11.3 C
United Kingdom
Sunday, May 19, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (1)

    ਨਾਵਲਕਾਰ “ਸ਼ਿਵਚਰਨ ਜੱਗੀ ਕੁੱਸਾ”

    ..ਇੱਕ ਮੇਰੀ ਅੱਖ ਕਾਸ਼ਣੀ
    ਦੂਜਾ ਰਾਤ ਦੇ ਅਨੀਂਦਰੇ ਨੇ ਮਾਰਿਆ
    ਸ਼ੀਸ਼ੇ ਨੂੰ ਤਰੇੜ ਪੈ ਗਈ,
    ਵਾਲ਼ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ…

    ਕਾਂਡ 1


    ਸ਼ਾਮ ਦਾ ਵੇਲਾ ਸੀ।
    ਸਰਦੀਆਂ ਦੀ ਰੁੱਤ ਸੀ। ਪਿੰਡ ਦੀ ਸਾਂਝੀ ਕੱਸੀ ਪੱਟੀ ਜਾ ਰਹੀ ਸੀ। ਕਹੀਆਂ ਨਾਲ਼ ਚੇਪੇ ਸੁੱਟਦੇ ਗੱਭਰੂ ਇੱਕ-ਦੂਜੇ ਤੋਂ ਅੱਗੇ ਹੋ ਕੇ ਜੋਰ ਲਾ ਰਹੇ ਸਨ। ਸਰਦੀ ਦਾ ਠਰਿਆ ਸੂਰਜ ਬੜੀ ਤੇਜ਼ੀ ਨਾਲ਼ ਹੇਠਾਂ ਨੂੰ ਜਾ ਰਿਹਾ ਸੀ। ਪਰ ਨੌਜਵਾਨਾਂ ਦੇ ਹੌਸਲੇ ਕੰਮ ਦੇ ਫ਼ਰਾਟੇ ਭਰੀ ਜਾ ਰਹੇ ਸਨ। ਹਰ ਇੱਕ ਦੇ ਮਨ ਵਿਚ ਉਤਸ਼ਾਹ ਸੀ। ਜਦ ਬਾਬੇ ਆਦਮ ਵੇਲ਼ੇ ਦੀ ਇਸ ਕੱਸੀ ਨੇ ਤਿਆਰ ਹੋ ਕੇ ਵਗਣ ਲੱਗ ਪੈਣਾਂ ਸੀ ਤਾਂ ਸਾਰੇ ਪਿੰਡ ਨੂੰ ਇਸ ਦਾ ਸੁਖ ਹੋ ਜਾਣਾ ਸੀ। ਸਾਰੇ ਪਿੰਡ ਦੀ ਜ਼ਮੀਨ ਨੂੰ ਨਹਿਰੀ ਪਾਣੀ ਲੱਗਣ ਲੱਗ ਪੈਣਾ ਸੀ।
    ਢੋਲ ਖੜਕ ਰਿਹਾ ਸੀ।
    ਲਲਕਾਰੇ ਵੱਜ ਰਹੇ ਸਨ।
    ਬੱਕਰੇ ਬੁਲਾਏ ਜਾ ਰਹੇ ਸਨ।
    ਇੱਕ-ਦੂਜੇ ਨੂੰ ਜੋਰ ਲਾਉਣ ਲਈ ਵੰਗਾਰਿਆ ਜਾ ਰਿਹਾ ਸੀ। ਹੋਰ ਤਾਂ ਹੋਰ ਬੁੱਢੇ ਬਾਬੇ ਵੀ ਜੁਆਨ ਮੁੰਡਿਆਂ ਨਾਲ ‘ਮੜਿੱਕ’ ਰਹੇ ਸਨ। ਸਪੀਕਰ ‘ਤੇ ਗੀਤ ਚੱਲਣ ਲੱਗ ਪਿਆ, “ਗੱਲ੍ਹ ਲੈ ਗਿਆ ਮੱਕੀ ਦੇ ਟੁੱਕ ਵਰਗੀ… ਨੀ ਮੈਨੂੰ ਕਹਿੰਦਾ ਵੇਖਾਂ ਡੰਡੀਆਂ….!”
    ਗੀਤ ਸੁਣ ਕੇ ਮੁੰਡੀਹਰ ਦੀਆਂ ਚੀਕਾਂ ਸ਼ੁਰੂ ਹੋ ਗਈਆਂ।
    -“ਸਾਲ਼ੇ ਕਿੰਨੇ ਲਾਚੜੇ ਐ…!” ਤਾਇਆ ਉਹਨਾਂ ਦੇ ਲਚੜੇਂਵੇਂ ਨੂੰ ਦੇਖ ਕੇ ਹੱਸ ਪਿਆ।
    -“ਦੇਖੀਂ ਤਾਇਆ, ਕਿਤੇ ਜੋਰ ਨਾ ਖਾ’ਜੀਂ…!” ਗਿੱਪੀ ਨੇ ਪਿੰਡ ‘ਚੋਂ ਲੱਗਦੇ ਤਾਏ ਨੂੰ ‘ਟਾਂਚ’ ਕੀਤੀ।
    -“ਐਸ ਉਮਰ ਇਲਾਜ ਵੀ ਨੀ ਹੋਣਾਂ…! ਫ਼ਿੜਕੇ ਅਰਗਾ ਤੇਰਾ ਸਰੀਰ ਐ….!”
    -“ਛਿਲਕਾਂ ਦਾ ਘੋੜ੍ਹਾ ਜਿਆ ਈ ਲੱਗਦੈ…!”
    -“ਓਏ ਦਗੜੋ ਦਿਆ…! ਤੂੰ ਮੈਨੂੰ ਬੁੜ੍ਹਾ ਸਮਝਦੈਂ….?”
    -“ਨਹੀਂ…! ਮੈਂ ਤਾਂ ਤੇਰੇ ਭਲੇ ਲਈ ਈ ਆਖਿਐ, ਤਾਇਆ…! ਬੁੱਢੇ ਹੱਡ ਛੇਤੀ ਜੁੜਦੇ ਨੀ, ਕਿਤੇ ਊਂ ਨਾ ‘ਖੰਡ ਪਾਠ ਖੋਲ੍ਹਣਾਂ ਪਵੇ, ਤੇਰਾ…!”
    -“ਭੇਜ ਕੇ ਦੇਖ’ਲੀਂ ਆਬਦੀ ਬੇਬੇ ਨੂੰ ਮੇਰੇ ਕੋਲੇ, ਜੇ ਇੱਕੀ ਦੀ ‘ਕੱਤੀ ਨਾ ਪਾਈ ਤਾਂ ਗੋਲ਼ੀ ਮਾਰੀਂ, ਸਾਲ਼ਾ ਬਹਿੜਕਿਆਂ ਦਾ…!” ਤਾਇਆ ਮੁਸ਼ਕੜੀਏਂ ਹੱਸਿਆ।
    -“ਨਾਲ਼ੇ ਤਾਏ ਕੋਲ਼ੋਂ ਮੁੜੀ ਗਲੋਟੇ ਅਰਗੇ ਜੁਆਕ ਸਿੱਟੂ….!” ਇੱਕ ਹੋਰ ਸ਼ੌਕੀਨ ਜਿਹਾ ਬੁੜ੍ਹਾ ਬੋਲਿਆ।
    -“ਤੇ ਉਹ ਵੀ ਓਹੋ ਜੌੜੇ….! ਜਿਹੜੇ ਜੰਮਦੇ ਈ ਟਰੈਗਟ ਚਲਾਉਣਗੇ…!” ਤਾਏ ਨੇ ਗੱਲ ਨੂੰ ਦੂਹਰ ਲਾ ਦਿੱਤੀ।
    ਹਾਸੜ ਪੈ ਗਈ।
    -“…………..।” ਗਿੱਪੀ ਕਸੂਤਾ ਫ਼ਸਿਆ ਚੁੱਪ ਵੱਟ ਗਿਆ।
    ਉਹ ਤਾਂ ਤਾਏ ਨੂੰ ਚਹੇਡ ਕਰ ਕੇ ‘ਪੁੱਠਾ ਪੰਗਾ’ ਲੈ ਬੈਠਾ ਸੀ।
    -“ਨਾ ਪੰਗੇ ਲੈ ਤਾਇਆ, ਤੇਰੇ ਡੱਬੇ ‘ਚੋਂ ਹੁਣ ਗਰੀਸ ਖ਼ਤਮ ਐਂ….! ਮਾੜੇ ਗੱਡੇ ਮਾਂਗੂੰ ਤਾਂ ਤੂੰ ਚੂਕਦਾ ਰਹਿੰਨੈ….!” ਹਾਰੀ ਬਾਜ਼ੀ ਜਿੱਤਣ ਲਈ ਗਿੱਪੀ ਫ਼ੇਰ ਬੋਲਿਆ, “ਤੇਰੇ ਗੋਡਿਆਂ ਦਾ ਚੀਕ ਚਿਹਾੜਾ ਫ਼ਿਰਨੀ ਤੱਕ ਸੁਣਦੈ…!”
    ਹਾਸਾ ਫ਼ਿਰ ਉੱਚਾ ਉਠਿਆ।
    ਹਾਸਾ ਪਿੰਡ ਦੀ ਜੂਹ ਤੱਕ ਸੁਣਦਾ ਸੀ।
    -“ਪਰ ਤੇਰੀ ਬੇਬੇ ਦਾ ਭਾਰ ਚੱਕਣ ਜੋਕਰਾ ਤਾਂ ਮੈਂ ਅਜੇ ਵੀ ਹੈਗਾਂ…! ਕਰੀਂ ਮੇਰੇ ਕੋਲ਼ੇ, ਇੱਕ ਹੱਥ ਨਾਲ਼ ਬਾਲਾ ਕੱਢ ਕੇ ਦਿਖਾਊਂ…!”
    -“ਬੱਲੇ….!”
    -“ਬਚ ਕੇ ਮੋੜ ਤੋਂ….!”
    -“ਓਏ ਮੁੰਡਿਓ….! ਮਗਜਮਾਰੀ ਨਾ ਕਰੀ ਜਾਓ….! ਥੋਨੂੰ ਪਤੈ, ਪੁਰਾਣੇ ਬੰਦੇ ਮਣ-ਮਣ ਘਿਉ ਖਾ ਜਾਂਦੇ ਸੀ…!”
    -“ਤਾਇਆ ਤਾਂ ਹੁਣ ਵੀ ਨੀ ਮਾਣ…!”
    -“ਭੀਮ ਸੈਨ ਮਾਂਗੂੰ ‘ਕੱਲਾ ਈ ਲਟੈਣ ਚੱਕ ਦੇ…!”
    -“ਕੁਛ ਨਾ ਭਾਲ਼, ਤਾਏ ਕੋਲ਼ੇ ਗਿੱਦੜਸਿੰਗੀ ਐ…!”
    -“ਗਿੱਦੜਸਿੰਗੀ ਨੀ, ਮੁਸ਼ਕਣ-ਬੂਟ੍ਹੀ ਐ….! ਮੁਸ਼ਕਣ-ਬੂਟ੍ਹੀ….!”
    -“ਤਾਇਆ ਤਾਂ ਆਪ ਵੀ ਮੁਸ਼ਕਣ-ਬੂਟ੍ਹੀ ਅਰਗੈ…! “
    -“ਚਿਹਰਾ ਤਾਂ ਦੇਖ ਤਾਏ ਦਾ…! ਭਰਿੰਡ ਵਰਗੈ…!”
    -“ਲੜਦਾ ਵੀ ਭਰਿੰਡ ਬਣ ਕੇ ਈ ਐ…!”
    -“ਠੂੰਹੇਂ ਮਾਂਗੂੰ ਚੋਭ ਪਾਉਂਦੈ…!”
    -“ਲੌਂਗਾਂ ਨੂੰ ਮੁਸ਼ਕਣ ਦੇ, ਬਿਸ਼ਨ ਕੁਰੇ ਭਰਜਾਈਏ…!”
    -“ਹੈਅ…. ਪੈਜੇ ਥੋਨੂੰ ਪਲੇਗ਼….! ਬਹਿਜੇ ਥੋਡਾ ਬੇੜਾ…!” ਤਾਇਆ ਪਿੱਟਣ ਵਾਲ਼ਿਆਂ ਵਾਂਗ ਬੋਲਿਆ।
    -“ਕੀ ਗੱਲ ਹੋ ਗਈ, ਤਾਇਆ…?”
    -“ਕੀ ਕੰਧ ਆ ਡਿੱਗੀ…?”
    -“ਪੈਂਚਰ ਜਿਆ ਕਾਹਨੂੰ ਹੋ ਗਿਆ ਤੂੰ….?”
    -“ਧਾਹ ਜੀ ਕਾਹਤੋਂ ਮਾਰੀ….???”
    -“ਖ਼ਸਮਾਂ ਨੂੰ ਖਾਣਿਓਂ, ਮੇਰੀ ਕਹੀ ਦਾ ਬੈਂਹਾਂ ਟੁੱਟ ਗਿਆ….!” ਤਾਇਆ ਬਿਲਕਣ ਵਾਲ਼ਿਆਂ ਵਾਂਗ ਬੋਲਿਆ, “ਥੋਡਾ ਇਹ ਕਚ੍ਹੀਰਾ ਮੈਨੂੰ ਇੱਕ ਨਾ ਇੱਕ ਦਿਨ ਲੈ ਕੇ ਰਹੂ, ਨਰਕਾਂ ਨੂੰ ਜਾਣਿਓਂ….! ਮੇਰਾ ਛਛਕਾਰ ਕਰਾਓਂਗੇ ਤੁਸੀਂ…!”
    -“ਲੈ ਬਈ ਗਿੱਪੀ ਸਿਆਂ, ਤੋੜਤਾ ਤਾਏ ਨੇ ਜੋਸ਼ ‘ਚ ਕਹੀ ਦਾ ਬੈਂਹਾਂ, ਤੇਰੀ ਬੇਬੇ ਦਾ ਨਾਂ ਲੈ ਕੇ, ਕਰ ਲੈ ਕੋਈ ਉਪਾਅ, ਨਹੀਂ ਤਾਂ ਨਿਸ਼ਾਨ ਖ਼ਤਰੇ ਆਲ਼ੀ ਸੂਈ ‘ਤੇ ਐ….!” ਸ਼ੌਕੀਨ ਬਾਬਾ ਫ਼ਿਰ ਵਾਰੀ ਲੈ ਗਿਆ।
    -“ਗੱਲ ਪੁੱਠੀ ਬੋਲ ਗਿਆ…! ਸੂਈ ਖ਼ਤਰੇ ਆਲ਼ੇ ਨਿਸ਼ਾਨ ‘ਤੇ ਆਖ, ਬਾਬਾ…!”
    -“ਫ਼ੀਮ ਖਾਧੀ ‘ਚ ਪਤਾ ਨੀ ਲੱਗਿਆ ਬਾਬੇ ਨੂੰ…! ਜਿਹੋ ਜੀ ਔੜੀ, ਓਹੀ ਗੱਲ ਦੱਬਤੀ…!”
    -“ਹੁਣ ਤਾਂ ਬਾਬੇ ਨੂੰ ਕੁਕੜੀ ਵੀ ਹੇਮਾਂ ਮਾਲਣੀ ਲੱਗਦੀ ਐ….!”
    -“ਕੱਲ੍ਹ ਇੱਕ ਸੈਂਕਲ ਆਲ਼ਾ ਭਾਈ ਪਿੰਡ ‘ਚੋਂ ਆਂਡੇ ਖਰੀਦਦਾ ਫ਼ਿਰੇ-!” ਬਾਬੇ ਨੇ ਹੋਰ ਗੱਲ ਸ਼ੁਰੂ ਕੀਤੀ, “ਲਾਚੜੇ ਜੁਆਕ ਸਾਲ਼ੇ ਰੌਲ਼ਾ ਪਾਉਂਦੇ ਫ਼ਿਰਨ, ਅਖੇ ਮੇਰੀ ਬੇਬੀ ਨੇ ਐਨੇ ਆਂਡੇ ਦਿੱਤੇ ਐ, ਮੇਰੀ ਨੇ ਐਨੇ…! ਵੇਚੇ ਐ ਤਾਂ ਕੋਈ ਕਹੇ ਨਾ, ਆਂਡੇ ਦਿੱਤੇ ਈ ਦੱਸਣ…!”
    ਫ਼ਿਰ ਹਾਸੜ ਮੱਚ ਗਈ।
    -“ਓਏ ਆਹ ਚੌਂਕੀਦਾਰ ਕਿਵੇਂ ਭੱਜਿਆ ਆਉਂਦੈ…?” ਕਿਸੇ ਨੇ ਪਿੰਡ ਵੱਲ ਝਾਕ ਕੇ ਆਖਿਆ। ਹੱਥ ਦੀ ਓਟ ਉਸ ਨੇ ਸੱਪ ਦੇ ਫ਼ਣ ਵਾਂਗ ਮੱਥੇ ‘ਤੇ ਕੀਤੀ ਹੋਈ ਸੀ।
    -“ਬਈ ਰੱਬ ਜਾਣੇ…!”
    ਕਹੀਆਂ ਰੁਕ ਗਈਆਂ।
    ਬੱਕਰੇ ਬੋਲਣੇ ਬੰਦ ਹੋ ਗਏ।
    ਲਲਕਾਰੇ ਰੁਕ ਗਏ।
    -“ਓਏ ਪਿੰਡ ਆਲ਼ਿਓ….!” ਚੌਂਕੀਦਾਰ ਦੀ ਪੱਤੇ ਵਾਂਗ ਸੁੱਕੀ ਜ਼ੁਬਾਨ ਮਸਾਂ ਹੀ ਹਿੱਲੀ ਸੀ।
    ਵਾਹੋਦਾਹੀ ਭੱਜਿਆ ਆਉਂਦਾ ਉਹ ਉਹਨਾਂ ਕੋਲ ਆ ਕੇ ਰੇਤ ਦੀ ਬੋਰੀ ਵਾਂਗ ਡਿੱਗ ਪਿਆ।
    -“ਓਏ ਕੀ ਹੋ ਗਿਆ, ਖ਼ਸਮਾਂ ਨੂੰ ਖਾਣਿਆਂ….?” ਕਿਸੇ ਦਾ ਦਿਲ ਨਿਕਲ਼ ਗਿਆ ਸੀ।
    -“ਕੋਈ ਗੱਲ ਤਾਂ ਮੂੰਹੋਂ ਦੱਸ….. ?” ਦੂਜੇ ਨੇ ਲੇਰ ਜਿਹੀ ਮਾਰੀ।
    -“ਬੋਲ ਤਾਂ ਸਹੀ, ਸਾਡੇ ਕਾਲ਼ਜੇ ਕਿਉਂ ਕੱਢੀ ਜਾਨੈਂ…?” ਪੰਚਾਇਤ ਮੈਂਬਰ ਨੇ ਉਸ ਨੂੰ ਸੁੱਕੇ ਟਾਹਣ ਵਾਂਗ ਹਲੂਣਿਆਂ।
    ਪਰ ਚੌਂਕੀਦਾਰ ਦੀ ਜ਼ੁਬਾਨ ਬੰਦ ਹੋ ਚੁੱਕੀ ਸੀ।
    -“ਇਹਦੇ ਮੂੰਹ ਨੂੰ ਪਾਣੀ ਲਾਓ, ਲਹੁਡੀ ਦੇਣਾ ਸੁਰਗ ਨਾ ਸਿਧਾਰ ਜੇ…!” ਤਾਇਆ ਬੋਲਿਆ।
    ਚੌਂਕੀਦਾਰ ਦੇ ਮੂੰਹ ‘ਚ ਧਾਰ ਬੰਨ੍ਹ ਕੇ ਪਾਣੀ ਪਾਇਆ ਗਿਆ, ਜਿਹੜਾ ਕੁਝ ਉਸ ਦੇ ਅੰਦਰ ਲੰਘ ਗਿਆ ਅਤੇ ਕੁਝ ਬਰਾਛਾਂ ਰਾਹੀਂ ਪਾਸੇ ਡੁੱਲ੍ਹ ਗਿਆ। ਪਰ ਪਾਣੀ ਅੰਦਰ ਜਾਣ ਨਾਲ਼ ਉਹ ਕੁਝ ਸੁਰਤ ਸਿਰ ਹੋ ਗਿਆ ਸੀ।
    -“ਭਲਵਾਨਾ…!” ਉਸ ਨੇ ਮਸਾਂ ਹੀ ਮੂੰਹ ਪੱਟਿਆ।
    -“ਹਾਂ….ਹਾਂ….? ਬੋਲ ਤਾਂ ਸਹੀ…!” ਭਲਵਾਨ ਉਸ ਦੇ ਮੂੰਹ ‘ਤੇ ਨਜ਼ਰ ਦੀ ਸ਼ਿਸ਼ਤ ਗੱਡੀ ਬੈਠਾ ਸੀ।
    -“ਚੰਦ ਬਰੀ ਹੋ ਕੇ ਪਿੰਡ ਆ ਗਿਆ….!” ਆਖ ਕੇ ਜਿਵੇਂ ਚੌਂਕੀਦਾਰ ਨੇ ਸਭ ਦੇ ਹੱਥਾਂ ਦੇ ਤੋਤੇ ਉਡਾ ਦਿੱਤੇ।
    -“ਉਹ ‘ਕੱਲਾ ਨੀ, ਵੱਢਖਾਣਾਂ ਤਲਵਾੜੇ ਆਲ਼ਾ ਗੁਰਦੀਪ ਡਰੈਵਰ ਵੀ ਓਹਦੇ ਨਾਲ਼ ਐ…!” ਕਹਿਣ ਸਾਰ ਜਿਵੇਂ ਚੌਂਕੀਦਾਰ ਬੇਹੋਸ਼ ਹੋ ਗਿਆ ਸੀ।
    ਮੌਤ ਵਰਗਾ ਸੰਨਾਟਾ ਛਾ ਗਿਆ।
    ਸਹਿਮ ਪਸਰ ਗਿਆ।
    ਹਰ ਇੱਕ ਦੇ ਮਨ ‘ਤੇ ਇੱਕ ਭੈਅ ਉੱਕਰਿਆ ਗਿਆ ਅਤੇ ਦਿਲਾਂ ਦੀਆਂ ਧੜਕਣਾਂ ‘ਚ ਤੂਫ਼ਾਨ ਆ ਗਿਆ ਸੀ।
    ਹਰ ਕੋਈ ਡਰੀ ਗਊ ਵਾਂਗ ਝਾਕ ਰਿਹਾ ਸੀ।
    ਅਚਾਨਕ ਪਿੰਡ ਵਾਲ਼ੇ ਛੱਪੜ ਵੱਲੋਂ ਬੰਦੂਕ ਦਾ ਫ਼ਾਇਰ ਹੋਇਆ। ਗੋਲ਼ੀ ਨੇ ਜਿਵੇਂ ਅਸਮਾਨ ਪਾੜ ਦਿੱਤਾ ਸੀ ਅਤੇ ਚੱਲੀ ਗੋਲ਼ੀ “ਟੀਂਅ” ਕਰਦੀ ਸਿੱਧੀ ਅਸਮਾਨ ਨੂੰ ਚੜ੍ਹੀ ਸੀ।
    ਪਿੰਡ ਦਾ ਹਰ ਬੰਦਾ ਕਹੀ ਚੁੱਕ ਪਿੰਡ ਨੂੰ ਤਿੱਤਰ ਹੋ ਗਿਆ। ਲੋਕ ਰਾਮ ਗਊਆਂ ਵਾਂਗ ਇੱਕ-ਦੂਜੇ ਦੇ ਪੈਰ
    ਵੱਢਦੇ ਘਰੋ-ਘਰੀ ਭੱਜੇ ਜਾ ਰਹੇ ਸਨ।
    ਸਾਰੀ ਰਾਤ ਗੋਲ਼ੀ ਚੱਲਦੀ ਰਹੀ।
    ਬੱਕਰੇ ਬੋਲਦੇ ਰਹੇ।
    ਸਾਰਾ ਪਿੰਡ ਸੁੱਸਰੀ ਵਾਂਗ ਸੁੱਤਾ ਰਿਹਾ। ਕਿਸੇ ਦੀ ਹਿੰਮਤ ਨਹੀਂ ਪਈ ਸੀ ਕਿ ਚੰਦ ਦੀਆਂ ਵਰ੍ਹਦੀਆਂ ਗੋਲ਼ੀਆਂ ਨੂੰ ਬੰਦ ਕਰਵਾ ਸਕੇ। ਵੱਜਦੇ ਲਲਕਾਰਿਆਂ ਨੂੰ ਰੋਕ ਸਕੇ ਜਾਂ ਉਸ ਨੂੰ ਗਾਲ਼ਾਂ ਕੱਢਣ ਤੋਂ ਵਰਜ ਸਕੇ।
    -“ਤੁਸੀਂ ਮੇਰੀ ਹਿੱਕ ਦੇ ਵਾਲ਼, ਜੁੰਡੀ ਦੇ ਯਾਰ, ਦਰਵੇਸ਼ ਨੇਕੇ ਨਾਲ਼ ਹਿੱਕ ਧੱਕੇ ਕੀਤੇ ਐ, ਉਹਦਾ ਸਾਧ ਬੰਦੇ ਦਾ ਲਹੂ ਪੀਤੈ, ਮੈਂ ਸਾਰਾ ਹਿਸਾਬ ਕਿਤਾਬ ਪੂਰਾ ਕਰੂੰਗਾ, ਥੋਡੀ ਧੀਅ ਦੀ….!” ਚੰਦ ਆਪਣੇ ਯਾਰਾਂ ਨਾਲ਼ ਸਾਰੀ ਰਾਤ ਦਾਰੂ ਪੀਂਦਾ ਰਿਹਾ ਅਤੇ ਪਤਾ ਨਹੀਂ ਕਿਸ-ਕਿਸ ਨੂੰ ਗਾਲ਼ਾਂ ਕੱਢਦਾ ਰਿਹਾ?
    ਗੋਲ਼ੀ ਵੀ ਸਾਰੀ ਰਾਤ ਚੱਲਦੀ ਰਹੀ।
    ਜਦ ਉਹ ਥੱਕ ਹਾਰ ਕੇ ਸਵੇਰੇ ਜਾ ਕੇ ਸੁੱਤੇ ਤਾਂ ਪਿੰਡ ਦੇ ਲੋਕ ਬਾਹਰ ਨਿਕਲ਼ੇ। ਚੱਲੇ ਕਾਰਤੂਸਾਂ ਦੇ ਖੋਲ ਗਲ਼ੀ ਵਿਚ ਇੰਜ ਪਏ ਸਨ, ਜਿਵੇਂ ਦੀਵਾਲ਼ੀ ਤੋਂ ਅਗਲੇ ਦਿਨ ਪਟਾਕਿਆਂ ਦੇ ਖੋਲ ਪਏ ਹੁੰਦੇ ਨੇ। ਪੁਲੀਸ ਕੋਲ਼ ਜਾਣ ਦਾ ਕੋਈ ਹੀਆਂ ਨਹੀਂ ਕਰਦਾ ਸੀ। ਆ ਬੈਲ ਮੁਝੇ ਮਾਰ, ਜਾਂ ਜਾਂਦੀਏ ਬੁਲਾਏ ਦੁਪਿਹਰਾ ਕੱਟ’ਜਾ ਕਹਿਣ ਤੋਂ ਹਰ ਕੋਈ ਕਤਰਾਉਂਦਾ ਸੀ।
    ਜਦ ਤੀਜੇ ਦਿਨ ਪੁਲੀਸ ਨੂੰ ਪਤਾ ਲੱਗਿਆ ਤਾਂ ਸਾਰਾ ਠਾਣਾ ਉਲਰ ਕੇ ਪਿੰਡ ‘ਚ ਢੇਰੀ ਹੋ ਗਿਆ।
    ਚੰਦ ਅਤੇ ਉਸ ਦੇ ਸਾਥੀ ਪਿੰਡੋਂ ਗ਼ਾਇਬ ਸਨ!
    -“ਜੇ ਪਿੰਡ ‘ਚ ਕੋਈ ਹੀਮ-ਕੀਮ ਹੋਗੀ, ਕਾਨੂੰਨ ਦੀ ਪੰਜਾਲ਼ੀ ਸਾਰੇ ਪਿੰਡ ਦੀ ਗਿੱਚੀ ‘ਤੇ ਟਿਕਣੀ ਐਂ, ਐਨੀ ਸੋਚ ਕਰ ਲਿਓ….!” ਕੁਰਸੀ ‘ਤੇ ਬੈਠਦਿਆਂ ਠਾਣੇਦਾਰ ਨੇ ਅਫ਼ਸਰ ਵਾਲ਼ਾ ਦਬਕਾੜਾ ਮਾਰਿਆ।
    -“ਪਰ ਹਜੂਰ, ਪਿੰਡ ਦਾ ਕੋਈ ਕਸੂਰ ਵੀ ਤਾਂ ਦੱਸੋ, ਪੰਜਾਲ਼ੀ ਕਿਹੜੇ ਚਾਅ ਨੂੰ ਗਿੱਚੀ ‘ਤੇ ਧਰੋਂਗੇ…?” ਸਰਪੰਚ ਬੋਲਿਆ।
    -“ਸਰਪੈਂਚਾ…! ਜਾਗਦਿਆਂ ਨੂੰ ਪੈਂਦੀਂ ਨਾ ਪਾ…! ਬੰਦਾ ਬਣ ਜਾ, ਬੰਦਾ….! ਤੇਰੇ ਪਿੰਡ ‘ਚ ਸਾਰੀ ਰਾਤ ਫ਼ੈਰ ਹੋਈ ਜਾਣ, ਤੇ ਤੂੰ ਉਠ ਕੇ ਠਾਣੇ ਵੀ ਨਾ ਆਵੇਂ….? ਕਾਹਦੇ ਲਈ ਚੁਣਿਐਂ ਤੈਨੂੰ ਪਿੰਡ ਨੇ…? ਖਾ ਕੇ ਢਿੱਡ ‘ਤੇ ਹੱਥ ਫ਼ੇਰਨ ਨੂੰ ਸਰਪੈਂਚ ਬਣਾਇਐ ਤੈਨੂੰ….?”
    -“………………।” ਸਰਪੰਚ ਚੁੱਪ ਸੀ।
    ਸਾਰਾ ਪਿੰਡ ਚੁੱਪ ਸੀ।
    -“ਪਰ ਉਹਨੇ ਫ਼ੈਰ ਕੀਤੇ ਕਿਉਂ….? ਕੀਹਨੂੰ ਡਰਾਉਂਦਾ ਸੀ…?” ਹੌਲਦਾਰ ਨੇ ਅਗਲਾ ਸੁਆਲ ਖੜ੍ਹਾ ਕੀਤਾ। ਅਜੇ ਤੱਕ ਉਹਨਾਂ ਨੂੰ ਕਿਸੇ ਗੱਲ ਦਾ ਸਿਰਾ ਨਹੀਂ ਲੱਭਿਆ ਸੀ। ਉਹ ਅੱਕਾਂ ਵਿਚ ਹੀ ਡਾਂਗਾਂ ਮਾਰ ਰਹੇ ਸਨ।
    -“ਪਤਾ ਨੀ ਜੀ ਕੀਹਨੂੰ ਡਰਾਉਂਦਾ ਸੀ….? ਸਾਨੂੰ ਤਾਂ ਇਹ ਵੀ ਨੀ ਪਤਾ…! ਪਰ ਫ਼ੈਰ ਕਰਨ ਵਾਲ਼ਾ ਚੰਦ ਸੀ….! ਗੋਲ਼ੀ ਚੱਲਦੀ ਵੀ ਨੇਕੇ ਦੇ ਘਰੋਂ ਸੀ…!” ਸਰਪੰਚ ਨੇ ਪੱਲਾ ਝਾੜ ਦਿੱਤਾ। ਉਸ ਨੂੰ ਸੱਚ ਹੀ ਕਿਸੇ ਗੱਲ ਦਾ ਨਹੀਂ ਪਤਾ ਸੀ।
    -“ਫ਼ੈਰ ਕਰਨ ਵਾਲ਼ਾ ਤਾਂ ਚੰਦ ਸੀ….! ਉਹ ਤਾਂ ਪਤਾ ਲੱਗ ਈ ਗਿਆ…! ਪਰ ਜਿੰਨਾਂ ਕੁ ਮੈਨੂੰ ਪਤੈ, ਓਹਦੇ ਕੋਲ਼ ਤਾਂ ਕੋਈ ਹਥਿਆਰ ਵੀ ਹੈਨ੍ਹੀ….!”
    -“ਰੱਬ ਜਾਣੇ ਜੀ….! ਹਥਿਆਰ ਕਿਤੋਂ ਤਾਂ ਆਏ ਈ ਹੋਣਗੇ….? ਸਾਰੀ ਰਾਤ ਦਿਵਾਲ਼ੀ ਤਾਂ ਬਣਾਈ ਰੱਖੀ ਐ, ਪਤੰਦਰ ਨੇ…! ਮੁੜ ਮੁੜ ਨੇਕੇ ਦਾ ਨਾਂ ਲੈਂਦਾ ਸੀ…!”
    -“ਦੁਨੀਆਂ ਨੇ ਕਿਹੜਾ ਨੇਕੇ ਨੂੰ ਜਿਉਣ ਦਿੱਤੈ, ਜਨਾਬ…..? ਜਿਹੜਾ ਆਇਆ, ਉਹਦੇ ਪੱਛ ਲਾ ਕੇ ਤੁਰਦਾ ਬਣਿਆਂ, ਡਰਦੇ ਤਾਂ ਹੁਣ ਐਂ, ਜਦੋਂ ਅਗਲੇ ਦਾ ਬੰਦਾ ਪਤੰਦਰ ਬਣ ਕੇ ਖੜ੍ਹ ਗਿਆ….! ਜਦੋਂ ਅਗਲੇ ਨੇਕੇ ਨੂੰ ਤੰਗ ਕਰਦੇ ਸੀ, ਓਦੋਂ ਤਾਂ ਕੋਈ ਕੁਸਕਿਆ ਨਾ….!” ਕਿਸੇ ਬਜ਼ੁਰਗ ਦੇ ਮੂੰਹੋਂ ਸੱਚੀ ਗੱਲ ਆਖ ਹੋ ਗਈ।
    ਠਾਣੇਦਾਰ ਤੁਰੰਤ ਬਜ਼ੁਰਗ ਬਾਬੇ ਵੱਲ ਨੂੰ ਝਾਕਿਆ।
    -“ਕੀਹਦੀ ਗੱਲ ਕਰਦੈਂ, ਬਾਬਾ….? ਕੌਣ ਤੰਗ ਕਰਦਾ ਸੀ…?” ਨਵੇਂ ਠਾਣੇਦਾਰ ਦੇ ਕੱਖ ਪੱਲੇ ਨਹੀਂ ਪਿਆ ਸੀ।
    -“ਸਾਰੇ ਪਿੰਡ ਨੂੰ ਈ ਪਤੈ ਸਰਕਾਰ, ਬੱਸ ਹੁਣ ਸੱਚੀ ਗੱਲ ਬੋਲਣੋ ਡਰਦੇ ਐ, ਬਈ ਕਿਤੇ ਸਾਡੀ ਵਾਰੀ ਨਾ ਆਜੇ…!”
    -“ਪਿੰਡ ਤਾਂ ਸਾਰਾ ਤੇਰੇ ਸਾਹਮਣੇ ਖੱਸੀ ਹੋਇਆ ਖੜ੍ਹੈ, ਤੂੰ ਈ ਦੱਸ, ਬਾਬਾ…!” ਠਾਣੇਦਾਰ ਖਿਝ ਕੇ ਬਾਬੇ ਨੂੰ ਬੋਲਿਆ।
    -“ਜਿੰਨਾਂ ਲਹੂ ਨੇਕੇ ਤੇ ਗੀਰੋ ਦਾ ਕੌੜੋ ਕੇ ਟੱਬਰ ਨੇ ਪੀਤੈ, ਸਾਰੇ ਪਿੰਡ ਨੂੰ ਈ ਪਤੈ…! ਬਾਹਲ਼ਾ ਮੈਥੋਂ ਕੀ ਅਖਵਾਉਂਦੇ ਓਂ….? ਬੋਤੇ ਦੇ ਢਿੱਡ ‘ਚ ਸਾਰੀਆਂ ਈ ਦਾਤਣਾਂ ਹੁੰਦੀਐਂ, ਸਰਕਾਰ….!” ਪੂਰੀ ਗੱਲ ਨਿਤਾਰ ਕੇ ਬਾਬੇ ਨੇ ਠਾਣੇਦਾਰ ਅੱਗੇ ਰੱਖ ਦਿੱਤੀ।
    ਠਾਣੇਦਾਰ ਬਾਬੇ ਨੂੰ ਇੱਕ ਪਾਸੇ ਲੈ ਗਿਆ।
    ਪਿੰਡ ਦੇ ਲੋਕ “ਕੁਰਬਲ਼-ਕੁਰਬਲ਼” ਕਰਨ ਲੱਗ ਪਏ।

    PUNJ DARYA

    Leave a Reply

    Latest Posts

    error: Content is protected !!