
ਕਿਸੇ ਵੀ ਬੱਚੇ ਦਾ ਮੁਢਲਾ ਸਕੂਲ ਉਸਦਾ ਘਰ ਹੁੰਦਾ ਹੈ ਤੇ ਮਾਂ-ਪਿਓ ਅਧਿਆਪਕ। ਬਚਪਨ ਵਿੱਚ ਮਿਲੇ ਸੰਸਕਾਰ ਆਖਰੀ ਸਾਹ ਤੱਕ ਨਾਲ ਰਹਿੰਦੇ ਹਨ। ਘਰ ਦੇ ਮਾਹੌਲ ਨੂੰ ਬੱਚੇ ਦੇ ਅਨੁਕੂਲ ਬਣਾਉਣ ‘ਚ ਮਾਂ ਦੀ ਬੜੀ ਅਹਿਮ ਭੂਮਿਕਾ ਵੀ ਹੁੰਦੀ ਹੈ। ਪਰਿਵਾਰ ਅਤੇ ਆਂਢ-ਗੁਆਂਢ ਤੋਂ ਵੀ ਬੱਚਾ ਚੰਗੀ ਜੀਵਨ-ਜਾਚ, ਸਲੀਕਾ, ਮਿੱਠੀ ਬੋਲੀ, ਛੋਟੇ-ਵੱਡੇ ਨੂੰ ਬਣਦਾ ਪਿਆਰ, ਸਤਿਕਾਰ ਦੇਣਾ, ਸੇਵਾ ਭਾਵਨਾ ਅਤੇ ਨੈਤਿਕਤਾ ਆਦਿ ਗੁਣ ਸਿੱਖਦਾ ਹੈ। ਪਰਿਵਾਰਕ ਮਾਹੌਲ ਵਿਚੋਂ ਗੁਣ ਹਾਸਲ ਕਰਕੇ ਹੀ ਬੱਚਾ ਆਪਣੀ ਚੰਗੀ ਸ਼ਖ਼ਸੀਅਤ ਦਾ ਨਿਰਮਾਣ ਕਰਦਾ ਹੈ। ਭਲੇ ਸਮੇਂ ਸਨ, ਸਾਂਝੇ ਪਰਿਵਾਰ ਸਨ। ਘਰ ਦੇ ਬਜ਼ੁਰਗ ਘਰ ਦੀ ਆਨ ਤੇ ਸ਼ਾਨ ਹੁੰਦੇ ਸਨ। ਘਰੇਲੂ ਕਲੇਸ਼ ਦੀ ਵੀ ਬਹੁਤ ਘੱਟ ਸੰਭਾਵਨਾ ਹੁੰਦੀ ਸੀ, ਕਿਉਂਕਿ ਬਾਪੂ ਦੇ ਖੂੰਡੇ ਦਾ ਡਰ ਘਰ ਦਾ ਹਰ ਜੀਅ ਮੰਨਦਾ ਸੀ।
ਦਾਦਾ- ਦਾਦੀ ਕੀ ਕਰਨ??
ਦਾਦਾ-ਦਾਦੀ ਬੱਚਿਆਂ ਨੂੰ ਬੜੀ ਸਹਿਜ ਤੇ ਸਰਲ ਭਾਸ਼ਾ ਵਿਚ ਧਾਰਮਿਕ, ਸੂਰਬੀਰ ਯੋਧਿਆਂ ਦੀਆਂ ਬਹਾਦਰੀ ਅਤੇ ਨੈਤਿਕਤਾ ਦੀਆਂ ਕਹਾਣੀਆਂ ਬਾਤਾਂ ਰਾਹੀਂ ਸੁਣਾ ਕੇ ਉਨ੍ਹਾਂ ਨੂੰ ਗ਼ੈਰ ਰਸਮੀ ਸਿੱਖਿਆ ਦਿੰਦੇ ਸਨ। ਮਾਪੇ ਬੱਚੇ ਦੇ ਆਦਰਸ਼ ਮਾਡਲ ਹੁੰਦੇ ਹਨ। ਉਨ੍ਹਾਂ ਵਲੋਂ ਮਿਲੀ ਯੋਗ ਅਗਵਾਈ ਬੱਚੇ ਬਾਹਰੀ ਸਮਾਜ, ਦੋਸਤਾਂ ਅਤੇ ਹੋਰ ਲੋਕਾਂ ਦੇ ਸੰਪਰਕ ਵਿਚ ਆਉਣ ਕਰਕੇ ਮਿਲੀਆਂ ਮਾੜੀਆਂ ਆਦਤਾਂ ਤੋਂ ਬਚਾਉਂਦੀ ਹੈ। ਮਾਪਿਆਂ ਦੀ ਹਰ ਸੰਭਵ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਬੱਚਾ ਨਿਰਾਰਥਕ ਗੱਲਾਂ ਨੂੰ ਨਾ ਅਪਣਾਵੇ। ਉਹ ਬੱਚੇ ਦੇ ਮਨ ਮਸਤਕ ਵਿਚ ਜ਼ਿੰਦਗੀ ਦੀਆਂ ਚੰਗੀਆਂ ਕਦਰਾਂ-ਕੀਮਤਾਂ ਦਾ ਸੰਚਾਰ ਕਰਨ।
ਨਸ਼ੇ ਦਾ ਬੱਚਿਆਂ ‘ਤੇ ਪ੍ਰਭਾਵ-
ਪਰਿਵਾਰ ਦਾ ਕੋਈ ਜੀਅ ਜੇ ਸ਼ਰਾਬ ਜਾਂ ਕੋਈ ਹੋਰ ਨਸ਼ਾ ਕਰਦਾ ਹੈ ਤਾਂ ਇਸ ਦਾ ਮਾਰੂ ਪ੍ਰਭਾਵ ਪਰਿਵਾਰ ਤੋਂ ਜ਼ਿਆਦਾ ਬੱਚੇ ਦੀ ਮਾਨਸਿਕਤਾ ‘ਤੇ ਪਵੇਗਾ, ਕਿਉਂਕਿ ਨਸ਼ੇ ਕਰਕੇ ਘਰ ਵਿਚ ਨਿੱਤ ਦਾ ਕਲੇਸ਼, ਗਾਲ੍ਹ ਮੰਦਾ ਤੇ ਕੁੱਟਮਾਰ ਹੁੰਦੀ ਹੈ, ਜਿਸ ਦਾ ਬੁਰਾ ਅਸਰ ਬੱਚੇ ‘ਤੇ ਪੈਣਾ ਯਕੀਨੀ ਹੈ। ਇਸ ਦੇ ਫਲਸਰੂਪ ਉਹ ਕੋਈ ਅਣਸੁਖਾਵੀਂ ਗ਼ਲਤ ਦਿਸ਼ਾ ਅਖ਼ਤਿਆਰ ਕਰ ਸਕਦਾ ਹੈ। ਆਲੇ-ਦੁਆਲੇ ਦੇ ਅਜੋਕੇ ਗੰਧਲੇ ਹੋ ਚੁੱਕੇ ਮਾਹੌਲ ਦਾ ਮਾਰੂ ਪ੍ਰਭਾਵ ਸਕੂਲ ਜਾਂਦੇ ਬੱਚਿਆਂ ‘ਤੇ ਵੀ ਪੈਣ ਦਾ ਡਰ ਅਕਸਰ ਮਾਪਿਆਂ ਨੂੰ ਸਤਾਉਂਦਾ ਹੈ ਕਿ ਉਹ ਕਿਧਰੇ ਥਿੜਕ ਨਾ ਜਾਣ। ਇਸ ਹਾਲਤ ਵਿਚ ਮਾਪੇ ਬੱਚੇ ‘ਤੇ ਬਾਜ ਨਜ਼ਰ ਰੱਖਣ।
ਕੀ ਕੀਤਾ ਜਾਵੇ??
ਜੇ ਕਰ ਕੋਈ ਅਜਿਹੀ ਸਮੱਸਿਆ ਧਿਆਨ ਵਿਚ ਆਉਂਦੀ ਹੈ ਅਤੇ ਬੱਚੇ ਦੀਆਂ ਆਦਤਾਂ ਤੇ ਸੁਭਾਅ ਵਿਚ ਕੋਈ ਤਬਦੀਲੀ ਵੇਖਣ ਨੂੰ ਮਿਲਦੀ ਹੈ ਤਾਂ ਬੱਚਿਆਂ ਨੂੰ ਵਿਸ਼ਵਾਸ ਵਿਚ ਲੈ ਕੇ ਸੁਖਾਵੇਂ ਮਾਹੌਲ ਵਿਚ ਇਨ੍ਹਾਂ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਪਰਿਵਾਰਕ ਮਾਹੌਲ ਵਿਚ ਅਪਣੱਤ ਪੈਦਾ ਹੋਵੇਗੀ, ਜਿਸ ਦਾ ਬੱਚੇ ਉੱਤੇ ਚੰਗਾ ਪ੍ਰਭਾਵ ਪਵੇਗਾ। ਪਰਿਵਾਰਕ ਮਾਹੌਲ ਦੀ ਸਿਰਜਣਾ ਇਸ ਤਰ੍ਹਾਂ ਕੀਤੀ ਜਾਵੇ ਕਿ ਬੱਚੇ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਹੋਵੇ ਅਤੇ ਉਸ ਨੂੰ ਅਹਿਸਾਸ ਕਰਵਾਇਆ ਜਾਵੇ ਕਿ ਉਨ੍ਹਾਂ ਦੇ ਅਧਿਕਾਰ ਬਰਾਬਰ ਹਨ। ਇਸ ਤਰ੍ਹਾਂ ਘਰ ਦਾ ਸੁਖਾਵਾਂ ਮਾਹੌਲ ਬੱਚੇ ਦੀ ਸ਼ਖ਼ਸੀਅਤ ਨੂੰ ਨਿਖਾਰੇਗਾ ਅਤੇ ਬੱਚਿਆਂ ‘ਤੇ ਘਰੇਲੂ ਕਲੇਸ਼ ਦਾ ਬੁਰਾ ਪ੍ਰਭਾਵ ਨਹੀਂ ਪਵੇਗਾ।