10.8 C
United Kingdom
Monday, May 20, 2024

More

    ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਕਵੀ ਦਰਬਾਰ ‘ਚ ਪ੍ਰੋ: ਗੁਰਭਜਨ ਗਿੱਲ ਦੀ ਆਮਦ ਯਾਦਗਾਰ ਬਣੀ

    ਨਵੀਂ ਪਨੀਰੀ ਅਤੇ ਭਾਈਚਾਰੇ ਦੇ ਤਾਲਮੇਲ ਲਈ “ਪੰਜਾਬ ਭਵਨ“ ਉਸਾਰਨ ਦਾ ਸੱਦਾ

    ਅਮਨਦੀਪ ਸਿੰਘ ਅਮਨ ਦੀ ਪੁਸਤਕ ‘ਕੁਦਰਤ’ ਵੀ ਕੀਤੀ ਲੋਕ ਅਰਪਣ

    ਲੰਡਨ /ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) “ਵਿਦੇਸ਼ਾਂ ਵਿੱਚ ਜੰਮੇ ਪੰਜਾਬੀ ਮੂਲ ਦੇ ਬੱਚੇ ਸਾਡਾ ਭਵਿੱਖ ਹਨ, ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣਾ ਕਿਹੋ ਜਿਹਾ ਭਵਿੱਖ ਦੇਖਣਾ ਪਸੰਦ ਕਰਦੇ ਹਾਂ। ਸਾਹਿਤਕ ਜਾਂ ਭਾਈਚਾਰੇ ਦੇ ਹੋਰਨਾਂ ਸਮਾਗਮਾਂ ਵਿੱਚ ਬੱਚਿਆਂ ਦੀ ਭਾਗੀਦਾਰੀ ਉਹਨਾਂ ਅੰਦਰ ਉਤਸ਼ਾਹ ਤਾਂ ਭਰਦੀ ਹੀ ਹੈ, ਸਗੋਂ ਭਾਈਚਾਰੇ ਦੀ ਅਗਵਾਈ ਕਰਨ ਵਾਲੇ ਜਾਗਰੂਕ ਸਿਰ ਵੀ ਨਿੱਕੀ ਜਿਹੀ ਕੋਸ਼ਿਸ਼ ਨਾਲ ਤਿਆਰ ਹੋ ਰਹੇ ਹੁੰਦੇ ਹਨ। ਜ਼ਰੂਰੀ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਜ਼ਿਮੇਵਾਰ ਨਾਗਰਿਕ ਬਨਾਉਣ ਲਈ ਭਾਈਚਾਰੇ ਵੱਲੋਂ ਵੀ ਸਾਂਝੇ ਯਤਨ ਇੱਕਜੁਟਤਾ ਨਾਲ ਕੀਤੇ ਜਾਣ।“ ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਲੋਕ ਵਿਰਾਸਤ ਅਕਾਦਮੀ ਇੰਟਰਨੈਸ਼ਨਲ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸਕਾਟਲੈਂਡ ਦੀ ਵੱਕਾਰੀ ਸਾਹਿਤ ਸੰਸਥਾ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਕਰਵਾਏ ਸਾਲਾਨਾ ਕਵੀ ਦਰਬਾਰ ਦੌਰਾਨ ਕੀਤਾ। ਵਿਸ਼ੇਸ਼ ਮਹਿਮਾਨ ਕਵੀ ਤੇ ਬੁਲਾਰੇ ਵਜੋਂ ਉਹਨਾਂ ਜਿੱਥੇ ਸਾਹਿਤਕ ਸਭਾਵਾਂ ਨੂੰ ਆਪਣੇ ਕੀਤੇ ਜਾ ਰਹੇ ਕਾਰਜਾਂ ਨੂੰ ਲਿਖਤੀ ਰੂਪ ਵਿੱਚ ਦਸਤਾਵੇਜ਼ ਵਜੋਂ ਸਾਂਭਦੇ ਰਹਿਣ ਦੀ ਤਾਕੀਦ ਵੀ ਕੀਤੀ ਤਾਂ ਜੋ ਆਉਣ ਵਾਲੀਆਂ ਨਸਲਾਂ ਲਈ ਸਾਡੇ ਕੀਤੇ ਚੰਗੇ ਕੰਮਾਂ ਦੀ ਮੁਕੰਮਲ ਜਾਣਕਾਰੀ ਉਪਲਬਧ ਪਈ ਹੋਵੇ। ਨਾਲ ਹੀ ਉਹਨਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਚਿੰਤਤ ਰਹਿੰਦੀਆਂ ਧਿਰਾਂ ਨੂੰ ਬੇਨਤੀ ਕੀਤੀ ਕਿ ਉਹ ਕੈਨੇਡਾ ਦੇ ਪੰਜਾਬ ਭਵਨ ਦੀ ਤਰਜ਼ ‘ਤੇ ਸਕਾਟਲੈਂਡ ਵਿੱਚ ਵੀ ਪੰਜਾਬ ਭਵਨ ਦੀ ਸਥਾਪਨਾ ਕਰਕੇ ਆਪਣੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਸਮੇਤ ਸਮੁੱਚੇ ਭਾਈਚਾਰੇ ਲਈ ਅਜਿਹਾ ਸਥਾਨ ਮੁਹੱਈਆ ਕਰਵਾਉਣ ਜਿੱਥੇ ਉਹ ਬੰਦਿਸ਼ਾਂ ਤੋਂ ਮੁਕਤ ਹੋ ਕੇ ਆਪਣੇ ਦਿਲ ਦੇ ਵਲਵਲੇ ਸਾਂਝੇ ਕਰ ਸਕਣ। ਉਹਨਾਂ ਯਕੀਨ ਦੁਆਇਆ ਕਿ ਜੇਕਰ ਇਸ ਵਿਲੱਖਣ ਕਾਰਜ ਲਈ ਭਾਈਚਾਰੇ ਦੀਆਂ ਹਸਤੀਆਂ ਇੱਕ ਕਦਮ ਵੀ ਅੱਗੇ ਵਧਾਉਂਦੀਆਂ ਹਨ ਤਾਂ ਉਹ ਪੰਜਾਬ ਬੈਠੇ ਵੀ ਆਪਣਾ ਪਲ ਪਲ ਉਹਨਾਂ ਨੂੰ ਅਰਪਣ ਕਰਨ ਲਈ ਵਚਨਬੱਧ ਹੋਣਗੇ।

    ਉਹਨਾਂ ਵਿਦੇਸ਼ਾਂ ਵਿੱਚ ਸ਼ਿਰਕਤ ਕਰਨ ਆਉਂਦੇ ਕਵੀਜਨਾਂ ਵਿੱਚੋਂ ਪਹਿਲ ਕਰਕੇ ਨਵੀਂ ਪਿਰਤ ਪਾਉਂਦਿਆਂ ਐਲਾਨ ਕੀਤਾ ਕਿ ਪੰਜਾਬੀ ਸਾਹਿਤ ਸਭਾ ਗਲਾਸਗੋ ਉਹਨਾਂ ਦੀ ਕਿਸੇ ਵੀ ਪੁਸਤਕ ਦੇ ਕਾਪੀਰਾਈਟ ਲੈ ਕੇ ਇੱਕ ਸੰਸਕਰਣ ਖੁਦ ਛਾਪ ਕੇ ਵੰਡ ਵੇਚ ਸਕਦੇ ਹਨ। ਉਹਨਾਂ ਹੋਰਨਾਂ ਸਭਾਵਾਂ ਨੂੰ ਵੀ ਬੇਨਤੀ ਕੀਤੀ ਕਿ ਜੇਕਰ ਉਹ ਕਿਸੇ ਸਾਹਿਤਕਾਰ ਨੂੰ ਆਪਣੇ ਖਰਚ ‘ਤੇ ਵਿਦੇਸ਼ ‘ਚ ਬੁਲਾਉਂਦੇ ਹਨ ਤਾਂ ਇਸ ਸ਼ਰਤ ਦਾ ਚੇਤਾ ਜ਼ਰੂਰ ਕਰਵਾਇਆ ਜਾਵੇ। ਇਸ ਸਮੇਂ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਆਪਣੀਆਂ ਸ਼ਾਹਕਾਰ ਰਚਨਾਵਾਂ ਦੇ ਪਾਠ ਅਤੇ ਬੇਸ਼ਕੀਮਤੀ ਮੋਹਮੱਤੀਆਂ ਗੱਲਾਂ ਨਾਲ ਹਾਜਰੀਨ ਨੂੰ ਸਾਹ ਕੇ ਬੈਠੇ ਰਹਿਣ ਲਈ ਮਜ਼ਬੂਰ ਕਰੀ ਰੱਖਿਆ। ਸਮਾਗਮ ਦੇ ਦੂਜੇ ਦੌਰ ਵਿੱਚ ਜਿੱਥੇ ਇਸ ਸਮੇਂ ਸ਼ਾਇਰ ਅਮਨਦੀਪ ਸਿੰਘ ਅਮਨ ਦੀ ਕਾਵਿ-ਪੁਸਤਕ “ਕੁਦਰਤ“ ਲੋਕ ਅਰਪਣ ਕੀਤੀ ਗਈ ਉੱਥੇ ਇੰਗਲੈਂਡ ‘ਚ ਜੰਮੇ ਬੱਚਿਆਂ ਮਨਬੀਰ ਕੌਰ, ਹਿੰਮਤ ਖੁਰਮੀ ਤੇ ਕੀਰਤ ਖੁਰਮੀ ਦੇ ਨਾਲ ਨਾਲ ਉਰਦੂ ਤੇ ਪੰਜਾਬੀ ਸ਼ਾਇਰ ਸਲੀਮ ਰਜ਼ਾ, ਇਸ਼ਤਿਆਕ ਅਹਿਮਦ, ਅਮਨਦੀਪ ਸਿੰਘ ਅਮਨ, ਸ਼ਾਇਰਾ ਰਾਹਤ ਜੀ, ਸ੍ਰੀਮਤੀ ਜਤਿੰਦਰ ਸੰਧੂ, ਫਰਹਾ, ਇਮਤਿਆਜ਼ ਗੌਹਰ, ਹਰਜੀਤ ਦੁਸਾਂਝ, ਮਨਦੀਪ ਖੁਰਮੀ ਹਿੰਮਤਪੁਰਾ, ਨਾਹਰ, ਸੁੱਖੀ ਦੁਸਾਂਝ ਆਦਿ ਨੇ ਆਪਣੀਆਂ ਰਚਨਾਵਾਂ ਰਾਂਹੀਂ ਸਮਾਗਮ ਨੂੰ ਚਾਰ ਚੰਨ ਲਾਏ। ਪ੍ਰੋ: ਗੁਰਭਜਨ ਸਿੰਘ ਗਿੱਲ ਵੱਲੋਂ ਆਪਣੇ ਪੁਰਖਿਆਂ ਦੀਆਂ ਪਾਕਿਸਤਾਨ ਤੋਂ ਭਾਰਤ ਵੱਲ ਆ ਵਸਣ ਦੀਆਂ ਯਾਦਾਂ ਨੂੰ ਕਾਵਿਮਈ ਲਹਿਜ਼ੇ ‘ਚ ਬਿਆਨ ਕੀਤਾ ਤਾਂ ਹਾਜ਼ਰੀਨ ਦੀਆਂ ਅੱਖਾਂ ਨਮ ਹੋ ਗਈਆਂ।

    ਇਸ ਸਮੇਂ ਸਰਵ ਸ੍ਰੀ ਦਿਲਾਵਰ ਸਿੰਘ (ਐੱਮ ਬੀ ਈ), ਦਲਜੀਤ ਸਿੰਘ ਦਿਲਬਰ, ਤਰਲੋਚਨ ਮੁਠੱਡਾ, ਲਭਾਇਆ ਸਿੰਘ ਮਹਿਮੀ, ਸੁਰਜੀਤ ਸਿੰਘ ਚੌਧਰੀ, ਜਗਦੀਸ਼ ਸਿੰਘ, ਸਰਜਿੰਦਰ ਸਿੰਘ, ਚਰਨਜੀਤ ਸਿੰਘ ਸੰਘਾ, ਕਮਲਜੀਤ ਸਿੰਘ ਸੋਢੀ ਬਾਗੜੀ, ਸੁਖਦੇਵ ਰਾਹੀ, ਡਾ: ਇੰਦਰਜੀਤ ਸਿੰਘ, ਅਮਰ ਮੀਨੀਆ, ਕਰਮਜੀਤ ਭੱਲਾ, ਕਮਲਜੀਤ ਭੁੱਲਰ, ਅਮਿਤ ਮੁਠੱਡਾ, ਸੁਖਰਾਜ ਢਿੱਲੋਂ, ਕਮਲਜੀਤ ਕੌਰ ਮਿਨਹਾਸ, ਸ੍ਰੀਮਤੀ ਦਲਜੀਤ ਦਿਲਬਰ, ਅੰਮ੍ਰਿਤ ਕੌਰ, ਨਿਰਮਲ ਕੌਰ ਗਿੱਲ, ਨੀਲਮ ਖੁਰਮੀ, ਕਿਰਨ ਪ੍ਰਕਾਸ਼, ਕਵਲਦੀਪ ਸਿੰਘ, ਹਰਪਾਲ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਚੜ•ਦੇ ਤੇ ਲਹਿੰਦੇ ਪੰਜਾਬ ਦੇ ਅਦੀਬਾਂ ਨੇ ਹਾਜ਼ਰੀ ਭਰੀ। ਸਮੁੱਚੇ ਸਮਾਗਮ ਦੇ ਮੰਚ ਸੰਚਾਲਕ ਦੇ ਫ਼ਰਜ਼ ਦਲਜੀਤ ਸਿੰਘ ਦਿਲਬਰ ਨੇ ਸ਼ਾਇਰਾਨਾ ਅੰਦਾਜ਼ ‘ਚ ਨਿਭਾਏ।

    PUNJ DARYA

    Leave a Reply

    Latest Posts

    error: Content is protected !!