਾਧਾ ਕਰ ਦਿੰਦਾ ਹੈ, ਕਿ ਸਾਰਾ ਘਰ ਹੀ ਵੈਰਾਨ ਅਤੇ ਤਬਾਹ ਹੋ ਜਾਂਦਾ ਹੈ।

    ਬਿੱਲੂ ਤੇ ਕੁਲਵਿੰਦਰ ਦੇ ਨਾਜਾਇਜ਼ ਸਬੰਧਾਂ ਦੀਆਂ ਗੱਲਾਂ ਨਿਕਲਦੀਆਂ ਹਨ। ਬਿਰਧ ਹਰ ਕੌਰ ਬੜਾ ਦੁਖੀ ਹੁੰਦੀ ਹੈ। ਘਰ ਦੀ ਇੱਜ਼ਤ ਦਾ ਵਾਸਤਾ ਪਾ ਕੁਲਵਿੰਦਰ ਨੂੰ ਸਮਝਾਉਂਦੀ ਆਖਦੀ ਹੈ, “ਦੇਖ ਧੀਏ! ਏਦਾਂ ਠੀਕ ਨੀ। ਲੋਕ ਗੱਲਾਂ ਕਰਦੇ ਐ। ਅੱਜ ਤੇਰੀ ਗਲਤੀ ਤੇਰੇ ਮਰੇ ਬਾਪੂ ਦਾ ਸਿਵਾ ਪੱਟੂ। ਕਬੀਲਦਾਰੀ ਨਿਭਾਉਣ ਲੱਗਿਆਂ ਇਹ ਗੱਲਾਂ ਸੱਪ ਬਣ ਕੇ ਮੂਹਰੇ ਖੜ੍ਹਨਗੀਆਂ। ਮੇਰੀ ਰਾਣੀ ਧੀ ਸਮਝ…।” ਪਰ ਬਿੱਲੂ ਦੇ ਇਸ਼ਕ ‘ਚ ਅੰਨ੍ਹੀ ਹੋਈ ਕੁਲਵਿੰਦਰ ਕੋਈ ਪ੍ਰਵਾਹ ਨਹੀਂ ਕਰਦੀ। ਓਧਰ ਜਦ ਇਸ ਵਿਗੜੀ ਕਹਾਣੀ ਦਾ ਬਿੱਲੂ ਦੇ ਬਾਪੂ ਨੂੰ ਪਤਾ ਲੱਗਦਾ ਹੈ ਤਾਂ ਦਿਨਾਂ ਵਿੱਚ ਬਿੱਲੂ ਦਾ ਮੰਗਣਾ ਕਰਕੇ ਵਿਆਹ ਧਰ ਦਿੱਤਾ ਜਾਂਦਾ ਹੈ। ਬਿੱਲੂ ਇੱਕਦਮ “ਯੂ-ਟਰਨ” ਲੈਂਦਾ ਹੈ। ਬਿੱਲੂ ਦੇ ਜਾਣ ਨਾਲ ਕੁਲਵਿੰਦਰ ਨੂੰ ਵੱਡਾ ਝਟਕਾ ਲੱਗਦਾ ਹੈ। ਉਹ ਚੋਰੀ-ਛਿੱਪੇ ਬਿੱਲੂ ਨੂੰ ਸੁਨੇਹੇ ਭੇਜਦੀ ਹੈ, ਇੱਕ ਵਾਰੀ ਮਿਲ ਜਾਣ ਦਾ ਵਾਸਤਾ ਪਾਉਂਦੀ ਹੈ। ਪਰ ਬਿੱਲੂ ਅੱਗੋਂ ਜਿੰਨ ਵਾਂਗ ਟੱਪਿਆ, “ਜੇ ਤੈਨੂੰ ਚਾਰ ਦਿਨ “ਵਰਤ ਲਿਆ” ਕੀ ਮੈਂ ਹੁਣ ਤੇਰੇ ‘ਤੇ ਚਾਦਰ ਪਾ ਲਵਾਂ…? ਕੁੱਤੀ ਰੰਨ ਗੰਦ ਕਿਸੇ ਥਾਂ ਦੀ…।” ਸੁਨੇਹਾ ਸੁਣ ਕੇ ਕੁਲਵਿੰਦਰ ਦਾ ਦਿਮਾਗ ਬੰਬ ਵਾਂਗ ਫਟਦਾ ਹੈ। ਅੰਦਰ ਉਸ ਦਾ ਸੜ ਕੇ ਸੁਆਹ ਹੋ ਜਾਂਦਾ ਹੈ। ਕਈ ਬੁਰੇ ਖ਼ਿਆਲ ਆਉਂਦੇ ਹਨ।

    ਇੱਕ ਦਿਨ ਉਹ ਬਾਹਰਲੇ ਘਰੇ ਤੰਦੂਰ ‘ਤੇ ਰੋਟੀ ਲਾਹੁਣ ਜਾਂਦੀ ਹੈ। ਤਿੰਨੇ ਕੁੜੀਆਂ ਵੀ ਨਾਲ ਲੈ ਜਾਂਦੀ ਹੈ। ਪਹਿਲਾਂ “ਕੁਇੱਕਫ਼ਾਸ” ਦੀ ਦਵਾਈ ਕੁੜੀਆਂ ਨੂੰ ਪਿਲਾਈ ਤੇ ਫਿਰ ਆਪ ਪੀਂਦੀ ਹੈ। ਪਲਾਂ ਵਿੱਚ ਹੀ ਚਾਰ ਸਰੀਰ ਲਾਸ਼ਾਂ ਦੇ ਰੂਪ ‘ਚ ਬਦਲ ਜਾਂਦੇ ਹਨ। ਸਾਰੇ ਪਿੰਡ ਵਿੱਚ ਹਾਲ-ਦੁਹਾਈ ਮੱਚ ਜਾਂਦੀ ਹੈ। ਪਰ ਇਹ ਨਜ਼ਾਰਾ ਨਾਲ ਲੱਗਦੇ ਕੋਠੇ ‘ਤੇ ਖੇਡਦੀ ਇੱਕ ਸੱਤ ਕੁ ਸਾਲ ਦੀ ਬੱਚੀ ਆਪਣੇ ਅੱਖੀਂ ਦੇਖ ਲੈਂਦੀ ਹੈ। ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਦੇਖ ਸਾਰਾ ਪਿੰਡ ਸੁੰਨ ਹੋ ਗਿਆ ਸੀ।

    ਪਿੰਡ ਦਾ ਸਰਪੰਚ ਬੜਾ ਸਿਆਣਾ ਅਤੇ ਨੇਕ ਇਨਸਾਨ ਹੈ। ਸਲਾਹ-ਮਸ਼ਵਰਾ ਕਰਕੇ ਜਿੰਨੀ ਛੇਤੀ ਹੋਵੇ, ਲਾਸ਼ਾਂ ਦਾ ਸਸਕਾਰ ਕਰੋ ਤੇ ਕੰਮ ਨਿਬੇੜੋ, ਫੈਸਲਾ ਹੋ ਗਿਆ। ਪਰ ਪੰਚਾਇਤ ਤੋਂ ਅੱਖ ਬਚਾ ‘ਨੇਰ੍ਹੀ ਠਾਣੇ ਪਹੁੰਚ ਗਿਆ। ਸਸਕਾਰ ਹੁੰਦਾ। ਪਰ ਪੁਲਿਸ ਦਾ ਭਰਿਆ ਟਰੱਕ ਪਿੰਡ ਪਹੁੰਚ ਜਾਂਦਾ ਹੈ। ਪਿੰਡ ਨਾਲ “ਤਾਂਹ-ਠਾਂਹ” ਹੁੰਦੀ ਪੁਲਿਸ ਚਾਰੇ ਲਾਸ਼ਾਂ ਟਰੱਕ ਵਿੱਚ ਲੱਦ ਕੇ ਕਰਮੇ ਨੂੰ ਠਾਣੇ ਪੇਸ਼ ਕਰਨ ਦੀ ਹਦਾਇਤ ਕਰਕੇ ਲਾਸ਼ਾਂ ਪਹਿਲਾਂ ਠਾਣੇ ਤੇ ਫਿਰ ਪੋਸਟ-ਮਾਰਟਮ ਲਈ ਹਸਪਤਾਲ ਪਹੁੰਚਦੀਆਂ ਹਨ। ਮਗਰ ਪੰਚਾਇਤ ਜਾਂਦੀ ਹੈ। ਸਿਰੇ ਦੀ ਖੱਜਲ-ਖੁਆਰੀ ਹੋਣ ਬਾਅਦ ਅੱਧੀ ਰਾਤ ਲਾਸ਼ਾਂ ਦਾ ਸਸਕਾਰ ਹੁੰਦਾ ਹੈ। ਡਾਕਟਰੀ ਰਿਪੋਰਟ ਤੇ ‘ਨੇਰ੍ਹੀ ਦੀ ਝੂਠੀ ਰਿਪੋਰਟ ‘ਤੇ ਕਰਮੇ ਖਿਲਾਫ਼ ਧਾਰਾ 306 ਦਾ ਪਰਚਾ ਦਰਜ ਹੁੰਦਾ ਹੈ। ਪਰ ਏਨਾ ਕੁਝ ਵਾਪਰ ਜਾਣ ਦੇ ਬਾਵਜੂਦ ਨਾ ਤਾਂ ਖ਼ਬਰ ਕਰਮੇ ਨੂੰ ਮਿਲਦੀ ਹੈ, ਤੇ ਨਾ ਕੁਲਵਿੰਦਰ ਦੇ ਪੇਕਿਆਂ ਨੂੰ। “ਇਹਨੂੰ ਕਹਾਣੀ ਦਾ ਕਿਹੜਾ ਪੱਖ ਦੇਈਏ?” ਇਹ ਨਾਵਲਕਾਰ ਦਾ ਆਪਣਾ ਦ੍ਰਿਸ਼ਟੀਕੋਣ ਹੈ। ਇੱਥੇ ਨਾਵਲਕਾਰ ਵਿਗੜ ਚੁੱਕੇ ਸਰਕਾਰੀ ਸਿਸਟਮ, ਠਾਣਿਆਂ ਤੇ ਹਸਪਤਾਲਾਂ ਵਿੱਚ ਬੇਕਸੂਰ ਲੋਕਾਂ ਦੀ ਹੋ ਰਹੀ ਲੁੱਟ ਅਤੇ ਖੱਜਲ-ਖੁਆਰੀ ਦੀ ਲਾ-ਜਵਾਬ ਪੇਸ਼ਕਾਰੀ ਕਰਦਾ ਹੈ।

    ਇੱਕ ਦਿਨ ਕਰਮਾ ਖ਼ੁਸ਼ੀ-ਖ਼ੁਸ਼ੀ ਆਪਣੇ ਘਰ ਆਉਂਦਾ ਹੈ। ਪਰ ਜਦ ਉਸ ਨੂੰ ਰਾਹ ਵਿੱਚ ਲੋਕ ਦਸਦੇ ਹਨ ਕਿ ਤੂੰ ਲੁੱਟਿਆ-ਪੁੱਟਿਆ ਗਿਆ ਹੈਂ ਤਾਂ ਉਹ ਧਾਹਾਂ ਮਾਰਦਾ ਆਪਣੀ ਬਿਰਧ ਮਾਂ ਦੇ ਗਲ਼ ਲੱਗ ਭੁੱਬਾਂ ਮਾਰ ਰੋਂਦਾ ਹੈ। ਫਿਰ ਉਸ ਨੂੰ ਕੀ ਹੋਇਆ, ਉਹ ਪਾਗਲਾਂ ਵਾਂਗ ਸਿਰਪੱਟ ਸਿਵਿਆਂ ਨੂੰ ਦੌੜ ਪੈਂਦਾ ਹੈ, ਪਰ ਪਿੰਡ ਦੇ ਲੋਕ ਰੋਕ ਲੈਂਦੇ ਹਨ। ਜਦ ਨੇਰ੍ਹੀ ਨੇ ਜਾ ਕੇ ਸਾਰੀ ਖ਼ਬਰ ਕੁਲਵਿੰਦਰ ਦੇ ਪੇਕੀਂ ਦਿੱਤੀ ਤਾਂ ਕੁਲਵਿੰਦਰ ਦੀ ਮਾਂ, ਭਰਾ ਤੇ ਪਿੰਡ ਦੇ ਹੋਰ ਲੋਕ ਟਰਾਲੀ ਭਰ ਕੇ ਪਿੰਡ ਆਣ ਪਹੁੰਚਦੇ ਹਨ। ਆਪਣੀ ਬਿਰਧ ਕੁੜਮਣੀ ਨੂੰ ਕਾਫ਼ੀ ਬੁਰਾ-ਭਲਾ ਬੋਲਣ ਬਾਅਦ ਆਪਣੇ ਪੁੱਤਰ ਗੁਰਜੰਟ ਨੂੰ ਨਾਲ ਲੈ ਕੇ ਠਾਣੇ ਜਾ ਪਹੁੰਚਦੀ ਹੈ, ਜਿੱਥੇ ਕਰਮੇ ਖਿਲਾਫ਼ ਪਹਿਲਾਂ ਹੀ ਮੁਕੱਦਮਾ ਦਰਜ ਹੋ ਚੁੱਕਾ ਹੁੰਦਾ ਹੈ। ਅਖ਼ੀਰ ਪੁਲਿਸ ਨਾਲ ਕੀਤੇ ਵਾਅਦੇ ਅਨੁਸਾਰ ਪੰਚਾਇਤ ਦੀ ਹਾਜ਼ਰੀ ਵਿੱਚ ਕਰਮੇ ਨੂੰ ਠਾਣੇ ਪੇਸ਼ ਕਰ ਦਿੱਤਾ ਜਾਂਦਾ ਹੈ। ਕਰਮਾ ਬੇਕਸੂਰ ਹੈ, ਪਰ ਗੁਨਾਹ ਕਬੂਲ ਕਰਨ ਲਈ ਉਸ ‘ਤੇ ਬੇਤਹਾਸ਼ਾ ਤਸ਼ੱਦਦ ਹੁੰਦਾ ਹੈ। ਅਦਾਲਤ ਵਿੱਚ ਪੇਸ਼ ਕਰਕੇ ਕਰਮੇ ਨੂੰ ਜੁਡੀਸ਼ੀਅਲ ਲਾੱਕ-ਅੱਪ ਸੈਂਟਰਲ ਜੇਲ੍ਹ ਫਿਰੋਜ਼ਪੁਰ ਭੇਜ ਦਿੱਤਾ ਜਾਂਦਾ ਹੈ।

    ਕੇਸ ਚੱਲਿਆ, ਵਕੀਲ ਖੜ੍ਹੇ ਕੀਤੇ, ਪੈਰਵੀ ਹੋਈ, ਅਖ਼ੀਰ ਫੈਸਲੇ ਦੀ ਤਾਰੀਖ਼ ਆਈ। ਪੁਲਿਸ ਨੇ ‘ਨੇਰ੍ਹੀ ਵਰਗੇ ਝੂਠੇ ਗਵਾਹ ਪੇਸ਼ ਕੀਤੇ। ਪਰ ਸੱਚ ਸੂਰਜ ਵਾਂਗ ਸਾਹਮਣੇ ਆਇਆ। ਜਦ ਕਰਮੇ ਦੇ ਵਕੀਲ ਨੇ ਭਰੀ ਅਦਾਲਤ ਵਿੱਚ ਉਹ ਸੱਤ ਸਾਲਾ ਬੱਚੀ ਪੇਸ਼ ਕੀਤੀ, ਜੀਹਨੇ ਇਹ ਸਾਰਾ ਦਰਦਨਾਕ ਦ੍ਰਿਸ਼ ਆਪਣੇ ਅੱਖੀਂ ਦੇਖਿਆ ਸੀ, ਉਸ ਬੱਚੀ ਨੇ ਜੱਜ ਸਾਹਿਬਾਨ ਸਾਹਮਣੇ ਗਵਾਹੀ ਜਾ ਦਿੱਤੀ ਤਾਂ ਕਰਮਾ ਬਾ-ਇੱਜ਼ਤ ਬਰੀ ਤੇ ਅਦਾਲਤ ਦੇ ਹੁਕਮ ‘ਤੇ ਕਰਮੇ ਖਿਲਾਫ਼ ਝੂਠੀ ਗਵਾਹੀ, ਪਰਿਵਾਰਕ ਤਬਾਹੀ ਤੇ ਅਦਾਲਤ ਦਾ ਸਮਾਂ ਬਰਬਾਦ ਕਰਨ ਦੇ ਦੋਸ਼ ਹੇਠ ‘ਨੇਰ੍ਹੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਕਰਮੇ ਵਾਲੀ ਹੱਥਕੜੀ ‘ਨੇਰ੍ਹੀ ਦੇ ਲੱਗ ਜਾਂਦੀ ਹੈ। ਕੁਦਰਤ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਦਿੰਦੀ ਹੈ।

    ਇਨਸਾਨ ਕੋਲੋਂ ਜ਼ਿੰਦਗੀ ‘ਚ ਘੋਰ ਪਾਪ ਹੋ ਜਾਂਦੇ ਹਨ। ਪਰ ਸਮਾਂ ਰਹਿੰਦਿਆਂ ਸਹੀ ਸੋਚ ਤੇ ਚੰਗੇ ਰਸਤੇ ਦਾ ਮੰਥਨ ਕਰ ਲਿਆ ਜਾਵੇ ਤਾਂ ਸਿੱਟੇ ਸਫ਼ਲਤਾ ਵਾਲੇ ਹੀ ਨਿਕਲਣਗੇ। ਸੋ ਇਸ ਦਿਲਚਸਪ ਤੇ ਰੌਚਕ ਨਾਵਲ ਵਿੱਚ ਸਮਾਜਿਕ ਸੁਧਾਰ ਦਾ ਹੋਕਾ ਦਿੰਦਾ ਨਾਵਲਕਾਰ ਕਿੰਨਾ ਕੁ ਸਫ਼ਲ ਹੋਇਆ ਹੈ…? ਫੈਸਲਾ ਪਾਠਕਾਂ ਦੇ ਹੱਥ ਹੈ।

    -ਰਣਜੀਤ “ਚੱਕ ਤਾਰੇ ਵਾਲਾ”

    ਜ਼ਿਲ੍ਹਾ ਮੋਗਾ।

    PUNJ DARYA

    Leave a Reply

    Latest Posts

    error: Content is protected !!