ਸਹੀ ਅਰਥਾਂ ਵਿੱਚ ਜੀਵਨ ਜਿਉਣ ਦੇ ਢੰਗ ਦੀ ਕਹਾਣੀ ਪੇਸ਼ ਕਰਦਾ ਹੈ ਨਾਟਕ
ਬਠਿੰਡਾ (ਬਹਾਦਰ ਸਿੰਘ ਸੋਨੀ /ਪੰਜ ਦਰਿਆ ਯੂਕੇ) ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ਼ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਤੇਰ੍ਹਵੇਂ ਦਿਨ ਐੰਟੌਨ ਸ਼ੈਕੋਵ ਦੀ ਕਹਾਣੀ ‘ਦ ਬੈੱਟ’ ‘ਤੇ ਅਧਾਰਿਤ ਨਾਟਕ ‘ਬਾਜ਼ੀ’ ਦਾ ਮੰਚਨ ਕੀਤਾ ਗਿਆ। ਅਵਿਨਾਸ਼ ਚੰਦਰ ਮਿਸ਼ਰਾ ਵੱਲੋਂ ਹਿੰਦੀ ‘ਚ ਰੂਪਾਂਤਰ ਕੀਤੇ ਇਸ ਨਾਟਕ ਨੂੰ ਬੈਕਸਟੇਜ ਪ੍ਰਿਆਗਰਾਜ ਅਲਹਾਬਾਦ ਉੱਤਰ ਪ੍ਰਦੇਸ਼ ਦੀ ਟੀਮ ਨੇ ਪ੍ਰਵੀਨ ਸ਼ੇਖ਼ਰ ਦੇ ਨਿਰਦੇਸ਼ਨ ਹੇਠ ਖੇਡਿਆ।ਨਾਟਕ ਮੌਤ ਦੀ ਸਜ਼ਾ ਅਤੇ ਉਮਰ ਕੈਦ ਵਿਚਕਾਰ ਦਿਲਚਸਪ ਬਿਰਤਾਂਤ, ਬਿਰਤਾਂਤ ਅਤੇ ਬਹਿਸ ਨਾਲ ਅੱਗੇ ਵਧਦਾ ਹੈ ਅਤੇ ਜੀਵਨ ਦੇ ਅਰਥਾਂ ਦੀ ਗੱਲ ਕਰਕੇ ਸਮਾਪਤ ਹੁੰਦਾ ਹੈ।ਇਸ ਕਹਾਣੀ ਦੀ ਭਾਵਨਾ ਵਿਚ ਮਨੁੱਖਤਾ ਦਾ ਤੱਤ ਏਨਾ ਡੂੰਘਾ ਹੈ ਕਿ ਲੇਖਕ ਨੇ ਅਤਿਅੰਤ ਦੁਖਦਾਈ ਸਥਿਤੀਆਂ ਵਿਚ ਵੀ ਸੂਰਜ ਦੀ ਰੌਸ਼ਨੀ ਅਤੇ ਸੁੰਦਰਤਾ ਦੇ ਸਦੀਵੀ ਗੁਣ ਨੂੰ ਦੇਖਿਆ ਹੈ। ਅਦਾਕਾਰਾਂ ਨੇ ਆਪਣੀ ਕੁਦਰਤੀ ਅਦਾਕਾਰੀ ਨਾਲ਼ ਦਰਸ਼ਕਾਂ ਨੂੰ ਕੀਲ ਲਿਆ।
ਤੇਰ੍ਹਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੇ ਇਸ ਥੀਏਟਰ ਫੈਸਟੀਵਲ ਵਿੱਚ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਸ਼੍ਰੀ ਰਾਜੇਸ਼ ਤ੍ਰਿਪਾਠੀ, ਆਈ ਏ ਐੱਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ਼ ਅਨੁਰਾਧਾ ਭਾਟੀਆ ਪ੍ਰਿੰਸੀਪਲ ਡੀ.ਏ.ਵੀ. ਸਕੂਲ ਬਠਿੰਡਾ ਅਤੇ ਸ਼੍ਰੀਮਤੀ ਰਿਤੂ ਨੰਦਾ ਪ੍ਰਿੰਸੀਪਲ ਦਸ਼ਮੇਸ਼ ਗਰਲਜ਼ ਪਬਲਿਕ ਸਕੂਲ ਬਠਿੰਡਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।
ਨਾਟਿਅਮ ਦੇ ਪੇਟਰਨ ਡਾ਼ ਕਸ਼ਿਸ਼ ਗੁਪਤਾ, ਸੁਦਰਸ਼ਨ ਗਰਗ ਅਤੇ ਡਾ. ਪੂਜਾ ਗੁਪਤਾ ਨੇ ਸਾਂਝੇ ਤੌਰ ‘ਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਰਾਜੇ਼ ਤ੍ਰਿਪਾਠੀ ਨੇ ਕਿਹਾ ਬਠਿੰਡਾ ਵਾਸੀ ਭਾਗਾਂ ਵਾਲ਼ੇ ਨੇ ਕਿ ਉਨ੍ਹਾਂ ਦੇ ਹਿੱਸੇ ਇੰਨ੍ਹਾਂ ਸ਼ਾਨਦਾਰ ਆਡੀਟੋਰੀਅਮ ਆਇਆ। ਉਨ੍ਹਾਂ ਕਿਹਾ ਕਿ ਰੰਗਮੰਚ ਅਦਾਕਾਰੀ ਦੀ ਕਲਾ ਦੀ ਬੁਨਿਆਦ ਹੈ। ਉਨ੍ਹਾਂ ਨਾਟਿਅਮ ਡਾਇਰੈਕਟਰ ਕੀਰਤੀ ਕਿਰਪਾਲ ਸਮੇਤ ਪੂਰੀ ਨਾਟਿਅਮ ਟੀਮ ਨੂੰ ਇਸ ਬੁਨਿਆਦ ਨੂੰ ਹੋਰ ਮਜ਼ਬੂਤ ਕਰਨ ਦੇ ਉਪਰਾਲਿਆਂ ਲਈ ਵਧਾਈ ਦਿੱਤੀ।
ਸ. ਕੀਰਤੀ ਕਿਰਪਾਲ ਨੇ ਆਪਣੇ ਧੰਨਵਾਦੀ ਸ਼ਬਦਾਂ ‘ਚ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਨਾਟਕਾਂ ਦੇ ਵੱਖ-ਵੱਖ ਰੰਗ ਮਾਣਨ ਵੱਡੀ ਗਿਣਤੀ ‘ਚ ਆ ਰਹੇ ਦਰਸ਼ਕਾਂ ਦੀ ਹਾਜ਼ਰੀ ‘ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਨਾਟਿਅਮ ਥੀਏਟਰ ਫੈਸਟੀਵਲ ਨੂੰ ਵਿੱਤੀ ਸਹਿਯੋਗ ਦੇਣ ਵਾਲ਼ੇ ਚਾਰਟਡ ਅਕਾਊਟੈਂਟ ਵਿਜੈ ਰਾਜ ਜਿੰਦਲ, ਸ. ਹਰਪ੍ਰੀਤ ਸਿੰਘ ਐੱਮ.ਡੀ ਚੰਡੀਗੜ੍ਹ ਮੋਟਰਜ਼, ਡਾ਼ ਆਯੂਸ਼ ਮੱਕੜ ਡਾਇਰੈਕਟਰ ਬਾਲਾਜੀ ਕੈਂਸਰ ਕੇਅਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋਫੈਸਰ ਸੰਦੀਪ ਸਿੰਘ ਨੇ ਨਿਭਾਈ।
ਇਸ ਦੌਰਾਨ ਨਾਟਿਅਮ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।