ਕਹਿੰਦੇ ਹਨ ਜੋ ਅਪਣੇ ਪਿਛੋਕੜ ਭੁੱਲ ਜਾਂਦੀਆਂ ਹਨ ਉਹ ਵਿਗਿਆਨਕ ਉਨਤੀ ਦੇ ਬਾਵਜੂਦ ਵੀ ਉਨਤ ਕੌਮਾਂ ਨਹੀਂ ਕਹਾਉਂਦੀਆਂ ਜਿਸ ਤਰ੍ਹਾ ਔਰਤਾਂ ਗਹਿਣੇ ਪਾਉਂਦੀਆਂ ਸਨ ਇਸ ਤਰ੍ਹਾਂ ਮਰਦ ਵੀ ਗਹਿਣੇ ਪਾਉਂਦੇ ਸੀ ਜੋ ਮਰਦਾਂ ਦੇ ਗਹਿਣੇ ਵਿਚ ਪ੍ਰਚੱਲਤ ਗਹਿਣਾ ਸੋਨੇ ਦਾ ਕੜ੍ਹਾ, ਜ਼ੰਜੀਰੀ, ਕੰਨਾਂ ਵਿਚ ਵਾਲੇ ਜਿਸ ਵਿਚ ਸ਼ਾਮਲ ਸੀ ਕੈਠਾਂ ਕਦੀ ਪੰਜਾਬੀ ਸਭਿਆਚਾਰ ਦੀ ਸ਼ਾਨ ਹੁੰਦਾ ਸੀ। ਇਹ ਆਦਮੀ ਦੇ ਗਲ ਪਾਉਣ ਵਾਲਾ ਮਰਦ ਗਹਿਣਾ ਸੀ ਜਿਸ ਨੂੰ ਗੱਭਰੂ ਅਪਣੀ ਨਿਵੇਕਲੀ ਪਹਿਚਾਣ ਪੂਰੀ ਕਰਦਾ ਸੀ ਤਾਂ ਹੀ ਸਭਿਆਚਾਰ ਗੀਤਾਂ ਦੀ ਪਹਿਚਾਣ ਬਣ ਗਿਆ।
ਕੈਂਠੇ ਵਾਲਾ ਆ ਗਿਆ ਪਰੋਣਾ ਨਹੀਂ ਮਾਂਏ ਤੇਰਾ ਕੰਮ ਨਾ ਮੁੱਕੇ।
ਪੁਰਾਣੇ ਜ਼ਮਾਨੇ ਵਿਚ ਨੌਜਵਾਨਾਂ ਨੂੰ ਸੋਨੇ ਦੀਆਂ ਚਮਕਦੀਆਂ ਤਵੀਤੀਆਂ ਪਾਉਣ ਦਾ ਬੜਾ ਸ਼ੋਕ ਸੀ ਜੋ ਮੁਟਿਆਰਾਂ ਦੇ ਖਿੱਚ ਦੇ ਕੇਂਦਰ ਦਾ ਕਾਰਨ ਬਣਦੀਆਂ ਸਨ।
ਮੁੰਡਾ ਮੋਹ ਲਿਆ ਤਵੀਤੀਆਂ ਵਾਲਾ ਦਮੜੀ ਦਾ ਸੱਕ ਮਲਕੇ।
ਨੱਤੀਆਂ: ਮੈਂ ਇਥੇ ਗੱਲ ਨੱਤੀਆਂ ਦੀ ਕਰ ਰਿਹਾ ਹਾਂ। ਨੱਤੀਆਂ ਦਾ ਪੰਜਾਬੀ ਸਭਿਆਚਾਰ ਵਿਚ ਅਹਿਮ ਰੋਲ ਰਿਹਾ ਹੈ। ਇਹ ਮਰਦਾਂ ਦੇ ਹਾਰ-ਸ਼ਿੰਗਾਰ ਦਾ ਇਕ ਅਹਿਮ ਹਿੱਸਾ ਰਿਹਾ ਹੈ। ਮਰਦਾਂ ਦੇ ਕੰਨਾਂ ਵਿਚ ਪਾਉਣ ਵਾਲਾ ਇਕ ਗਹਿਣਾ ਹੈ। ਵਿਆਹ-ਸ਼ਾਦੀਆਂ ਵਿਚ ਸਭਿਆਚਾਰ ਪ੍ਰੋਗਰਾਮ ਕਰਨ ਵਾਲਿਆਂ ਦੀ ਭੰਗੜਿਆਂ ਦੀ ਪੁਸ਼ਾਕ ਦਾ ਹੁਣ ਵੀ ਅਹਿਮ ਹਿੱਸਾ ਹੈ ਜੋ ਕਲਚਰ ਪ੍ਰੋਗਰਾਮ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਮਰਦਾਨੇ ਕੰਨ ਵਿੰਨ੍ਹ ਕੇ ਪਾਈਆਂ ਜਾਣ ਵਾਲੀਆਂ ਇਹ ਸੋਨੇ ਦੀਆਂ ਮੁਰਕੀਆਂ ਨੂੰ ਨੱਤੀਆਂ ਕਹਿੰਦੇ ਹਨ।
ਪਹਿਲੇ ਸਮੇਂ ਵਿਚ ਮਰਦਾਂ ਦਾ ਇਹ ਛੋਟਾ ਗਹਿਣਾ ਹੁੰਦਾ ਸੀ। ਕੋਈ ਚੰਗੇ ਘਰਾਂ ਦੇ ਸ਼ੋਕੀਨ ਅਮੀਰਜਾਦੇ ਗੱਭਰੂ ਹੀ ਇਸ ਨੂੰ ਪਾਉਂਦੇ ਸੀ। ਨੱਤੀਆਂ ਦਾ ਜਿਹੜਾ ਹਿੱਸਾ ਕੰਨ ਵਿਚ ਲੰਘਾਇਆ ਜਾਂਦਾ ਸੀ, ਉਹ ਤਾਰ ਦਾ ਹੁੰਦਾ ਸੀ। ਬਾਕੀ ਦਾ ਹੇਠਲਾ ਹਿੱਸਾ ਥੋੜ੍ਹੀ ਜਿਹੀ ਚੌੜੀ ਪੱਤੀ ਵਰਗਾ ਹੁੰਦਾ ਸੀ। ਨੱਤੀਆਂ ਤੇ ਕੈਂਠੇ ਵਾਲੇ ਮੁੰਡੇ ਤੇ ਆਮ ਮੁਟਿਆਰਾਂ ਫ਼ਿਦਾ ਹੋ ਜਾਂਦੀਆਂ ਸਨ। ਪੇਂਡੂ ਮੇਲੇ, ਵਿਆਹ-ਸ਼ਾਦੀਆਂ ਵਿਚ ਕੈਂਠੇ ਤੇ ਨੱਤੀਆਂ ਵਾਲੇ ਗੱਭਰੂ ਦੀ ਵਖਰੀ ਡੁੱਲ ’ਤੇ ਪਹਿਚਾਣ ਹੁੰਦੀ ਸੀ। ਮੈਨੂੰ ਯਾਦ ਹੈ ਮੇਰਾ ਦੋਸਤ ਜੋ ਪਹਿਲਵਾਨ ਸੀ ਮੇਲਿਆਂ ਵਿਚ ਬੋਰੀ ਚੁਕਦਾ ਸੀ। ਮੇਰੇ ਵਿਆਹ ਵਿਚ ਆਇਆ ਸੀ, ਨੇ ਕੰਨਾਂ ਵਿਚ ਨੱਤੀਆਂ ਪਾਈਆਂ ਸਨ। ਬਰਾਤੀਆਂ ਵਿਚ ਉਹ ਆਕਰਸ਼ਕ ਦਾ ਕੇਂਦਰ ਰਿਹਾ। ਹੁਣ ਦੀ ਨੌਜਵਾਨ ਪੀੜ੍ਹੀ ਨੱਤੀਆਂ ਨਹੀਂ ਪਾਉਂਦੀ। ਇਸ ਤੋਂ ਬਿਲਕੁਲ ਅਨਜਾਣ ਹਨ। ਪੰਜਾਬ ਦੇ ਲੋਕ ਗੀਤਾਂ ਵਿਚ ਅਕਸਰ ਮੁਟਿਆਰਾਂ ਦਾ ਜ਼ਿਕਰ ਆਉਂਦਾ ਹੈ ਜੋ ਲੋਕ ਗੀਤਾਂ ਰਾਹੀਂ ਅਪਣੇ ਹਾਵ ਭਾਵ ਅਪਣੇ ਮਾਹੀ ਨੂੰ ਬਿਆਨ ਕਰਦੀਆਂ ਹਨ।
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ,
ਮੈਨੂੰ ਕਰਵਾ ਦੇ ਗੁੱਟ ਮੁੰਡਿਆਂ,
ਨਹੀਂ ਤਾਂ ਜਾਣਗੇ ਮੁਲਾਜੇ ਟੁੱਟ ਮੁੰਡਿਆਂ।
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ
ਮੈਨੂੰ ਕਰਵਾ ਦੇ ਛੱਲਾ ਮੁੰਡਿਆਂ, ਨਹੀਂ ਤਾਂ ਰੋਂਵੇਗਾ
ਸਿਆਲਾਂ ਵਿਚ ਕੱਲਾ ਮੁੰਡਿਆਂ।
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ
ਮੈਨੂੰ ਕਰਵਾ ਦੇ ਛੱਲੇ ਮੁੰਡਿਆਂ,
ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆਂ।
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ
ਮੈਨੂੰ ਕਰਵਾ ਦੇ ਸੱਗੀ ਮੁੰਡਿਆਂ,
ਵੇ ਤੇਰੇ ਮਗਰ ਫਿਰੂਗੀ ਭੱਜੀ ਮੁੰਡਿਆਂ।
ਹੁਣ ਇਹ ਪੁਰਾਤਨ ਗਹਿਣੇ ਅਲੋਪ ਹੋ ਗਏ ਹਨ ਅਤੇ ਨਵੀਂ ਪੀੜ੍ਹੀ ਨਹੀਂ ਪਾਉਂਦੀ। ਲੋੜ ਹੈ ਅਪਣੇ ਪੁਰਾਣੇ ਸਭਿਆਚਾਰ ਵਿਰਸੇ ਨੂੰ ਸੰਭਾਲਣ ਦੀ ਜੋ ਹੌਲੀ-ਹੌਲੀ ਅਲੋਪ ਹੋ ਰਿਹਾ ਹੈ।
- ਗੁਰਮੀਤ ਸਿੰਘ ਵੇਰਕਾ