12.4 C
United Kingdom
Monday, May 20, 2024

More

    ਮੰਗਲ ਪਾਂਡੇ: ਇੱਕ ਵਿਲੱਖਣ ਯੋਧਾ

    ਸੈਂਕੜੇ ਸਾਲਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਨਾਲ ਜਕੜੇ ਹੋਏ ਭਾਰਤ ਨੂੰ ਸੰਨ ਉੱਨੀ ਸੌ ਸੰਤਾਲੀ ਨੂੰ ਆਜ਼ਾਦੀ ਮਿਲੀ। ਇਹ ਆਜ਼ਾਦੀ ਲੱਖਾਂ ਲੋਕਾਂ ਦੇ ਬਲੀਦਾਨ ਦੀ ਬਦੌਲਤ ਸੰਭਵ ਹੋ ਸਕੀ। ਇਹਨਾਂ ਮਹਾਨ ਲੋਕਾਂ ਨੇ ਆਪਣਾ ਤਨ, ਮਨ, ਧਨ ਤਿਆਗ ਕੇ ਦੇਸ਼ ਦੀ ਆਜ਼ਾਦੀ ਲਈ ਸਭ ਕੁਝ ਨਿਛਾਵਰ ਕਰ ਦਿੱਤਾ। ਇਨ੍ਹਾਂ ਦੇਸ਼ ਭਗਤਾਂ ਵਿਚ ਅਸੀਂ ਮੰਗਲ ਪਾਂਡੇ ਨੂੰ ਅੱਜ ਉਨ੍ਹਾਂ ਦੀ ਜੈਯੰਤੀ ਵੇਲੇ ਯਾਦ ਕਰਦੇ ਹਾਂ ਜਿਨ੍ਹਾਂ ਨੇ ਅਠਾਰਾਂ ਸੌ ਸਤਵੰਜਾ ਵਿਚ ਭਾਰਤ ਦੇ ਪਹਿਲੇ ਸਵਤੰਤਰਤਾ ਸੰਗਰਾਮ ਵਿੱਚ ਮੁੱਖ ਭੂਮਿਕਾ ਨਿਭਾਈ। ਉਹਨਾਂ ਦੁਆਰਾ ਲਗਾਈ ਗਈ ਚਿੰਗਾਰੀ ਸਦਕਾ ਦੇਸ਼ ਦੇ ਵਾਸੀਆਂ ਵਿੱਚ ਦੇਸ਼ ਨੂੰ ਅਜ਼ਾਦ ਕਰਾਉਣ ਦੀ ਅੱਗ ਭੜਕ ਉੱਠੀ। ਆਓ ਅੱਜ ਅਸੀਂ ਉਨ੍ਹਾਂ ਦੇ ਜੀਵਨ ਬਾਰੇ ਜਾਣਦੇ ਹਾਂ।
    ਜੀਵਨ ਬਿਰਤਾਂਤ
    ਮੰਗਲ ਪਾਂਡੇ ਦਾ ਜਨਮ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਨਗਵਾ ਪਿੰਡ ਵਿੱਚ 19 ਜੁਲਾਈ 1827 ਨੂੰ ਇੱਕ  ਬ੍ਰਾਹਮਣ ਦਿਵਾਕਰ ਪਾਂਡੇ ਦੇ ਘਰ ਹੋਇਆ। ਸੰਨ 1849 ਨੂੰ ਜਦੋਂ ਉਹਨਾਂ ਦੀ ਉਮਰ 22 ਸਾਲ ਸੀ ਬਰਤਾਨਵੀ ਈਸਟ ਇੰਡੀਆ ਕੰਪਨੀ ਦੀ ਫੌਜ ਵਿਚ ਸ਼ਾਮਲ ਹੋ ਗਏ। ਫੌਜ ਵਿਚ 34ਵੀਂ ਬੰਗਾਲ ਨੇਟਿਵ ਇਨਫੈਨਟਰੀ ਵਿਚ ਸਿਪਾਹੀ ਤੌਰ ਤੇ ਭਰਤੀ ਹੋਏ।

    ਕੰਪਨੀ ਦੇ ਸਿਪਾਹੀਆਂ ਨੂੰ ਪੈਟਰਨ ਐਨਫੀਲਡ ਬੰਦੂਕ ਦਿੱਤੀ ਗਈ ਜੋ ਕਿ 0.577 ਕੈਲੀਬਰ ਦੀ ਬੰਦੂਕ ਸੀ ਅਤੇ ਪੁਰਾਣੀ ਬੰਦੂਕ ਦੇ ਮੁਕਾਬਲੇ ਜਿਆਦਾ ਸ਼ਕਤੀਸ਼ਾਲੀ ਸੀ। ਨਵੀਂ ਬੰਦੂਕ ਵਿਚ ਨਵੀਂ ਪ੍ਰਣਾਲੀ ਦਾ ਪ੍ਰਯੋਗ ਕੀਤਾ ਗਿਆ ਸੀ ਪਰ ਬਦੂੰਕ ਵਿਚ ਗੋਲੀ ਭਰਨ ਦੀ ਪ੍ਰਕਿਰਿਆ ਪੁਰਾਣੀ ਹੀ ਸੀ। ਇਸ ਬੰਦੂਕ ਨੂੰ ਭਰਨ ਲਈ ਕਾਰਤੂਸ ਨੂੰ ਦੰਦਾਂ ਨਾਲ ਕੱਟ ਕੇ ਖੋਲ੍ਹਣਾ ਪੈਂਦਾ ਸੀ ਅਤੇ ਉਸ ਵਿਚ ਭਰੇ ਹੋਏ ਬਾਰੂਦ ਨੂੰ ਬੰਦੂਕ ਦੀ ਨਲੀ ਵਿੱਚ ਭਰਕੇ ਕਾਰਤੂਸ ਨੂੰ ਪਾਉਣਾ ਪੈਂਦਾ ਸੀ। ਕਾਰਤੂਸ ਦੇ ਬਾਹਰੀ ਹਿੱਸੇ ਵਿਚ ਚਰਬੀ ਹੁੰਦੀ ਸੀ ਅਤੇ ਸਿਪਾਹੀਆਂ ਵਿੱਚ ਇਹ ਅਫਵਾਹ ਫੈਲ ਚੁੱਕੀ ਸੀ ਕਿ ਕਾਰਤੂਸ ਵਿੱਚ ਲੱਗੀ ਹੋਈ ਚਰਬੀ ਸ਼ੂਗਰ ਅਤੇ ਗਾਂ ਦੇ ਮਾਸ ਤੋਂ ਬਣਾਈ ਜਾਂਦੀ ਹੈ।

    ਇਸ ਅਫ਼ਵਾਹ ਨੇ ਸਿਪਾਹੀਆਂ ਦੇ ਮਨ ਵਿੱਚ ਅੰਗਰੇਜ਼ੀ ਫੌਜ ਵਿਰੁੱਧ ਗੁੱਸਾ ਪੈਦਾ ਕਰ ਦਿੱਤਾ। ਜਦੋਂ 9 ਫ਼ਰਵਰੀ 1857 ਨੂੰ ਇਹ ਕਾਰਤੂਸ ਪੈਦਲ ਫੌਜ ਵਿੱਚ ਵੰਡਿਆ ਗਿਆ ਤਾਂ ਮੰਗਲ ਪਾਂਡੇ ਨੇ ਇਸ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ। ਜਦੋਂ ਅੰਗਰੇਜ਼ ਅਫਸਰ ਨੇ ਮੰਗਲ ਪਾਂਡੇ ਤੋਂ ਉਸ ਦੇ ਹਥਿਆਰ ਖੋਹਣ ਅਤੇ ਵਰਦੀ ਉਤਰਵਾਉਣ ਦਾ ਹੁਕਮ ਦਿੱਤਾ ਤਾਂ ਮੰਗਲ ਪਾਂਡੇ ਨੇ ਇਨਕਾਰ ਕਰ ਦਿੱਤਾ। ਬੰਦੂਕ ਖੋਹਣ ਵਾਲੇ ਅੰਗਰੇਜ਼ ਅਫਸਰ ਮੇਜਰ ਹਊਸਨ ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਮਾਰ ਦਿੱਤਾ। ਮੰਗਲ ਪਾਂਡੇ ਨੇ ਬੈਰਕਪੁਰ ਛਾਉਨੀ ਵਿੱਚ 29 ਮਾਰਚ 1857 ਨੂੰ ਅੰਗ੍ਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ।

    ਇਸ ਤੋਂ ਬਾਅਦ ਮੰਗਲ ਪਾਂਡੇ ਨੇ ਇਕ ਹੋਰ ਅੰਗਰੇਜ਼ ਅਧਿਕਾਰੀ ਲੈਫਟੀਨੈਂਟ ਬਾੱਬ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਅੰਗਰੇਜ ਸਿਪਾਹੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਪਰ ਸਾਰੀ ਰੈਜੀਮੈਂਟ ਨੇ ਮੰਗਲ ਪਾਂਡੇ ਨੂੰ ਗਿਰਫਤਾਰ ਕਰਨ ਤੋ ਮਨਾ ਕਰ ਦਿੱਤਾ। ਸਿਰਫ ਇੱਕ ਸਿਪਾਹੀ ਸ਼ੇਖ਼ ਪਲਟੂ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਮੰਨਿਆ। ਮੰਗਲ ਪਾਂਡੇ ਨੇ ਆਪਣੇ ਸਾਥੀਆਂ ਨੂੰ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰਨ ਲਈ ਕਿਹਾ ਪਰ ਜਦੋਂ ਕਿਸੇ ਨੇ ਵੀ ਉਹਨਾਂ ਦੀ ਗੱਲ ਨਾ ਮੰਨੀ ਤਾਂ ਉਨ੍ਹਾਂ ਨੇ ਆਪਣੀ ਬੰਦੂਕ ਨਾਲ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋਏ। ਗ੍ਰਿਫਤਾਰੀ ਤੋਂ ਬਾਅਦ 6 ਅਪ੍ਰੈਲ 1857 ਨੂੰ ਮੰਗਲ ਪਾਂਡੇ ਦਾ ਕੋਰਟ ਮਾਰਸ਼ਲ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਫੈਸਲੇ ਮੁਤਾਬਿਕ ਉਹਨਾਂ ਨੂੰ 18 ਅਪ੍ਰੈਲ 1857 ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਅੰਗਰੇਜ਼ਾਂ ਨੇ ਮੰਗਲ ਪਾਂਡੇ ਨੂੰ 10 ਦਿਨ ਪਹਿਲਾਂ ਭਾਵ 8 ਅਪ੍ਰੈਲ 1857 ਨੂੰ ਫਾਂਸੀ ਤੇ ਲਟਕਾ ਦਿੱਤਾ। ਮੰਗਲ ਪਾਂਡੇ ਦੁਆਰਾ ਵਿਦਰੋਹ ਕਰਨ ਤੋਂ ਇਕ ਮਹੀਨੇ ਬਾਅਦ 10 ਮਈ ਨੂੰ ਮੇਰਠ ਦੀ ਛਾਉਣੀ ਵਿੱਚ ਬਗ਼ਾਵਤ ਹੋਈ ਅਤੇ ਇਹ ਵਿਦਰੋਹ ਸਾਰੇ ਉਤਰ ਭਾਰਤ ਵਿੱਚ ਫੈਲ ਗਿਆ।
    ਮੰਗਲ ਪਾਂਡੇ ਦੀ ਸ਼ਹਾਦਤ ਦੀ ਖ਼ਬਰ ਫੈਲਣ ਨਾਲ ਥਾਂ-ਥਾਂ ਤੇ ਅੰਗਰੇਜ਼ਾਂ ਖ਼ਿਲਾਫ਼ ਸੰਘਰਸ਼ ਤੇਜ਼ ਹੋ ਗਿਆ। ਮੰਗਲ ਪਾਂਡੇ ਦੁਆਰਾ ਲਗਾਈ ਇਹ ਚਿੰਗਾਰੀ ਹੀ ਆਜ਼ਾਦੀ ਦੀ ਲੜਾਈ ਦਾ ਬੀਜ ਸਾਬਤ ਹੋਈ।

    ਮੰਗਲ ਪਾਂਡੇ ਦੀ ਸ਼ਹਾਦਤ ਅਤੇ ਅੰਗ੍ਰੇਜ਼ਾਂ ਵਿਰੁੱਧ ਇਸ ਲੜਾਈ ਵਿੱਚ ਉਹਨਾਂ ਦੀ ਭੂਮਿਕਾ ਦਾ ਸਨਮਾਨ ਕਰਦੇ ਹੋਏ ਭਾਰਤ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ 1887 ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ।
    12 ਅਗਸਤ 2005 ਵਿੱਚ ਨਿਰਦੇਸ਼ਕ ਕੇਤਨ ਮਹਿਤਾ ਦੁਆਰਾ ਬਣਾਈ ਗਈ ਫ਼ਿਲਮ ਜਿਸ ਦਾ ਨਾਮ ‘ਮੰਗਲ ਪਾਂਡੇ: ਦ ਰਾਈਜਿੰਗ’ ਸੀ,  ਭਾਰਤ ਦੇ ਇਸ ਮਹਾਨ ਸਪੂਤ ਨੂੰ ਸਮਰਪਿਤ ਕੀਤੀ ਗਈ ਜਿਸ ਵਿੱਚ ਆਮਿਰ ਖ਼ਾਨ, ਰਾਣੀ ਮੁਖਰਜੀ ਅਤੇ ਅਮੀਸ਼ਾ ਪਟੇਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਇਸ ਤੋਂ ਇਲਾਵਾ ਸੁਪਰੀਆ ਕਰੁਣਾਕਰਣ ਦੇ ਰਾਹੀਂ ਨਿਰਦੇਸ਼ਿਤ ਸਟੇਜ ਨਾਟਕ ‘The Roti Rebellion’  ਮੰਗਲ ਪਾਂਡੇ ਦੇ ਜੀਵਨ ਤੇ ਅਧਾਰਿਤ ਸੀ ਜਿਸ ਨੂੰ ਥੀਏਟਰ ਗਰੁੱਪ ‘ਸਪਰਸ਼’ ਨੇ ਜੂਨ 2005 ਵਿਚ ਆਂਧਰਾ ਸਾਰਸਵਤ ਪਰੀਸ਼ਦ, ਹੈਦਰਾਬਾਦ ਦੇ ‘ਦ ਮੂਵਿੰਗ ਥੀਏਟਰ’  ਵਿਖੇ ਪੇਸ਼ ਕੀਤਾ।

    ਭਾਰਤੀ ਸਰਕਾਰ ਵੱਲੋਂ ਬੈਰਕਪੁਰ ਵਿਖੇ ‘ਸ਼ਹੀਦ ਮੰਗਲ ਪਾਂਡੇ ਮਹਾ ਉਦਿਆਨ’ ਨਾਂ ਦਾ ਇੱਕ ਪਾਰਕ ਸਥਾਪਿਤ ਕੀਤਾ ਗਿਆ ਹੈ। ਇਹ ਓਹੀ ਥਾਂ ਹੈ ਜਿਥੇ ਮੰਗਲ ਪਾਂਡੇ ਨੇ ਅੰਗਰੇਜ਼ ਅਫਸਰ ਤੇ ਹਮਲਾ ਕੀਤਾ ਸੀ ਅਤੇ ਇੱਥੇ ਹੀ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ।

    ਮੰਗਲ ਪਾਂਡੇ ਦੀ ਸ਼ਹਾਦਤ ਨਾ ਸਿਰਫ ਉਸ ਦੇ ਸਾਥੀਆਂ ਬਲਕਿ ਪੂਰੇ ਭਾਰਤ ਦੇ ਵਸਨੀਕਾਂ ਲਈ ਪ੍ਰੇਰਨਾ-ਸਰੋਤ ਬਣੀ। ਅੱਜ ਉਨ੍ਹਾਂ ਦੇ ਜਨਮ ਦਿਹਾੜੇ ਦੇ ਮੌਕੇ ਤੇ ਮੈਂ ਉਨ੍ਹਾਂ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਦਿੰਦੀ ਹਾਂ ਅਤੇ ਪ੍ਰਣ ਕਰਦੀ ਹਾਂ ਕਿ ਆਪਣੇ ਦੇਸ਼ ਦੀ ਬਿਹਤਰੀ ਲਈ ਆਪਣੀ ਕਾਬਲੀਅਤ ਮੁਤਾਬਿਕ ਆਪਣਾ ਫਰਜ਼ ਨਿਭਾਵਾਂਗੀ। ਜੈ ਹਿੰਦ!!

    ਪੂਜਾ ਸ਼ਰਮਾ
    ਅੰਗਰੇਜ਼ੀ ਲੈਕਚਰਾਰ
    ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂ ਸ਼ਹਿਰ।
    ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
    9914459033

    PUNJ DARYA

    Leave a Reply

    Latest Posts

    error: Content is protected !!